ਪੂਰੀ ਦੁਨੀਆ ‘ਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਪਰਚਮ ਬੁਲੰਦ ਕਰਨ ਵਾਲੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦਾ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਮਿਤੀ 19-20 ਮਾਰਚ 2026 ਨੂੰ ਆਪਣੀ ਸਥਾਪਨਾ ਦਾ 76ਵਾਂ ਵਰ੍ਹਾ। ਪਲੈਟੀਨਮ ਜੁਬਲੀ ਕਾਲਜ ਦੀ ਗਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਪ੍ਰਿੰਸੀਪਲ ਡਾਕਟਰ ਰਛਪਾਲ ਸਿੰਘ ਸੰਧੂ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਹਰਜਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਮਨਾਉਣ ਜਾ ਰਿਹਾ ਹੈ।

ਇੱਕ ਸਦੀ ਤੋਂ ਵੀ ਵੱਧ ਅਰਸਾ ਪਹਿਲਾਂ ਸਾਲ 1908 ਵਿੱਚ ਲਾਇਲਪੁਰ (ਪਾਕਿਸਤਾਨ) ਵਿਖੇ ਇਸ ਕਾਲਜ ਦਾ ਨੀਂਹ ਪੱਥਰ ਸੰਤ ਅਤਰ ਸਿੰਘ ਵੱਲੋਂ ਰੱਖਿਆ ਗਿਆ ਸੀ । ਸਕੂਲ ਦੀ ਸ਼ਕਲ ਚ ਆਰੰਭ ਹੋਈ ਇਸ ਸੰਸਥਾ ਦੇ ਮੋਢੀ ਅਧਿਆਪਕਾਂ ਵਿੱਚ ਉੱਘੇ ਸੁਤੰਰਤਾ ਸੰਗਰਾਮੀ ਮਾਸਟਰ ਤਾਰਾ ਸਿੰਘ,ਮਾਸਟਰ ਸੁੰਦਰ ਸਿੰਘ ਲਾਇਲਪੁਰੀ ਅਤੇ ਗਿਆਨੀ ਹੀਰਾ ਸਿੰਘ ਦਰਦ ਵਰਗੀਆਂ ਸਿਰਕਢ ਸ਼ਖਸੀਅਤਾਂ ਸ਼ਾਮਿਲ ਸਨ। ਸਾਲ 1926 ਵਿਚ ਇਹ ਸੰਸਥਾ ਨੂੰ ਸਕੂਲ ਤੋਂ ਕਾਲਜ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। 1947 ਦੀ ਵੰਡ ਮਗਰੋਂ ਇਹ ਕਾਲਜ ਜਲੰਧਰ ਵਿਖੇ ਸਥਾਪਿਤ ਹੋ ਗਿਆ। ਦੇਸ਼ ਦੀ ਵੰਡ ਮਗਰੋਂ ਇਸ ਕਾਲਜ ਨੂੰ ਜਲੰਧਰ ਵਿਖੇ ਸਥਾਪਿਤ ਕਰਨ ਲਈ ਢੁਕਵੀਂ ਜਗ੍ਹਾ ਮੁਹਈਆ ਕਰਵਾਉਣ ਵਿਚ ਉੱਘੇ ਸਿਆਸਤਦਾਨ ਅਤੇ ਲਾਇਲਪੁਰ ਖ਼ਾਲਸਾ ਕਾਲਜ ਗ਼ਵਰਨਿੰਗ ਕੌਂਸਲ ਦੇ ਪ੍ਰਧਾਨ ਸ. ਸਵਰਨ ਸਿੰਘ ਦੀ ਮੁੱਖ ਭੂਮਿਕਾ ਰਹੀ। ਇਸ ਤੋਂ ਬਾਅਦ ਲਾਇਲਪੁਰ ਖ਼ਾਲਸਾ ਕਾਲਜ ਗ਼ਵਰਨਿੰਗ ਕੌਂਸਲ ਦੇ ਅਗਲੇ ਪ੍ਰਧਾਨ ਸ. ਬਲਬੀਰ ਸਿੰਘ ਦੀ ਸੁਯੋਗ ਅਗਵਾਈ ਹੇਠ ਇਸ ਕਾਲਜ ਨੇ ਤਰੱਕੀ ਦੀਆਂ ਕਈ ਮੰਜ਼ਿਲਾਂ ਸਰ ਕੀਤੀਆਂ। ਉਹਨਾਂ ਦੀ ਅਗਵਾਈ ਹੇਠ ਕਾਲਜ ਦੀ ਮੈਨੇਜਿੰਗ ਕਮੇਟੀ ਅਧੀਨ ਹੋਰ ਵੀ ਕਈ ਵਿਦਿਅਕ ਸੰਸਥਾਵਾਂ ਸਿੱਖਿਆ ਦੇ ਖੇਤਰ ਚ ਆਪਣੀ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ ਅਤੇ ਇਹ ਕਾਲਜ ਆਪਣੇ ਆਪ ਵਿੱਚ ਇੱਕ ਯੂਨਿਵਰਸਿਟੀ ਵਰਗਾ ਰੁਤਬਾ ਰੱਖਦਾ ਹੈ।

ਸ. ਬਲਬੀਰ ਸਿੰਘ ਤੋਂ ਬਾਅਦ ਉਹਨਾਂ ਦੀ ਸ਼ਰੀਕੇ ਹਯਾਤ ਲਾਇਲਪੁਰ ਖ਼ਾਲਸਾ ਕਾਲਜ ਗ਼ਵਰਨਿੰਗ ਕੌਂਸਲ ਦੀ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਦੀ ਅਗਵਾਈ ਹੇਠ ਇਹ ਕਾਲਜ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ।

ਇਸ ਕਾਲਜ ਦਾ ਪੰਜਾਬੀ ਵਿਭਾਗ ਆਪਣੀ ਇੱਕ ਵਿਲੱਖਣ ਇਤਿਹਾਸਕ ਅਹਿਮੀਅਤ ਰੱਖਦਾ ਹੈ ।ਸਾਲ 1950 ਵਿੱਚ ਐਮ.ਏ. ਪੰਜਾਬੀ ਆਰੰਭ ਹੋਣ ਮਗਰੋਂ ਇਹ ਕਾਲਜ ਪੰਜਾਬ ਦੇ ਸਭ ਤੋਂ ਪੁਰਾਣੇ ਪੋਸਟ ਗ੍ਰੈਜੂਏਟ ਕਾਲਜਾਂ ਵਿੱਚ ਸ਼ਾਮਿਲ ਹੋ ਗਿਆ । ਕਾਲਜ ਦੇ ਪੰਜਾਬੀ ਵਿਭਾਗ ਦੀ ਪੰਜਾਬੀ ਸਾਹਿਤ ਭਾਸ਼ਾ ਅਤੇ ਸੱਭਿਆਚਾਰ ਨੂੰ ਦੇਣ ਦੀ ਗੱਲ ਕਰੀਏ ਤਾਂ ਇਸ ਕਾਲਜ ਨੇ ਬਹੁਤ ਸਾਰੀਆਂ ਅਜਿਹੀਆਂ ਸ਼ਖਸੀਅਤਾਂ ਇਹਨਾਂ ਖੇਤਰਾਂ ਵਿੱਚ ਦਿੱਤੀਆਂ ਹਨ ਜਿਹੜੀਆਂ ਕਿਸੇ ਜਾਣ ਪਛਾਣ ਦੀਆਂ ਮੁਥਾਜ ਨਹੀਂ ਹਨ। ਇਹਨਾਂ ਸ਼ਖਸੀਅਤਾਂ ਵਿੱਚ ਸਭ ਤੋਂ ਪਹਿਲਾ ਨਾਂ ਇਸ ਵਿਭਾਗ ਦੇ ਪਹਿਲੇ ਮੁਖੀ ਪ੍ਰੋ. ਕਿਰਪਾਲ ਸਿੰਘ ਕਸੇਲ ਦਾ ਆਉਂਦਾ ਹੈ।ਇਸ ਇਲਾਵਾ ਤੋਂ ਪ੍ਰੋ. ਐਸ. ਐਸ. ਅਮੋਲ,ਪ੍ਰੋ. ਪਿਆਰਾ ਸਿੰਘ ਗਿੱਲ,ਪੰਜਾਬੀ ਸੂਫੀ ਸਾਹਿਤ ਦੇ ਪ੍ਰਸਿੱਧ ਆਲੋਚਕ ਅਤੇ ਖੋਜਕਾਰ ਪ੍ਰੋ. ਹਰਜਿੰਦਰ ਸਿੰਘ ਢਿੱਲੋਂ, ਪ੍ਰੋ. ਅਮਰੀਕ ਸਿੰਘ, ਪ੍ਰੋ. ਮੋਹਨ ਸਿੰਘ ਜੌਹਲ, ਪ੍ਰੋ. ਨਿਰੰਜਨ ਸਿੰਘ ਢੇਸੀ, ਪ੍ਰੋ. ਨਰਜੀਤ ਸਿੰਘ ਖਹਿਰਾ, ਪ੍ਰੋ . ਜਸਪਾਲ ਸਿੰਘ ਰੰਧਾਵਾ, ਪ੍ਰੋ. ਇੰਦਰਜੀਤ ਕੌਰ ਬੇਦੀ, ਪ੍ਰੋ. ਕੁਲਵੰਤ ਸਿੰਘ ਸੰਧੂ ਅਤੇ ਪ੍ਰੋ. ਗੋਪਾਲ ਸਿੰਘ ਬੁੱਟਰ ਵਰਗੇ ਵਿਦਵਾਨ ਇਸ ਵਿਭਾਗ ਦੇ ਮੁਖੀ ਰਹੇ ਹਨ।

ਪੰਜਾਬੀ ਕਵੀ ਪ੍ਰੋ. ਮੋਹਨ ਸਿੰਘ, ਪ੍ਰੋ. ਸੰਤ ਸਿੰਘ ਸੇਖੋਂ, ਪ੍ਰੋ. ਹਰਨਾਮ ਸਿੰਘ ਸ਼ਾਨ ਪ੍ਰਿੰਸੀਪਲ ਗੁਰਬਚਨ ਸਿੰਘ ਤਾਲਿਬ ਡਾਕਟਰ ਪਿਆਰ ਸਿੰਘ ਪ੍ਰੋ. ਬਲਬੀਰ ਸਿੰਘ ਦਿਲ, ਸਿਰਮੌਰ ਕਹਾਣੀਕਾਰ ਵਰਿਆਮ ਸੰਧੂ ਇਸ ਵਿਭਾਗ ਵਿੱਚ ਬਤੌਰ ਅਧਿਆਪਕ ਸੇਵਾਵਾਂ ਨਿਭਾ ਚੁੱਕੇ ਹਨ।

ਇਸ ਵਰ੍ਹੇ ਮਾਰਚ ਮਹੀਨੇ ਵਿੱਚ ਇਸ ਵਿਭਾਗ ਦੀ ਸਥਾਪਤੀ ਦੇ 75 ਵਰ੍ਹੇ ਪੂਰੇ ਹੋ ਰਹੇ ਹਨ। ਵਿਭਾਗ ਵਿੱਚ ਇਸ ਵਰ੍ਹੇ ਨੂੰ ਇਕ ਸਾਹਿਤਕ ਜਸ਼ਨ ਦੇ ਤੌਰ ‘ ਤੇ ਮਨਾਉਣ ਲਈ ਭਰਪੂਰ ਉਤਸ਼ਾਹ ਹੈ। ਇਸ ਸਾਹਿਤਕ / ਸੱਭਿਆਚਾਰਕ ਉਤਸਵ ਦੇ ਪਹਿਲੇ ਦਿਨ 19 ਮਾਰਚ 2026 ਨੂੰ ਪੰਜਾਬ ਦੀ ਪੁਰਾਣੀ ਵਿਰਾਸਤ ਦੀ ਝਲਕ ਦੇ ਨਾਲ ਨਾਲ ਪੰਜਾਬ ਭਰ ਤੋਂ ਆਉਣ ਵਾਲੇ ਪ੍ਰਕਾਸ਼ਕ ਪੁਸਤਕ ਮੇਲਾ ਵੀ ਲਗਾ ਰਹੇ ਹਨ। ਪੰਜਾਬੀ ਵਿਭਾਗ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇੱਕ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ ਜਿਸ ਵਿਚ ਪੰਜਾਬ ਭਰ ਤੋਂ ਨਾਮਵਰ ਕਵੀ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਅੰਤਰ ਕਾਲਜ ਕਾਵਿ ਉਚਾਰਨ ਮੁਕਾਬਲਾ ਅਤੇ ਪ੍ਰਸ਼ਨੋਤਰੀ ( ਕੁਇਜ਼) ਮੁਕਾਬਲਾ ਵੀ ਕਰਵਾਇਆ ਜਾ ਰਿਹਾ ਜਿਸ ਵਿਚ ਵੱਖ ਵੱਖ ਕਾਲਜਾਂ ਦੇ ਵਿਦਿਆਰਥੀ ਭਾਗ ਲੈਣਗੇ।

ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਮਿਆਰੀ ਪੁਸਤਕਾਂ ਦਾ ਸੈੱਟ ਵੀ ਦਿੱਤਾ ਜਾਵੇਗਾ।

ਇਸ ਉਤਸਵ ਦੇ ਦੂਜੇ ਦਿਨ 20 ਮਾਰਚ ਨੂੰ ਜਿੱਥੇ ਵਿਰਾਸਤੀ ਝਲਕ ਅਤੇ ਪੁਸਤਕ ਮੇਲੇ ਦੇ ਨਾਲ ਨਾਲ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਹਰਭਜਨ ਸਿੰਘ ਢਿੱਲੋਂ ਦੇ ਲਿਖੇ ਨਾਟਕ ‘ ਟਿਕਟਾਂ ਦੋ ਲੈ ਲਈ “ਦਾ ਮੰਚਨ ਕੀਤਾ ਜਾਵੇਗਾ ਜਿਸ ਵਿਚ ਮੁੱਖ ਭੂਮਿਕਾ ਪ੍ਰਸਿੱਧ ਪੰਜਾਬੀ ਫ਼ਿਲਮੀ ਅਤੇ ਰੰਗਮੰਚ ਦੇ ਕਲਾਕਾਰ ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਨਿਭਾਉਣਗੇ। ਇਸ ਤੋਂ ਇਲਾਵਾ ਵੱਖ – ਵੱਖ ਸੱਭਿਆਚਾਰਕ ਪੇਸ਼ਕਾਰੀਆਂ ਵੀ ਕੀਤੀਆਂ ਜਾਣਗੀਆਂ।