
ਜਲੰਧਰ (12-03-2026) : ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ ਜਿਲ੍ਹੇ ਵਿੱਚ ਪੀ.ਸੀ. – ਪੀ.ਐਨ.ਡੀ.ਟੀ. ਐਕਟ ਨੂੰ ਸਖਤੀ ਨਾਲ ਲਾਗੂ ਕਰਨ ਦੀ ਵਚਨਬੱਧਤਾ ਨੂੰ ਮੁੱਖ ਰੱਖਦਿਆਂ ਸਿਵਲ ਸਰਜਨ ਦਫਤਰ ਵਿਖੇ ਵੀਰਵਾਰ ਨੂੰ ਜਿਲ੍ਹਾ ਐਡਵਾਇਜ਼ਰੀ ਕਮੇਟੀ (ਪੀ.ਸੀ.-ਪੀ.ਐੱਨ.ਡੀ.ਟੀ.) ਦੀ ਮੀਟਿੰਗ ਹੋਈ। ਇਸ ਦੌਰਾਨ ਸਿਵਲ ਸਰਜਨ ਵੱਲੋਂ ਸਿਹਤ ਅਧਿਕਾਰੀਆਂ ਨੂੰ ਜਿਲ੍ਹੇ ‘ਚ ਲਿੰਗ ਅਨੁਪਾਤ ਵਿੱਚ ਹੋਰ ਸੁਧਾਰ ਲਿਆਉਣ ਅਤੇ ਪ੍ਰੀ-ਕਨਸੈਪਸ਼ਨ ਅਤੇ ਪ੍ਰੀ-ਨੇਟਲ ਡਾਇਗਨੋਸਟਿਕ ਤਕਨੀਕ (ਪੀ.ਸੀ.- ਪੀ.ਐੱਨ.ਡੀ.ਟੀ.) ਐਕਟ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਢੁੱਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ 5 ਨਵੇਂ ਸਕੈਨ ਸੈਂਟਰਾਂ ਵਲੋਂ ਰਜਿਸਟ੍ਰੇਸ਼ਨ ਲੈਣ ਲਈ ਪ੍ਰਤੀ ਬੇਨਤੀ ਦਿੱਤੀ ਗਈ ਸੀ, ਜਿਨ੍ਹਾਂ ਨੂੰ ਲੋੜੀਂਦੇ ਦਸਤਾਵੇਜ ਪੂਰੇ ਹੋਣ ਅਤੇ ਕਮੇਟੀ ਮੈਂਬਰਾਂ ਵਲੋਂ ਪੜਚੋਲ ਕਰਨ ਉਪਰੰਤ ਸਹਿਮਤੀ ਪ੍ਰਗਟਾਉਣ ‘ਤੇ ਨਵੀਂ ਰਜਿਸਟ੍ਰੇਸ਼ਨ ਲਈ ਮੰਜੂਰੀ ਦੇ ਦਿੱਤੀ ਗਈ । ਇਸ ਤੋਂ ਇਲਾਵਾ 1 ਸਕੈਨ ਸੈਂਟਰ ਵਲੋਂ ਰਜਿਸਟ੍ਰੇਸ਼ਨ ਰੀਨਿਉਅਲ ਕਰਵਾਉਣ ਲਈ ਪ੍ਰਤੀ ਬੇਨਤੀ ਪ੍ਰਾਪਤ ਹੋਈ ਸੀ, ਜਿਸ ਨੂੰ ਦਸਤਾਵੇਜ ਵਾਚਣ ਉਪਰੰਤ ਲੋੜੀਂਦੀ ਕਾਰਵਾਈ ਪੂਰੀ ਹੋਣ ‘ਤੇ ਕਮੇਟੀ ਵੱਲੋਂ ਮਨਜੂਰੀ ਦੇ ਦਿੱਤੀ ਗਈ।
ਸਿਵਲ ਸਰਜਨ ਨੇ ਕਿਹਾ ਕਿ ਭਰੂਣ ਹੱਤਿਆ ਇੱਕ ਸਮਾਜਿਕ ਬੁਰਾਈ ਹੈ, ਇਸਨੂੰ ਖਤਮ ਕਰਨ ਲਈ ਹਰ ਵਰਗ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਰੂਣ ਦੇ ਲਿੰਗ ਦੀ ਜਾਂਚ ਕਰਵਾਉਣਾ/ਕਰਨਾ ਗੈਰਕਾਨੂੰਨੀ ਹੈ ਅਤੇ ਇਸ ਜ਼ੁਰਮ ਵਿੱਚ ਪਾਏ ਗਏ ਦੋਸ਼ੀਆਂ ਖਿਲਾਫ ਪੀ.ਸੀ. ਪੀ.ਐੇਨ.ਡੀ.ਟੀ. ਐਕਟ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਡਾ. ਵਰਿੰਦਰ ਕੌਰ ਥਿੰਦ ਐਸ.ਐਮ.ਓ.(ਗਾਇਨੀ), ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਅਭਿਨਵ ਸ਼ੂਰ, ਡਾ. ਮੋਹਿਤ ਚੰਦਰ ਪੀਡੀਆਟ੍ਰੀਅਸ਼ਨ, ਸਹਾਇਕ ਜਿਲ੍ਹਾ ਅਟਾਰਨੀ ਗਗਨਦੀਪ, ਲੀਗਲ ਪ੍ਰੋਬੇਸ਼ਨ ਅਫ਼ਸਰ ਸੰਦੀਪ ਭਾਟੀਆ, ਸ੍ਰੀਮਤੀ ਪਰਵੀਨ ਅਬਰੋਲ ਸੋਸ਼ਲ ਵਰਕਰ, ਰਮਨਪ੍ਰੀਤ ਕੌਰ ਸੋਸ਼ਲ ਵਰਕਰ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਜਿਲ੍ਹਾ ਪੀ.ਸੀ.-ਪੀ.ਐਨ.ਡੀ.ਟੀ. ਕੋਆਰਡੀਨੇਟਰ ਦੀਪਕ ਬਪੋਰੀਆ ਮੌਜੂਦ ਸਨ।