
ਜਲੰਧਰ, 3 ਸਤੰਬਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਸਤਲੁਜ ਦਰਿਆ ਵਿੱਚ ਵਧਦੇ ਪਾਣੀ ਦੇ ਪੱਧਰ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਦਰਿਆ ਕੰਢੇ ਸਥਿਤ ਕਈ ਪਿੰਡਾਂ ਦਾ ਦੌਰਾ ਕੀਤਾ।
ਡਾ. ਅਗਰਵਾਲ ਨੇ ਐਸ.ਐਸ.ਪੀ. (ਜਲੰਧਰ ਦਿਹਾਤੀ) ਹਰਵਿੰਦਰ ਸਿੰਘ ਵਿਰਕ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਡੀ.ਐਸ.ਪੀ. ਓਂਕਾਰ ਸਿੰਘ ਬਰਾੜ ਸਮੇਤ ਪਹਿਲਾਂ ਗਿੱਦੜਪਿੰਡੀ ਦਾ ਦੌਰਾ ਕੀਤਾ, ਜਿੱਥੇ ਦਰਿਆ ਵਿੱਚ ਪਾਣੀ ਦਾ ਤੇਜ਼ ਵਹਾਅ ਦੇਖਿਆ ਗਿਆ। ਫਿਰ ਉਨ੍ਹਾਂ ਨੇ ਗੱਟਾ ਮੁੰਡੀ ਕਾਸੂ ਵਿਖੇ ਬੰਨ੍ਹ ਦਾ ਮੁਆਇਨਾ ਕੀਤਾ, ਜੋ ਕਿ ਇੱਕ ਹੜ੍ਹ ਸੰਭਾਵਿਤ ਪਿੰਡ ਹੈ, ਜਿਥੇ ਪਿਛਲੇ ਸਾਲਾਂ ਦੌਰਾਨ ਪਾੜ ਪੈ ਚੁੱਕਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਹਿਤਿਆਤ ਦੇ ਤੌਰ ’ਤੇ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਲਈ ਫੌਜ ਦੀਆਂ ਸੇਵਾਵਾਂ ਲਈਆਂ ਗਈਆਂ। ਉਨ੍ਹਾਂ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਰੇਤ ਦੀਆਂ ਬੋਰੀਆਂ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਵੀ ਦਿੱਤੇ ਅਤੇ ਪਿੰਡ ਵਾਸੀਆਂ ਨੂੰ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਕੀਤੀ।
ਸਥਾਨਕ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਡਾ. ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਹਿਜ਼ ਪਾਣੀ ਦੇ ਵਧਦੇ ਪੱਧਰ ਨੂੰ ਦੇਖਣ ਲਈ ਦਰਿਆ ਦੇ ਕੰਢਿਆਂ ਨੇੜੇ ਨਾ ਜਾਇਆ ਜਾਵੇ ਕਿਉਂਕਿ ਇਹ ਖ਼ਤਰਨਾਕ ਹੋ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਜ਼ਿਲ੍ਹੇ ਵਿੱਚ ਹੜ੍ਹ ਵਰਗੀ ਕਿਸੇ ਵੀ ਸਥਿਤੀ ਨੂੰ ਰੋਕਣ ਲਈ ਜੰਗੀ ਪੱਧਰ ‘ਤੇ ਕੰਮ ਕਰਨ ਦੇ ਨਿਰਦੇਸ਼ ਵੀ ਦਿੱਤੇ।
ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਹੋਰ ਤੁਰੰਤ ਅਤੇ ਸਰਗਰਮ ਕਦਮ ਚੁੱਕਦਿਆਂ ਮੰਗਲਵਾਰ ਰਾਤ ਸਤਲੁਜ ਦਰਿਆ ‘ਤੇ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਲਈ ਫੌਜ ਦੀਆਂ ਸੇਵਾਵਾਂ ਲਈਆਂ ਗਈਆਂ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੱਦਣ ’ਤੇ ਤੁਰੰਤ ਫੌਜ ਦੀ ਪੂਰੀ ਟੁਕੜੀ ਮੌਕੇ ’ਤੇ ਪਹੁੰਚ ਗਈ ਅਤੇ ਬਿਨ੍ਹਾਂ ਕਿਸੇ ਦੇਰੀ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ, ਉਦੋਂ ਤੱਕ ਮੌਕੇ ’ਤੇ ਮੌਜੂਦ ਰਹੇ, ਜਦੋਂ ਤੱਕ ਹੜ੍ਹ ਵਰਗੀ ਕਿਸੇ ਵੀ ਸਥਿਤੀ ਨੂੰ ਰੋਕਣ ਲਈ ਬੰਨ੍ਹ ਨੂੰ ਮਜ਼ਬੂਤ ਨਹੀਂ ਕਰ ਦਿੱਤਾ ਗਿਆ।
ਡਾ. ਅਗਰਵਾਲ ਨੇ ਇਸ ਮੁਸ਼ਕਲ ਸਮੇਂ ਵਿੱਚ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਦੁਹਰਾਈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ 24 ਘੰਟੇ ਨਿਰੰਤਰ ਕੰਮ ਕਰ ਰਿਹਾ ਹੈ।