
ਜਲੰਧਰ, 22 ਜਨਵਰੀ 2026:
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਬ-ਡਿਵੀਜ਼ਨਲ ਹਸਪਤਾਲ ਫਿਲੌਰ ਵਿੱਚ ਸਰਜਨ ਦੀ ਖਾਲੀ ਆਸਾਮੀ ਨੂੰ ਭਰਨ ਲਈ ਸਿਵਲ ਸਰਜਨ ਦਫ਼ਤਰ ਜਲੰਧਰ ਵਿਖੇ ਇੰਟਰਵਿਊ/ਕਾਉਂਸਲਿੰਗ ਪ੍ਰਕਿਰਿਆ ਆਯੋਜਿਤ ਕੀਤੀ ਗਈ। ਇਸ ਪ੍ਰਕਿਰਿਆ ਦੌਰਾਨ ਇੱਕ ਯੋਗ ਉਮੀਦਵਾਰ ਦੀ ਚੋਣ ਕਰਕੇ ਐਸ.ਡੀ.ਐਚ. ਫਿਲੌਰ ਲਈ ਇੰਮਪੈਨਲ ਕੀਤਾ ਗਿਆ ।
ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਸੰਪੰਨ ਕੀਤੀ ਗਈ। ਇੰਟਰਵਿਊ ਲਈ ਕੁੱਲ ਚਾਰ ਉਮੀਦਵਾਰ ਹਾਜ਼ਰ ਹੋਏ ਜਿਨ੍ਹਾਂ ਦੇ ਅਸਲ ਦਸਤਾਵੇਜ਼ਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ ਅਤੇ ਯੋਗਤਾ ਦੇ ਆਧਾਰ ’ਤੇ ਚੋਣ ਨੂੰ ਅੰਤਿਮ ਰੂਪ ਦਿੱਤਾ ਗਿਆ।
ਚੁਣੇ ਗਏ ਸਰਜਨ ਨੂੰ ਨਿਯੁਕਤੀ ਪੱਤਰ ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਡਿਸਟ੍ਰਿਕਟ ਫੈਮਿਲੀ ਵੈਲਫੇਅਰ ਅਫ਼ਸਰ (DFWO) ਡਾ. ਰਮਨ ਗੁਪਤਾ ਅਤੇ ਡਿਸਟ੍ਰਿਕਟ ਇਮਿਊਨਾਈਜ਼ੇਸ਼ਨ ਅਫ਼ਸਰ (DIO) ਡਾ. ਰਾਕੇਸ਼ ਚੋਪੜਾ ਵੀ ਮੌਜੂਦ ਸਨ।
ਡਾ. ਰਾਜੇਸ਼ ਗਰਗ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਐਸ.ਡੀ.ਐਚ. ਫਿਲੌਰ ਵਿੱਚ ਸਰਜੀਕਲ ਸੇਵਾਵਾਂ ਹੋਰ ਮਜ਼ਬੂਤ ਹੋਣਗੀਆਂ ਅਤੇ ਇਲਾਕੇ ਦੇ ਲੋਕਾਂ ਨੂੰ ਗੁਣਵੱਤਾਪੂਰਨ ਤੇ ਸਮੇਂ-ਸਿਰ ਚਿਕਿਤਸਾ ਸਹੂਲਤਾਂ ਪ੍ਰਦਾਨ ਕਰਨ ਵਿੱਚ ਮਦਦ ਮਿਲੇਗੀ।