
ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਭਾਰਤ ਅਤੇ ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਗਿਆ ਸੀ। ਇਸ ਲਾਂਘੇ ਰਾਹੀਂ ਸੰਗਤਾਂ ਬਿਨਾਂ ਵੀਜ਼ੇ ਤੋਂ ਆਸਾਨੀ ਦੇ ਨਾਲ ਦਰਸ਼ਨ ਕਰ ਸਕਦੀਆਂ ਸਨ। ਹੁਣ ਕਾਫੀ ਸਮੇਂ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਸੰਗਤਾਂ ਵਾਸਤੇ ਬੰਦ ਕਰ ਦਿੱਤਾ ਗਿਆ ਹੈ। ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਜਿੱਦਾਂ ਦਾ ਵੀ ਮਾਹੌਲ ਹੋਵੇ ਪਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਹਜ਼ਾਰਾਂ ਹੀ ਸੰਗਤਾਂ ਬਿਨਾਂ ਕਿਸੇ ਰੁਕਾਵਟ ਤੋਂ ਦਰਸ਼ਨ ਕਰਦੀਆਂ ਰਹੀਆਂ ਸਨ।
ਹੁਣ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਕਾਫੀ ਲੰਬੇ ਸਮੇਂ ਤੋਂ ਬੰਦ ਪਿਆ ਹੈ। ਆਪਣੇ ਦੇਸ਼ ਦੀ ਸਰਕਾਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਅਤੇ ਸੰਗਤ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਸ ਲਾਂਘੇ ਨੂੰ ਦੁਬਾਰਾ ਤੋਂ ਖੋਲਣਾ ਚਾਹੀਦਾ ਹੈ।
ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮਨਾਉਣ ਵਾਸਤੇ ਆਪਣੇ ਪੰਜਾਬ ਵਿੱਚੋਂ ਜਥਾ ਗਿਆ ਸੀ ਅਤੇ ਉਹ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਕੇ ਆਇਆ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਇਸ ਜਥੇ ਦੇ ਮੈਂਬਰ ਗਏ ਸਨ ਅਤੇ ਦੁਨੀਆਂ ਦੇ ਵੱਖਰੇ ਵੱਖਰੇ ਦੇਸ਼ਾਂ ਵਿੱਚੋਂ ਵੀ ਸੰਗਤਾਂ ਹਰ ਰੋਜ਼ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਕੇ ਨਤਮਸਤਕ ਹੁੰਦੀਆਂ ਹਨ।
ਹਿੰਦ ਦੀ ਚਾਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਤਾਬਦੀ ਸਾਰੀ ਦੁਨੀਆਂ ਵਿੱਚ ਸਿੱਖ ਪੰਥ ਵੱਲੋਂ ਮਨਾਈ ਜਾ ਰਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਤੇ ਰੋਸ਼ਨੀ ਪਾਉਣ ਲਈ, ਜੋ ਧਰਮ ਦੀ ਰਾਖੀ ਵਾਸਤੇ ਹੋਈ ਸੀ ਅਤੇ ਉਨਾਂ ਦੇ ਜੀਵਨ ਤੇ ਫਲਸਫੇ ਨੂੰ ਉਜਾਗਰ ਕਰਨ ਲਈ ਸਰਕਾਰਾਂ ਅਤੇ ਸਿੱਖ ਸੰਸਥਾਵਾਂ ਨੇ ਸ਼ਤਾਬਦੀ ਦੇ ਦੌਰਾਨ ਬਹੁਤ ਵੱਡੇ ਪ੍ਰੋਗਰਾਮ ਉਲੀਕੇ।
ਇਸ ਇਤਿਹਾਸਿਕ ਸਮੇਂ ਨੂੰ ਮੁੱਖ ਰੱਖਦੇ ਹੋਏ ਜਦਕਿ ਸਮੁੱਚਾ ਸਿੱਖ ਜਗਤ ਅਤੇ ਦੇਸ਼ਵਾਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਤੋਂ ਪ੍ਰੇਰਨਾ ਲੈ ਰਹੇ ਹਨ ,ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਬੰਦ ਕੀਤੇ ਲਾਂਘੇ ਨੂੰ ਦੁਬਾਰਾ ਤੋਂ ਖੋਲਿਆ ਜਾਵੇ।
ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲਣ ਦੇ ਨਾਲ ਬਹੁਤ ਚੰਗਾ ਸੁਨੇਹਾ ਸੰਗਤਾਂ ਦੇ ਦਰਮਿਆਨ ਜਾਵੇਗਾ ਜਿਸ ਫੈਸਲੇ ਨੂੰ ਸੰਗਤ ਬੜੀ ਉਤਸੁਕਤਾ ਨਾਲ ਉਡੀਕ ਰਹੀ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲਣ ਦੇ ਨਾਲ ਸੰਗਤਾਂ ਦੀ ਜਿੱਥੇ ਚਾਹਨਾ ਵੀ ਪੂਰੀ ਹੋਵੇਗੀ, ਉੱਥੇ ਦੋਵਾਂ ਦੇਸ਼ਾਂ ਦੇ ਦਰਮਿਆਨ ਅਤੇ ਖਾਸ ਤੌਰ ਤੇ ਚੜਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਦਾ ਆਪਸ ਵਿੱਚ ਮੇਲ ਮਿਲਾਪ ਵੀ ਦੁਬਾਰਾ ਤੋਂ ਵਧੇਗਾ।
ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਦੇ ਮੌਕੇ ਤੇ ਅਸੀਂ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕਰਦੇ ਹਾਂ ਕਿ ਜਿਹੜੇ ਜਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਰੋਜ਼ ਜਾ ਕੇ ਸ਼ਾਮ ਨੂੰ ਵਾਪਸ ਆਉਂਦੇ ਨੇ, ਉਨਾਂ ਜਥਿਆਂ ਲਈ ਉੱਥੇ ਰਾਤ ਦੇ ਠਰਾ ਦਾ ਅਤੇ ਰਹਿਣ ਵਾਸਤੇ ਮਨਜ਼ੂਰੀ ਮਿਲਣੀ ਚਾਹੀਦੀ ਹੈ। ਰੋਜ ਜਾ ਰਹੇ ਜਥਿਆਂ ਨੂੰ ਰਾਤ ਰਹਿਣ ਦੇ ਨਾਲ ਸ਼ਾਮ ਦੇ ਦੀਵਾਨਾਂ ਵਿੱਚ ਵੀ ਖੁੱਲੇ ਸਮੇਂ ਦੀ ਹਾਜ਼ਰੀ ਲਾਉਣ ਦਾ ਮੌਕਾ ਮਿਲੇਗਾ ਅਤੇ ਸੰਗਤਾਂ ਦੀ ਭਾਵਨਾ ਅਤੇ ਸ਼ਰਧਾ ਵੀ ਪੂਰੀ ਹੋਵੇਗੀ। ਇਸ ਇਤਿਹਾਸਿਕ ਫੈਸਲੇ ਨੂੰ ਸ਼ਤਾਬਦੀ ਦੇ ਸਮਾਗਮਾਂ ਦੇ ਨਾਲ ਵੀ ਜੋੜਿਆ ਜਾ ਸਕਦਾ ਹੈ।