
ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਦੇ 75 ਸਾਲ ਪੂਰੇ ਹੋਣ ‘ਤੇ 19-20 ਮਾਰਚ 2026 ਨੂੰ ਪਲੈਟੀਨਮ ਜੁਬਲੀ ਮਨਾਈ ਗਈ। ਪ੍ਰੋਗਰਾਮ ਦੇ ਪਹਿਲੇ ਦਿਨ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਦੂਜਾ ਦਿਨ ਸਭਿਆਚਾਰਕ, ਰੂਬਰੂ ਪ੍ਰੋਗਰਾਮ ਅਤੇ ਨਾਟਕੀ-ਮੰਚਨ ਸੰਬੰਧੀ ਗਤੀਵਿਧੀਆਂ ਨੂੰ ਸਮਰਪਿਤ ਰਿਹਾ। ਇਸ ਦਿਨ ਮੁੱਖ-ਮਹਿਮਾਨ ਵਜੋਂ ਸ੍ਰ. ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼-ਮਹਿਮਾਨ ਵਜੋਂ ਨਵਜੋਤ ਕੌਰ ਚੇਅਰਮੈਨ, (ਪੇਡਾ) ਪੰਜਾਬ ਸਰਕਾਰ, ਕੰਵਰਦੀਪ ਸਿੰਘ ਚੇਅਰਮੈਨ, ਬਾਲ ਅਧਿਕਾਰ ਕਮਿਸ਼ਨ ਪੰਜਾਬ, ਡਾ. ਮਨਜਿੰਦਰ ਸਿੰਘ ਪ੍ਰੋਫ਼ੈਸਰ ਤੇ ਮੁਖੀ, ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾ. ਹਰਬੰਸ ਸਿੰਘ ਬੋਲੀਨਾ ਸਾਬਕਾ ਪ੍ਰੋਫ਼ੈਸਰ, ਡਾ. ਬਲਜੀਤ ਕੌਰ ਰਿਆੜ ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸ਼ਾਮਿਲ ਹੋਏ ਜਿਨ੍ਹਾਂ ਨੂੰ ਕਾਲਜ ਦੇ ਐਨ.ਸੀ.ਸੀ, ਕੈਡਿਟਾਂ ਵਲੋਂ ‘ਗਾਰਡ ਆਫ਼ ਆਨਰ’ ਦਿੱਤਾ ਗਿਆ। ਪ੍ਰੋਗਰਾਮ ਦੇ ਅਰੰਭ ਵਿਚ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਜੀ ਸਵਾਗਤੀ ਸ਼ਬਦਾਂ ਨਾਲ ਸਭ ਦੇ ਮੁਖ਼ਾਤਿਬ ਹੋਏ। ਜਿਥੇ ਉਹਨਾਂ ਨੇ ਸਭ ਨੂੰ ਨਿੱਘੇ ਸ਼ਬਦਾਂ ਨਾਲ ਖ਼ੁਸ਼-ਆਮਦੀਦ ਕਿਹਾ ਉਥੇ ਉਹਨਾਂ ਨੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਨੂੰ ਕਾਲਜ ਦਾ ਮਾਣ ਦੱਸਿਆ ਅਤੇ ਕਿਹਾ ਕਿ ਇਹ ਵਿਭਾਗ ਉਹ ਖਾਨ ਹੈ ਜਿਥੋਂ ਪੰਜਾਬੀ ਜਗਤ ਨਾਲ ਸੰਬੰਧਿਤ ਵੱਖ-ਵੱਖ ਖੇਤਰਾਂ ਵਿਚ ਮਹਾਨ ਸ਼ਖ਼ਸੀਅਤਾਂ ਪੈਦਾ ਹੋਈਆਂ ਹਨ। ਮਾਣਯੋਗ ਪ੍ਰਿੰਸੀਪਲ ਡ. ਰਛਪਾਲ ਸਿੰਘ ਸੰਧੂ ਨੇ ਵੀ ਆਏ ਹੋਏ ਸਮੂਹ ਮਹਿਮਾਨਾਂ, ਅਧਿਆਪਕਾਂ, ਅਤੇ ਵਿਦਿਆਰਥੀਆਂ ਨੂੰ ਰਸਮੀ ਤੌਰ ‘ਤੇ ਜੀ ਆਇਆਂ ਕਿਹਾ ਅਤੇ ਦੱਸਿਆ ਕਿ ਸੰਨ 1950 ਵਿਚ ਐਮ.ਏ. ਪੰਜਾਬੀ ਦੀਆਂ ਕਲਾਸਾ ਦੀ ਸ਼ੁਰੂਆਤ ਕਰਨ ਕਰਕੇ ਇਹ ਵਿਭਾਗ ਮੋਹਰੀ ਵਿਭਾਗਾਂ ਵਿਚੋਂ ਹੈ। ਉਹਨਾਂ ਬੋਲਦਿਆਂ ਕਿਹਾ ਕਿ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਨਾਲ ਸੰਬੰਧਿਤ ਸ਼ਖ਼ਸੀਅਤਾਂ ਨੇ ਪੰਜਾਬੀ ਭਾਸ਼ਾ ਅਤੇ ਸਾਹਿਤਕ ਖੇਤਰ ਵਿਚ ਵਿਸ਼ੇਸ਼ ਮੁਕਾਮ ਹਾਸਲ ਕਰਕੇ ਲਾਇਲਪੁਰ ਖ਼ਾਲਸਾ ਕਾਲਜ ਦਾ ਦੁਨੀਆ ਪੱਧਰ ‘ਤੇ ਨਾਮ ਬਣਾਉਣ ਲਈ ਆਪਣਾ ਅਹਿਮ ਯੋਗਦਾਨ ਪਾਇਆ ਹੈ। ਉਹਨਾਂ ਨੇ ਵਿਭਾਗ ਦੇ ਇਸ ਮਾਣਮੱਤੇ ਸਫ਼ਰ ਲਈ ਸਭ ਨੂੰ ਵਧਾਈ ਅਤੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ। ਮੁਖ-ਮਹਿਮਾਨ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅਜੋਕੇ ਦੌਰ ‘ਚ ਮਾਤ-ਭਾਸ਼ਾ ਪੰਜਾਬੀ ਦੇ ਵਿਕਾਸ ਲਈ ਸਾਨੂੰ ਸਭ ਨੂੰ ਉਪਰਾਲੇ ਕਰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਵਿਭਾਗ ਨੇ ਸੰਨ 1950 ਤੋਂ ਹੁਣ ਤਕ ਪੌਣੀ ਸਦੀ ਦਾ ਸਫ਼ਰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਸਮਰਪਿਤ ਕੀਤਾ ਹੈ। ਉਹਨਾਂ ਇਹ ਵੀ ਕਿਹਾ ਕਿ ਪੰਜਾਬੀ ਦੇ ਉਹ ਵਿਦਵਾਨ ਅਧਿਆਪਕ, ਸਾਹਿਤਕਾਰ ਅਤੇ ਕਲਾਕਾਰ ਇਸ ਵਿਭਾਗ ਦਾ ਹਿੱਸਾ ਹਨ ਜਿਨ੍ਹਾਂ ਨੂੰ ਦੁਨੀਆ ਜਾਣਦੀ ਹੈ। ਉਹਨਾਂ ਨੇ ਇਸ ਵਿਭਾਗ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਪਲੈਟੀਨਮ ਜੁਬਲੀ ਸਮਾਰੋਹ ਵਿਚ ਸ਼ਾਮਿਲ ਹੋਣ ਨੂੰ ਆਪਣਾ ਸੁਭਾਗ ਸਮਝਿਆ। ਇਸ ਤੋਂ ਇਲਾਵਾ ਚੇਅਰਮੈਨ ਨਵਜੋਤ ਕੌਰ, ਚੇਅਰਮੈਨ ਸ੍ਰ. ਕੰਵਰਦੀਪ ਸਿੰਘ ਵਿਰਦੀ ਅਤੇ ਡਾ. ਮਨਜਿੰਦਰ ਸਿੰਘ ਨੇ ਵੀ ਇਸ ਪਲੈਟੀਨਮ ਜੁਬਲੀ ਮੌਕੇ ਖ਼ੁਸ਼ੀ ਜ਼ਾਹਰ ਕਰਦਿਆਂ ਵਧਾਈ ਅਤੇ ਸ਼ੁੱਭ-ਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਡਾ. ਸੰਧੂ ਅਤੇ ਵਿਭਾਗ ਦੇ ਮੁਖੀ ਡਾ. ਹਰਜਿੰਦਰ ਸਿੰਘ ਸੇਖੋਂ ਵਲੋਂ ਆਏ ਹੋਏ ਮਹਿਮਾਨਾਂ ਨੂੰ ਫ਼ੁੱਲਾਂ ਦੇ ਗ਼ੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪ੍ਰੋਗਾਰਮ ਦੇ ਇਸ ਦੂਜੇ ਦਿਨ ਕਾਲਜ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਪੇਸ਼ਕਾਰੀਆਂ ਕੀਤੀਆਂ ਗਈਆਂ ਜਿਨ੍ਹਾਂ ਵਿਚ ਸਮਾਜਕ ਮਾਮਲਿਆਂ ਨਾਲ ਸੰਬੰਧਿਤ ‘ਨੁੱਕੜ ਨਾਟਕ’ ਪੇਸ਼ ਕੀਤਾ ਗਿਆ। ‘ਭੰਡਾਂ ਦੀਆਂ ਨਕਲਾਂ’ ਦੀ ਪੇਸ਼ਕਾਰੀ ਨਾਲ ਸਾਰਾ ਮਾਹੌਲ ਹਾਸੇ ਅਤੇ ਖ਼ੁਸ਼ੀ ਨਾਲ ਭਰ ਗਿਆ। ਵਿਦਿਆਰਥੀ ਕਲਾਕਾਰਾਂ ਨੇ ਲੋਕ-ਗੀਤਾਂ ਦੀ ਪੇਸ਼ਕਾਰੀ ਨਾਲ ਜਿਥੇ ਸਾਰੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ ਉਥੇ ਲੋਕ-ਨਾਚ ਗਿੱਧੇ ਨਾਲ ਸਾਰਾ ਹਾਲ ਨੱਚ ਉੱਠਿਆ।ਪ੍ਰੋਗਰਾਮ ਦੇ ਅਖੀਰ ਵਿਚ ‘ਪੰਜਾਬ ਕਲਾ-ਪ੍ਰੀਸ਼ਦ ਚੰਡੀਗੜ੍ਹ’ ਦੇ ਵਿਸ਼ੇਸ਼ ਸਹਿਯੋਗ ਨਾਲ ਨਰਿੰਦਰ ਸਾਂਘੀ ਵਲੋਂ ਨਿਰਦੇਸ਼ਤ ਨਾਟਕ ‘ਟਿਕਟਾਂ ਦੋ ਲੈ ਲਈਂ’ ਦਾ ਨਾਟਕ-ਮੰਚਨ ਕਰਵਾਇਆ ਗਿਆ ਜਿਸ ਵਿਚ ਫ਼ਿਲਮੀ ਅਦਾਕਾਰ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਨੇ ਆਪਣੀ ਅਦਾਕਾਰੀ ਨਾਲ ਸਭ ਨੂੰ ਕੀਲ ਲਿਆ। ਵਿਰਾਸਤੀ-ਪਿੰਡ ਅਤੇ ਪੁਸਤਕ-ਪ੍ਰਦਰਸ਼ਨੀ ਦੋਵੇਂ ਦਿਨ ਲਗਾਈ ਗਈ ਜਿਸ ਵਿਚ 12 ਦੇ ਕਰੀਬ ਪਬਲਿਸ਼ਰਾਂ ਨੇ ਸ਼ਿਰਕਤ ਕੀਤੀ। ਅੰਤ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਜਿੰਦਰ ਸਿੰਘ ਸੇਖੋਂ ਨੇ ਆਏ ਹੋਏ ਸਮੂਹ ਮਹਿਮਾਨਾਂ, ਅਧਿਆਪਕਾਂ, ਮੀਡੀਆ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।ਇਸ ਪ੍ਰੋਗਰਾਮ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਸੰਬੰਧਿਤ ਕਵੀ, ਕਹਾਣੀਕਾਰ, ਨਾਟਕਕਾਰ ਅਤੇ ਕਲਾਕਾਰਾਂ ਦੇ ਨਾਲ-ਨਾਲ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਤੇ ਮੁਖੀ ਡਾ. ਕੁਲਵੰਤ ਸਿੰਘ ਸੰਧੂ, ਡਾ. ਗੋਪਾਲ ਸਿੰਘ ਬੁੱਟਰ, ਸਮੇਤ ਪ੍ਰੋ. ਵਰਿਆਮ ਸੰਧੂ, ਸ੍ਰੀ ਸੁਰਿੰਦਰ ਸੈਣੀ,ਪ੍ਰੋ. ਸੁਖਬੀਰ ਸਿੰਘ,ਪ੍ਰੋ. ਸੁਖਦੇਵ ਸਿੰਘ ਰੰਧਾਵਾ ਡੀ.ਏ.ਵੀ. ਜਲੰਧਰ, ਪ੍ਰੋ. ਸੁਖਜਿੰਦਰ ਸਿੰਘ ਬਾਠ, ਪ੍ਰੋ. ਮਨਜਿੰਦਰ ਸਿੰਘ ਜੌਹਲ, ਡਾ. ਹਰਭਜਨ ਸਿੰਘ ਢਿੱਲੋਂ, ਪ੍ਰੋ. ਸੁਖਦੇਵ ਸਿੰਘ (ਦੋਆਬਾ ਕਾਲਜ) ਪ੍ਰੋ. ਕੁਲਦੀਪ ਕੌਰ ਦੋਸਾਂਝ, ਸ੍ਰੀਮਤੀ ਰਜਵੰਤ ਕੌਰ ਸੰਧੂ, ਲੋਕ-ਗਾਇਕ ਦਲਵਿੰਦਰ ਦਿਆਲਪੁਰੀ,ਕਾਲਜ ਦੇ ਸਮੂਹ ਵਿਭਾਗਾਂ ਦੇ ਮੁਖੀ,ਡੀਨ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਸ਼ਾਮਿਲ ਸਨ।