ਜਲੰਧਰ (27.02.2026) – ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ ਵੀਰਵਾਰ ਨੂੰ ਸੀ.ਐਚ.ਓਜ਼ ਲਈ ਵਿਸ਼ੇਸ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੀ.ਐਚ.ਓਜ਼ ਨੂੰ ਸਰਵਾਈਕਲ ਕੈਂਸਰ, ਬ੍ਰੈਸਟ ਕੈਂਸਰ ਅਤੇ ਓਰਲ ਕੈਂਸਰ ਦੀ ਜਾਂਚ ਸਬੰਧੀ ਡਾਇਗਨੋਸਟਿਕ ਕਿੱਟਾਂ ਦੀ ਸਹੀ ਵਰਤੋਂ ਬਾਰੇ ਸਿਖਲਾਈ ਦਿੱਤੀ ਗਈ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਟ੍ਰੇਨਿੰਗ ਸੈਸ਼ਨ ਦੀ ਸ਼ੁਰੂਆਤ ਕਰਦੇ ਹੋਏ ਆਧੁਨਿਕ ਸਕ੍ਰੀਨਿੰਗ ਤਰੀਕਿਆਂ, ਨਮੂਨਾ (ਸੈਂਪਲ) ਸੰਭਾਲ, ਡਾਇਗਨੋਸਟਿਕ ਕਿੱਟਾਂ ਦੀ ਵਰਤੋਂ ਬਾਰੇ ਅਤੇ ਟੈਸਟ ਕਰਨ ਦੀ ਸਟੈਂਡਰਡ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਟ੍ਰੇਨਿੰਗ ਨਾਲ ਮੁੱਢਲੀ ਸਟੇਜ ‘ਤੇ ਹੀ ਕੈਂਸਰ ਦੀ ਪਛਾਣ ਹੋਣ ਨਾਲ ਇਲਾਜ ਦੀ ਸ਼ੁਰੂਆਤ ਜਲਦੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਤੇ ਭਰੋਸੇਯੋਗ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੀ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਹੈ। ਇਹ ਜਨ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਵੱਲ ਇਹ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਅਸੀਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਸਮਰਥਾ ਵਧਾਉਣ ਵਾਲੀਆਂ ਟ੍ਰੇਨਿੰਗਾਂ ਜਾਰੀ ਰੱਖਾਂਗੇ, ਤਾਂ ਜੋ ਲੋਕਾਂ ਨੂੰ ਬਿਹਤਰ ਤੇ ਵਿਸ਼ਵਾਸਯੋਗ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਵਾਈਕਲ, ਓਰਲ ਅਤੇ ਬ੍ਰੈਸਟ ਕੈਂਸਰ ਦੀ ਸਕ੍ਰੀਨਿੰਗ ਸੇਵਾਵਾਂ ਨੂੰ ਆਯੁਸ਼ਮਾਨ ਆਰੋਗਯ ਕੇਂਦਰਾਂ ਤੱਕ ਮਜ਼ਬੂਤੀ ਨਾਲ ਲੈ ਕੇ ਜਾਣਾ ਸਿਹਤ ਵਿਭਾਗ ਦੀ ਪ੍ਰਾਥਮਿਕਤਾ ਹੈ। ਉਨ੍ਹਾਂ ਕਿਹਾ ਕਿ ਸੀ.ਐਚ.ਓਜ਼ ਨੂੰ ਡਾਇਗਨੋਸਟਿਕ ਕਿੱਟਾਂ ਦੀ ਸਹੀ ਵਰਤੋਂ, ਇਨਫੈਕਸ਼ਨ ਕੰਟਰੋਲ ਅਤੇ ਬਾਇਓ-ਸੇਫ਼ਟੀ ਮਾਪਦੰਡਾਂ ਦੀ ਪਾਲਣਾ ਸਬੰਧੀ ਪ੍ਰਯੋਗਾਤਮਕ ਸਿਖਲਾਈ ਦੇਣ ਨਾਲ ਨਾ ਸਿਰਫ਼ ਸਕ੍ਰੀਨਿੰਗ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ, ਸਗੋਂ ਮਰੀਜ਼ਾਂ ਨੂੰ ਸਮੇਂ ਸਿਰ ਸਹੀ ਸਲਾਹ ਅਤੇ ਰੈਫ਼ਰਲ ਸਹੂਲਤ ਮਿਲਣੀ ਵੀ ਯਕੀਨੀ ਬਣੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦੀਆਂ ਸਮਰਥਾ ਵਧਾਉਣ ਵਾਲੀਆਂ ਪਹਿਲਾਂ ਨਾਲ ਜ਼ਿਲ੍ਹੇ ਵਿੱਚ ਕੈਂਸਰ ਦੀ ਸ਼ੁਰੂਆਤੀ ਪਛਾਣ ਦਰ ਵਿੱਚ ਵਾਧਾ ਹੋਵੇਗਾ। ਟ੍ਰੇਨਿੰਗ ਸੈਸ਼ਨ ਦੌਰਾਨ ਓਨਕੋਲੋਜਿਸਟ ਡਾ. ਪ੍ਰਭਸ਼ਰਨ ਵੱਲੋਂ ਡਾਇਗਨੋਸਟਿਕ ਕਿਟਾਂ ਦੀ ਸੰਭਾਲ ਅਤੇ ਬਾਇਓ–ਸੇਫ਼ਟੀ ਪ੍ਰੋਟੋਕੋਲ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜਿਲ੍ਹਾ ਟੀ.ਬੀ. ਅਫ਼ਸਰ ਡਾ. ਰੀਤੂ ਦਾਦਰਾ, ਜਿਲ੍ਹਾ ਪ੍ਰੋਗਰਾਮ ਮੈਨੇਜਰ ਡਾ. ਸੁਖਵਿੰਦਰ ਕੌਰ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਅਤੇ ਹੋਰ ਸਟਾਫ ਮੌਜੂਦ ਸੀ।