
ਅੱਜ ਜਲੰਧਰ ਪ੍ਰੈੱਸ ਕਲੱਬ ਵਿੱਚ ਹੋਈ ਪ੍ਰੈੱਸ ਮਿਲਣੀ ਦੌਰਾਨ ਜਾਣਕਾਰੀ ਦਿੰਦਿਆਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਅੰਤਰਰਾਸ਼ਟਰੀ ਫਾਊਂਡੇਸ਼ਨ ਹਰਦੀਪ ਸਿੰਘ ਗੋਲਡੀ ਯੂ.ਐੱਸ.ਏ, ਸਰਪ੍ਰਸਤ ਡਾ. ਜਗਤਾਰ ਸਿੰਘ ਧੀਮਾਨ, ਜਨਰਲ ਸਕੱਤਰ ਜਸਵੰਤ ਸਿੰਘ ਛਾਪਾ, ਕਰਮਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਫਾਊਂਡੇਸ਼ਨ, ਸਰਪ੍ਰਸਤ ਰਿਟਾ. ਕਰਨਲ ਸੁਨੀਲ ਸ਼ਰਮਾ, ਰਿਟਾ. ਪ੍ਰਿੰ. ਅਰੁਣ ਕੁਮਾਰ ਸਹਿਜਪਾਲ ਨੇ ਕਿਹਾ ਕਿ ਮਹਾਨ ਯੋਧੇ ਜਰਨੈਲ, ਕਿਸਾਨੀ ਦੇ ਮੁਕਤੀਦਾਤਾ, ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲੋਂ ਜੋ 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਦਾ ਖਾਤਮਾ ਕਰਕੇ 700 ਸਾਲ ਦੇ ਮੁਗਲ ਸਾਮਰਾਜ ‘ਤੇ ਜਿੱਤ ਪ੍ਰਾਪਤ ਕਰਕੇ ਗੌਰਵਮਈ ਇਤਿਹਾਸ ਸਿਰਜਿਆ। 14 ਮਈ ਨੂੰ ਸਰਹਿੰਦ ‘ਤੇ ਫਤਿਹ ਦਾ ਝੰਡਾ ਲਹਿਰਾਇਆ। ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਇਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ‘ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਜਿਸ ਤੇ ਉਕਰਿਆ ਸੀ
“ਦੇਗ ਤੇਗ ਫਤਹਿ ਨੁਸਰਤ ਬੇਦਰੰਗ
ਯਾਵਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ”
ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਹੀ ਅੱਜ ਦੇ ਕਿਸਾਨਾਂ ਨੂੰ ਮੁਜ਼ਾਰਿਆਂ ਤੋਂ ਜਮੀਨਾਂ ਦੇ ਮਾਲਕ ਬਣਾਇਆ ਕਿ ਹਲ ਵਾਹਕ ਹੀ ਜਮੀਨ ਦਾ ਮਾਲਕ ਹੋਵੇ। ਉਨ੍ਹਾਂ ਇਸ ਸਮੇਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਾਮ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਾਮ ਨਾਲ ਜੋੜਿਆ ਜਾਵੇ। ਉਹਨਾਂ ਕਿਹਾ ਕਿ 3 ਸਤੰਬਰ 1708 ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਗੋਦਾਵਰੀ ਨਦੀ ਕੰਢੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਇਤਿਹਾਸਿਕ ਮਿਲਾਪ ਤੋਂ ਬਾਅਦ ਜਿਸ ਰਸਤੇ ਬਾਬਾ ਬੰਦਾ ਸਿੰਘ ਬਹਾਦਰ ਜੰਗਾਂ ਲੜਦੇ ਹੋਏ ਸਰਹਿੰਦ ਪਹੁੰਚੇ, ਭਾਰਤ ਦੀ ਸਰਕਾਰ ਉਸ ਰਸਤੇ ਦੀ ਨਿਸ਼ਾਨਦੇਹੀ ਕਰਕੇ ਉਸਦਾ ਨਾਮ “ਬਾਬਾ ਬੰਦਾ ਸਿੰਘ ਬਹਾਦਰ ਮਾਰਗ” ਰੱਖੇ।
ਇਸ ਸਮੇਂ ਜਾਣਕਾਰੀ ਦਿੰਦਿਆਂ ਸ. ਗੋਲਡੀ ਅਤੇ ਸ. ਛਾਪਾ ਨੇ ਦੱਸਿਆ ਕਿ 13 ਮਈ ਨੂੰ ਰਕਬਾ ਭਵਨ ਤੋਂ ਆਰੰਭ ਹੋਣ ਵਾਲੇ ਸਰਹਿੰਦ ਮਾਰਚ ਵਿੱਚ ਹਾਥੀ ਅਤੇ ਘੋੜੇ ਸ਼ਾਮਿਲ ਹੋਣਗੇ ਜੋ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਦੁਪਹਿਰ ਚੱਪੜਚਿੜੀ ਦੇ ਮੈਦਾਨ ਵਿੱਚ 1 ਵਜੇ ਪਹੁੰਚੇਗਾ ਅਤੇ ਇਸ ਇਤਹਾਸਿਕ ਅਸਥਾਨ ‘ਤੇ ਢਾਡੀ, ਕਵੀਸ਼ਰ ਅਤੇ ਵੱਖ ਵੱਖ ਬੁਲਾਰੇ ਆਪਣੇ ਵਿਚਾਰ ਰੱਖਣਗੇ। ਇਸ ਉਪਰੰਤ ਸ਼ਾਮ 5 ਵਜੇ ਸਰਹਿੰਦ ਦੇ ਇਤਿਹਾਸਿਕ ਅਸਥਾਨ ‘ਤੇ ਪਹੁੰਚੇਗਾ ਜਿੱਥੇ ਫਤਿਹ ਦਾ ਝੰਡਾ ਲਹਿਰਾਉਣ ਦੀ ਰਸਮ ਹੋਵੇਗੀ ਅਤੇ ਫਤਿਹਗੜ੍ਹ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਹੋਵੇਗੀ।