ਭਾਰਤ ਦੀ ਵਿਰਾਸਤ ਅਤੇ ਆਟੋਨਾਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਸਦਾ ਆਪਣੀਆਂ ਵਿਦਿਆਰਥਣਾਂ ਨੂੰ ਉਚਿਤ ਮਾਰਗਦਰਸ਼ਨ ਪ੍ਰਦਾਨ ਕਰਦੇ ਹੋਏ ਸਸ਼ਕਤ ਕਰਨ ਦੇ ਲਈ ਯਤਨਸ਼ੀਲ ਰਹਿੰਦਾ ਹੈ। ਇਸ ਹੀ ਕੜੀ ਦੇ ਵਿਚ ਵਿਦਿਆਲਾ ਦੇ ਪਲੇਸਮੈਂਟ ਸੈੱਲ ਦੁਆਰਾ ਵਿਦਿਆਰਥਣਾਂ ਦੇ ਲਈ ਬਿਲਕੁਲ ਮੁਫ਼ਤ ਇੰਪਲਾਇਬਿਲਟੀ ਸਕਿਲਸ ਟ੍ਰੇਨਿੰਗ ਦਾ ਆਯੋਜਨ ਕਰਵਾਇਆ ਗਿਆ। ਵਿਸ਼ਵ ਪੱਧਰ ‘ਤੇ ਵਿਦਿਆਰਥਣਾਂ ਨੂੰ ਰੁਜ਼ਗਾਰ ਦੇ ਵੱਖ-ਵੱਖ ਮੌਕਿਆਂ ਦੇ ਕਾਬਿਲ ਬਣਾਉਣ ਅਤੇ ਉਨ੍ਹਾਂ ਦੇ ਕੌਸ਼ਲ ਨੂੰ ਨਿਖਾਰਨ ਲਈ ਇਹ ਪ੍ਰੋਗਰਾਮ ਵਿਸ਼ੇਸ਼ ਤੌਰ ‘ਤੇ ਆਯੋਜਿਤ ਕੀਤਾ ਗਿਆ। ਇਸ ਦੌਰਾਨ ਵਿਦਿਆਰਥਣਾਂ ਨੇ ਜਿੱਥੇ ਆਰਗੇਨਾਈਜ਼ੇਸ਼ਨਲ ਸਟਰੱਕਚਰ, ਪਬਲਿਕ ਸਪੀਕਿੰਗ, ਪ੍ਰੈਜ਼ਨਟੇਸ਼ਨ ਸਕਿਲਜ਼ ਆਦਿ ਬਾਰੇ ਜਾਣਕਾਰੀ ਹਾਸਿਲ ਕੀਤੀ ਉੱਥੇ ਨਾਲ ਦੀ ਨਾਲ ਗਰੁੱਪ ਡਿਸਕਸ਼ਨ ਅਤੇ ਪਰਸਨਲ ਇੰਟਰਵਿਊ ਸੰਬੰਧੀ ਵੀ ਜਾਣਿਆ ਜੋ ਉਨ੍ਹਾਂ ਦੇ ਰੁਜ਼ਗਾਰ ਪ੍ਰਾਪਤੀ ਦੇ ਮੌਕਿਆਂ ਵਿੱਚ ਸਹਾਇਕ ਸਾਬਤ ਹੋ ਸਕਦੇ ਹਨ। 200 ਤੋਂ ਵੀ ਵੱਧ ਵਿਦਿਆਰਥਣਾਂ ਨੇ ਇਸ ਪ੍ਰੋਗਰਾਮ ਵਿਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਸੰਬੋਧਿਤ ਹੁੰਦੇ ਹੋਏ ਦੱਸਿਆ ਕਿ ਅਜਿਹੇ ਪ੍ਰੋਗਰਾਮ ਕੰਨਿਆ ਮਹਾਂ ਵਿਦਿਆਲਾ ਦੀ ਇਕ ਨਿਯਮਿਤ ਵਿਸ਼ੇਸ਼ਤਾ ਹਨ ਜਿਨ੍ਹਾਂ ਰਾਹੀਂ ਸਦਾ ਵਿਦਿਆਰਥਣਾਂ ਨੂੰ ਵਿਹਾਰਿਕ ਹੁਨਰ ਪ੍ਰਦਾਨ ਕਰਨ ਦੇ ਲਈ ਯਤਨ ਕੀਤੇ ਜਾਂਦੇ ਰਹਿੰਦੇ ਹਨ ਤਾਂ ਜੋ ਉਨ੍ਹਾਂ ਨੂੰ ਇਸ ਮੁਕਾਬਲੇ ਦੀ ਦੁਨੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਕਾਬਲ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਡਾ. ਸੁਮਨ ਖੁਰਾਨਾ, ਡੀਨ, ਪਲੇਸਮੈਂਟ ਸੈੱਲ ਦੁਆਰਾ ਵਿਦਿਆਰਥਣਾਂ ਨੂੰ ਪ੍ਰਦਾਨ ਕੀਤੇ ਜਾਂਦੇ ਉਚਿਤ ਮਾਰਗਦਰਸ਼ਨ ਦੀ ਵੀ ਸ਼ਲਾਘਾ ਕੀਤੀ।