ਜਲੰਧਰ (16.05.2025): “ਕੌਮੀ ਡੇਂਗੂ ਦਿਵਸ” ਮੌਕੇ ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਅਤੇ ਡਾ. ਐਮ.ਐਸ. ਭੂਟਾਨੀ ਪ੍ਰੇਜੀਡੈਂਟ ਆਈ.ਐਮ.ਏ. ਜਲੰਧਰ ਵੱਲੋਂ ਇਸਲਾਮ ਗੰਜ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ “ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ” ਜਾਗਰੂਕਤਾ ਮੁਹਿੰਮ ਤਹਿਤ ਡੋਰ ਟੂ ਡੋਰ ਜਾ ਕੇ ਚੈਕਿੰਗ ਕੀਤੀ ਅਤੇ ਮੌਕੇ ‘ਤੇ ਹੀ ਲਾਰਵਾ ਨਸ਼ਟ ਵੀ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਘਰ-ਘਰ ਜਾ ਕੇ ਫਰਿੱਜਾਂ, ਕੂਲਰਾਂ, ਗਮਲਿਆਂ, ਟਾਇਰਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਡੇਂਗੂ, ਚਿਕਨਗੁਨੀਆ, ਜ਼ੀਕਾ ਵਾਇਰਸ ਅਤੇ ਪੀਲੇ ਬੁਖਾਰ ਵਰਗੇ ਸੰਕਰਮਣਾਂ ਦੇ ਫੈਲਣ ਨੂੰ ਰੋਕਣ ਲਈ ਰੋਕਥਾਮ ਅਤੇ ਨਿਯੰਤਰਣ ਉਪਾਵਾਂ ਬਾਰੇ ਦੱਸਦੇ ਹੋਏ ਜਾਗਰੂਕ ਕੀਤਾ। ਉਨ੍ਹਾਂ ਨਾਲ ਵਿਜੇ ਵਾਸਨ (ਪਤੀ ਕੌਂਸਲਰ ਪਰਵੀਨ ਵਾਸਨ), ਜਿਲ੍ਹਾ ਐਪੀਡਮੋਲੋਜਿਸਟ ਡਾ. ਆਦਿਤਯਪਾਲ, ਜਿਲ੍ਹਾ ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਨਰਸਿੰਗ ਵਿਦਿਆਰਥਣਾਂ, ਐਮ.ਪੀ.ਐਚ.ਡਬਲਯੂ, ਬ੍ਰੀਡਿੰਗ ਚੈਕਰਸ ਅਤੇ ਆਸ਼ਾ ਵਰਕਰ ਵੀ ਮੌਜੂਦ ਸਨ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਸਾਲ 16 ਮਈ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਜਾਂਦਾ ਹੈ। ਰਾਸ਼ਟਰੀ ਡੇਂਗੂ ਦਿਵਸ – 2025 ਦਾ ਉਦੇਸ਼ ਡੇਂਗੂ ਬੁਖਾਰ ਨਾਲ ਲੜਨ ਲਈ ਰੋਕਥਾਮ ਵਾਲੇ ਕਦਮ ਚੁੱਕਣ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ, ਸਾਵਧਾਨੀ ਅਤੇ ਸਫਾਈ ਨਾਲ ਹੀ ਡੇਂਗੂ ਤੋਂ ਬਚਾਅ ਸੰਭਵ ਹੈ। ਉਨ੍ਹਾਂ ਨੇ ਮੁਹਿੰਮ ਦੌਰਾਨ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣਾਂ, ਕਾਰਣਾਂ, ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਡੇਂਗੂ ਬੁਖਾਰ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਸਵੇਰ ਅਤੇ ਸ਼ਾਮ ਦੇ ਸਮੇਂ ਕੱਟਦਾ ਹੈ ਅਤੇ ਇਹ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ। ਡੇਂਗੂ ਦੇ ਆਮ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਤੇਜ਼ ਬੁਖਾਰ, ਸਰੀਰ ਵਿੱਚ ਦਰਦ, ਪੇਟ ਦਰਦ, ਉਲਟੀਆਂ ਆਉਣਾ, ਮਸੂੜਿਆਂ ਚੋਂ ਖੂਨ ਆਉਣਾ ਅਤੇ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਹੋਣਾ ਇਸ ਬੁਖਾਰ ਦੇ ਆਮ ਲੱਛਣ ਹੋ ਸਕਦੇ ਹਨ। ਜੇਕਰ ਕਿਸੇ ਵਿਅਕਤੀ ਨੂੰ ਇਹ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜੇ ਦੀ ਸ਼ਰਕਾਰੀ ਸਿਹਤ ਸੰਸਥਾ ਵਿਖੇ ਸੰਪਰਕ ਕਰਕੇ ਆਪਣੀ ਸਿਹਤ-ਜਾਂਚ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਡੇਂਗੂ ਦਾ ਟੈਸਟ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਦੱਸਿਆ ਕਿ ਖੜ੍ਹੇ ਸਾਫ਼ ਪਾਣੀ ਅਤੇ ਮੱਛਰਾਂ ਦੇ ਵਧਦੇ ਪ੍ਰਜਨਨ ਕਾਰਨ ਅਕਸਰ ਕੇਸਾਂ ਵਿੱਚ ਵਾਧਾ ਹੁੰਦਾ ਹੈ। ਡੇਂਗੂ ਪ੍ਰਤੀ ਸੁਚੇਤ ਕਰਦੇ ਹੋਏ ਇਸ ਤੋਂ ਬਚਾਅ ਲਈ ਜਰੂਰੀ ਸਾਵਧਾਨੀਆਂ ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ। ਰਾਤ ਨੂੰ ਸੌਣ ਸਮੇਂ ਮੱਛਰਦਾਨੀ ਅਤੇ ਮੱਛਰ-ਭਜਾਊ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜਾਲੀਦਾਰ ਦਰਵਾਜ਼ੇ ਅਤੇ ਖਿੜਕੀਆਂ ਮੱਛਰਾਂ ਨੂੰ ਕਮਰਿਆਂ ਦੇ ਅੰਦਰ ਆਉਣ ਤੋਂ ਰੋਕਦੀਆਂ ਹਨ । ਕੂਲਰਾਂ ਦਾ ਪਾਣੀ ਹਫਤੇ ਵਿੱਚ ਇੱਕ ਵਾਰ ਜਰੂਰ ਬਦਲਣਾ ਚਾਹੀਦਾ ਹੈ, ਫਰਿਜਾਂ ਦੀਆਂ ਟਰੇਆਂ ਵਿਚਲਾ ਪਾਣੀ ਕੱਢ ਕੇ ਟਰੇਅ ਨੂੰ ਸਾਫ ਕਰਨਾ ਚਾਹੀਦਾ ਹੈ। ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਗਮਲਿਆਂ, ਟਾਇਰਾਂ, ਟੁੱਟੇ-ਭੱਜੇ ਬਰਤਨਾਂ ਆਦਿ ਵਿੱਚ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।