
ਜਲੰਧਰ (01-11-2025): ਸਿਵਲ ਸਰਜਨ ਡਾ. ਰਾਜੇਸ਼ ਵੱਲੋਂ ਸ਼ਨਿਚਰਵਾਰ ਨੂੰ ਦਫ਼ਤਰ ਸਿਵਲ ਸਰਜਨ ਵਿਖੇ ਸਿਹਤ ਵਿਭਾਗ ਦੇ ਜਿਲ੍ਹਾ ਪ੍ਰੋਗਰਾਮ ਅਫਸਰਾਂ ਅਤੇ ਜਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਸਿਹਤ ਵਿਭਾਗ ਵੱਲੋਂ ਜਿਲ੍ਹੇ ‘ਚ ਆਮ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਦਾ ਜਾਇਜਾ ਲਿਆ ਗਿਆ।ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੌਪੜਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ, ਸਹਾਇਕ ਸਿਹਤ ਅਫਸਰ ਡਾ. ਮੀਰਾ, ਡੀ.ਡੀ.ਐੱਚ. ਓ. ਡਾ. ਬਲਜੀਤ ਰੂਬੀ, ਜਿਲ੍ਹਾ ਮਾਸ ਮੀਡੀਆ ਅਫਸਰ ਗੁਰਦੀਪ ਸਿੰਘ ਅਤੇ ਜਿਲ੍ਹੇ ਦੇ ਸਮੂਹ ਐੱਸ. ਐੱਮ.ਓਜ਼. ਹਾਜ਼ਰ ਸਨ। ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਕਿਹਾ ਕਿ ਵੱਖ-ਵੱਖ ਕੌਮੀ ਸਿਹਤ ਪ੍ਰੋਗਰਾਮਾਂ ਤਹਿਤ ਲੋਕਾਂ ਤੱਕ ਮਿਆਰੀ ਸਿਹਤ ਸੇਵਾਵਾਂ ਨੂੰ ਬਿਹਤਰ ਢੰਗ ਨਾਲ ਪਹੁੰਚਾਉਣਾ ਸਾਡੀ ਜਿੰਮੇਵਾਰੀ ਹੈ, ਇਸ ਲਈ ਇਸ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਸਮੂਹ ਐਸ.ਐਮ.ਓਜ਼ ਨੂੰ ਹਦਾਇਤ ਕੀਤੀ ਕਿ ਜਿਲ੍ਹੇ ਦੇ ਸਿਹਤ ਕੇਂਦਰਾਂ ਵਿੱਚ ਮੈਡੀਕਲ ਉਪਕਰਨਾਂ ਅਤੇ ਦਵਾਈਆਂ ਦੇ ਰੱਖ-ਰਖਾਵ ਵੱਲ ਨਿੱਜੀ ਤੌਰ ‘ਤੇ ਧਿਆਨ ਦਿੱਤਾ ਜਾਵੇ।
ਸਿਵਲ ਸਰਜਨ ਵੱਲੋਂ ਸਮੂਹ ਐਸ.ਐਮ.ਓਜ਼ ਨੂੰ ਹਦਾਇਤ ਕਰਦਿਆਂ ਕਿਹਾ ਗਿਆ ਕਿ ਐਮਰਜੈਂਸੀ ਸਿਹਤ ਸੇਵਾਵਾਂ ਪੂਰੀ ਤਰ੍ਹਾਂ ਦੁਰਸਤ ਰੱਖੀਆਂ ਜਾਣ। ਸਿਹਤ ਸੰਸਥਾਵਾਂ ਵਿੱਚ ਸਾਫ਼-ਸਫਾਈ ਵਿਵਸਥਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਹਿੱਤ ਸਿਹਤ ਸਟਾਫ਼ ਵੱਲੋਂ ਆਪਣੀ ਡਿਊਟੀ ਪੂਰੀ ਨਿਸ਼ਠਾ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਨਿਭਾਈ ਜਾਵੇ। ਉਨ੍ਹਾਂ ਕਿਹਾ ਕਿ ਬਾਇਓ ਮੈਡੀਕਲ ਵੇਸਟ ਦਾ ਯੋਗ ਵਿਧੀ ਨਾਲ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ।ਸਿਹਤ ਸੰਸਥਾਵਾਂ ‘ਚ ਇਲਾਜ ਲਈ ਆਉਣ ਵਾਲੇ ਬਜੁਰਗਾਂ, ਗਰਭਵਤੀ ਔਰਤਾਂ ਅਤੇ ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜਾਂ ਨਾਲ ਸਟਾਫ ਵੱਲੋਂ ਹਮਦਰਦੀ ਭਰਿਆ ਵਤੀਰਾ ਅਪਣਾਉਂਦੇ ਹੋਏ ਪਹਿਲ ਦੇ ਆਧਾਰ ‘ਤੇ ਸਿਹਤ ਸੁਵਿਧਾਵਾਂ ਉਪਲੱਬਧ ਕਰਵਾਉਣ ਨੂੰ ਤਰਜੀਹ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਿੱਤਵ ਅਭਿਆਨ ਹਰੇਕ ਮਹੀਨੇ ਦੀ 9 ਅਤੇ 23 ਤਾਰੀਖ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਨਾਉਣਾ ਯਕੀਨੀ ਬਣਾਇਆ ਜਾਵੇ। ਏ.ਐਨ.ਐਮਜ਼ ਅਤੇ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਆਪਣੇ ਖੇਤਰਾਂ ਵਿੱਚ ਸਰਵੇ ਕਰਕੇ ਰੁਟੀਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦਾ ਪਤਾ ਲਗਾ ਕੇ ਮਾਪਿਆਂ ਨੂੰ ਬੱਚਿਆਂ ਦਾ ਮੁਕੰਮਲ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਡੇਂਗੂ ਰੋਕਥਾਮ ਦੇ ਮੱਦੇਨਜ਼ਰ ਜਾਗਰੂਕ ਕੀਤਾ ਜਾਵੇ।ਇਸ ਤੋਂ ਇਲਾਵਾ ਉਨ੍ਹਾ ਨੇ 60 ਦਿਨਾਂ ਤੰਬਾਕੂ ਫਰੀ ਯੂਥ ਮੁਹਿੰਮ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਮੁਹਿੰਮ ਦੇ ਅੰਤਰਗਤ ਸਕੂਲਾਂ, ਕਾਲਜਾਂ ਅਤੇ ਕਮਿਊਨਿਟੀ ਪੱਧਰ ‘ਤੇ ਤੰਬਾਕੂ ਵਰਤੋਂ ਦੇ ਬੁਰੇ ਪ੍ਰਭਾਵਾਂ ਬਾਰੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਦਿਆਂ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੋਤਸਾਹਿਤ ਕੀਤਾ ਜਾਵੇ।