ਸੁਭਾਨਪੁਰ,ਭੁਲੱਥ, ਕਪੂਰਥਲਾ,28 ਮਾਰਚ,
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਨੈਸ਼ਨਲ ਹਾਈਵੇ ਜਾਮ ਕਰਨ ਦੇ ਸੱਦੇ ਦੇ ਮੱਦੇਨਜ਼ਰ ਡੀਜੀਪੀ ਸਪੈਸ਼ਲ ਲਾਅ ਐਂਡ ਆਰਡਰ ਸ੍ਰੀ ਅਰਪਿਤ ਸ਼ੁਕਲਾ ਦੀ ਦਖਲਅੰਦਾਜ਼ੀ ਨਾਲ ਅੱਜ ਸ਼ਾਮੀਂ ਕਾਮਯਾਬੀ ਮਿਲਣ ਉਪਰੰਤ ਯੂਨੀਅਨ ਵਲੋਂ ਥਾਣਾ ਸੁਭਾਨਪੁਰ ਅੱਗੇ 16 ਦਿਨਾਂ ਤੋਂ ਲਗਾਤਾਰ ਦਿਨ ਰਾਤ ਦੇ ਚਲ ਰਹੇ ਧਰਨੇ ਦੀ ਸਮਾਪਤੀ ਹੋ ਗਈ।
ਨੇੜਲੇ ਪਿੰਡ ਜੱਗ ਦੇ ਵਸਨੀਕ ਦਲਿਤ ਨੌਜਵਾਨ ਰਵੀ ਦੇ ਕਤਲ ਮਾਮਲੇ ਚ ਸ਼ਾਮਲ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਦੇ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਲੰਘੀ ਕੱਲ੍ਹ 27 ਮਾਰਚ ਨੂੰ ਜੇਲ੍ਹ ਭੇਜਿਆ ਅਤੇ ਅੱਜ ਆਖ਼ਰ ਜ਼ਿਲ੍ਹਾ ਪ੍ਰਸ਼ਾਸਨ ਤਰਫੋਂ ਤਹਿਸੀਲਦਾਰ ਗੁਰਜਿੰਦਰ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਦਫ਼ਤਰ ਤੋਂ ਰਣਜੀਤ ਸਿੰਘ, ਐੱਸ ਐੱਚ ਓ ਸੁਭਾਨਪੁਰ ਹਰਜਿੰਦਰ ਸਿੰਘ ਆਦਿ ਨੇ ਪੀੜਤ ਪੂਜਾ ਰਾਣੀ ਪਤਨੀ ਰਵੀ ਕੁਮਾਰ ਨੂੰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂਆਂ ਦੀ ਹਾਜ਼ਰੀ ਵਿੱਚ ਦਲਿਤ ਅੱਤਿਆਚਾਰ ਰੋਕੂ ਕਾਨੂੰਨ ਤਹਿਤ 4 ਲੱਖ 12 ਹਜ਼ਾਰ 5 ਸੌ ਰੂਪਏ ਦਾ ਚੈੱਕ ਥਾਣੇ ਅੱਗੇ ਚੱਲ ਰਹੇ ਧਰਨਾ ਸਥਾਨ ਉੱਤੇ ਪੁੱਜ ਕੇ ਸੌਂਪਿਆ। ਪਰਿਵਾਰ ਨੇ 25 ਦਿਨਾਂ ਬਾਅਦ ਮ੍ਰਿਤਕ ਰਵੀ ਦਾ ਅੰਤਿਮ ਸਸਕਾਰ 29 ਮਾਰਚ ਨੂੰ ਕਰਨ ਦਾ ਫ਼ੈਸਲਾ ਕੀਤਾ ਹੈ। ਉਪਰੰਤ ਜੇਤੂ ਰੈਲੀ ਕਰਨ ਉਪਰੰਤ ਯੂਨੀਅਨ ਨੇ ਧਰਨਾ ਸਮਾਪਤ ਕੀਤਾ ਅਤੇ ਦਲਿਤਾਂ, ਮਜ਼ਦੂਰਾਂ ਨੂੰ ਆਪਣੇ ਹੱਕ ਲੈਣ ਲਈ ਜਥੇਬੰਦਕ ਸੰਘਰਸ਼ਾਂ ਉੱਪਰ ਟੇਕ ਰੱਖਣ ਦਾ ਸੱਦਾ ਦਿੱਤਾ।
ਜ਼ਿਕਰਯੋਗ ਹੈ ਕਿ 3 ਮਾਰਚ ਨੂੰ ਉਪਰੋਕਤ ਦਲਿਤ ਨੌਜਵਾਨ ਰਵੀ ਨੂੰ ਕੁੱਝ ਲੋਕਾਂ ਨੇ ਜ਼ਬਰੀ ਰੋਕ ਕੇ ਆਪਣੀ ਮੋਟਰ ਉੱਪਰ ਲਿਜਾ ਕੇ ਬੰਧਕ ਬਣਾ ਕੇ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਬਣਾਇਆ ਅਤੇ ਉਪਰੰਤ ਉਸ ਨੂੰ ਮੁੱਖ ਸੜਕ ਕਿਨਾਰੇ ਦਿਆਲਪੁਰ ਵਿਖੇ ਸੁੱਟ ਦਿੱਤਾ। ਪਤਾ ਲੱਗਣ ‘ਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਕਰਤਾਰਪੁਰ ਵਿਖੇ ਭਰਤੀ ਕਰਵਾਇਆ ਗਿਆ, ਜਿੱਥੋਂ ਉਸਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ। ਜਿੱਥੇ 4 ਮਾਰਚ ਦੀ ਦਰਮਿਆਨੀ ਰਾਤ ਨੂੰ ਸੱਟਾਂ ਦੀ ਤਾਬ ਨਾ ਝੱਲਦੇ ਹੋਏ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਸੁਭਾਨਪੁਰ ਪੁਲਿਸ ਨੇ ਮਾਮਲੇ ਨੂੰ ਰਫ਼ਾ ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਤਲ ਨੂੰ ਐਕਸੀਡੈਂਟ ਵਿਚ ਤਬਦੀਲ ਕਰ ਦਿੱਤਾ। ਜਿਸਦੇ ਵਿਰੋਧ ਵਿੱਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ 13 ਮਾਰਚ ਨੂੰ ਥਾਣਾ ਸੁਭਾਨਪੁਰ ਅੱਗੇ ਅਣਮਿੱਥੇ ਸਮੇਂ ਦਾ ਧਰਨਾ ਮੁਜ਼ਾਹਰਾ ਸ਼ੁਰੂ ਕੀਤਾ।ਜਿਸ ਉਪਰੰਤ ਪੁਲਿਸ ਨੂੰ ਕਤਲ ਅਤੇ ਦਲਿਤ ਅੱਤਿਆਚਾਰ ਰੋਕੂ ਕਾਨੂੰਨ 1989 ਤਹਿਤ ਮਾਮਲਾ ਦਰਜ ਕਰਨਾ ਪਿਆ। ਯੂਨੀਅਨ ਨੂੰ ਦੋ ਵਾਰ ਸੜਕ ਜਾਮ ਕਰਨ ਲਈ ਮਜ਼ਬੂਰ ਹੋਣਾ ਪਿਆ ਤਾਂ ਜਾ ਕੇ ਮਾਮਲੇ ਵਿੱਚ ਸ਼ਾਮਲ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨਾ ਪਿਆ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਅਤੇ ਯੂਨੀਅਨ ਦੇ ਸੂਬਾ ਯੂਥ ਵਿੰਗ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਭਗਵੰਤ ਮਾਨ ਸਰਕਾਰ ਨੇ ਸੰਘਰਸ਼ ਨੂੰ ਅਸਫ਼ਲ ਬਣਾਉਣ ਲਈ ਅਕਾਉਣ ਥਕਾਉਣ ਦੀ ਨੀਤੀ ਤਹਿਤ ਪੀੜਤ ਪਰਿਵਾਰ ਅਤੇ ਧਰਨਾਕਾਰੀਆਂ ਦੇ ਸਿਦਕ ਨੂੰ ਪਰਖਿਆ। ਯੂਨੀਅਨ ਵਲੋਂ ਸੰਘਰਸ਼ ਨੂੰ ਆਰ ਪਾਰ ਦਾ ਕਰਦਿਆਂ 28 ਮਾਰਚ ਨੂੰ ਨੈਸ਼ਨਲ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ ਸੀ। ਜਿਸਦੇ ਮੱਦੇਨਜ਼ਰ ਡੀਜੀਪੀ ਸਪੈਸ਼ਲ ਅਰਪਿਤ ਸ਼ੁਕਲਾ ਦੇ ਦਖ਼ਲ ਉਪਰੰਤ ਆਖ਼ਰ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਨੂੰ ਯੂਨੀਅਨ ਦੇ ਸੰਘਰਸ਼ ਅੱਗੇ ਝੁਕਣਾ ਪਿਆ ਅਤੇ ਦਲਿਤਾਂ ਦੇ ਬਣਦੇ ਅਧਿਕਾਰ ਤਹਿਤ ਪੀੜਤ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਦਾ ਭੁਗਤਾਨ ਕਰਨ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਗੋਰੇ ਅੰਗਰੇਜ਼ਾਂ ਨੂੰ ਦਫਾ ਕਰਨ ਉਪਰੰਤ ਰੰਗ ਬੇਰੰਗੇ ਹਾਕਮਾਂ ਨੂੰ 79 ਸਾਲਾਂ ਦੇ ਰਾਜ ਅੰਦਰ ਵੀ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਲਾਸ਼ਾਂ ਸੜਕਾਂ ਉੱਪਰ ਰੱਖ ਕੇ ਇਨਸਾਫ਼ ਲੈਣਾ ਪੈ ਰਿਹਾ। ਮੌਜੂਦਾ ਰਾਜ ਪ੍ਰਬੰਧ ਲਈ ਇਹ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਕਤਲ ਅਤੇ ਦਲਿਤ ਅੱਤਿਆਚਾਰ ਦੇ ਇਸ ਮਸਲੇ ਵਿੱਚ ਸੱਤਾਧਾਰੀ ਧਿਰ ਜਾਂ ਵਿਰੋਧੀ ਧਿਰ ਦਾ ਕੋਈ ਵੀ ਮੰਤਰੀ, ਵਿਧਾਇਕ ਜਾਂ ਕਿਸੇ ਹੋਰ ਆਗੂ ਨੇ ਜ਼ੁਬਾਨ ਤੱਕ ਨਹੀਂ ਖੋਲ੍ਹੀ। ਇਸ ਮਾਮਲੇ ਵਿੱਚ ਇਹਨਾਂ ਸਿਆਸੀ ਆਗੂਆਂ ਦਾ ਦਲਿਤ, ਮਜ਼ਦੂਰ ਵਿਰੋਧੀ ਚਿਹਰਾ ਨੰਗਾ ਹੋਇਆ।ਉਨ੍ਹਾਂ ਦਲਿਤਾਂ, ਮਜ਼ਦੂਰਾਂ ਨੂੰ ਅਜਿਹੇ ਸਿਆਸੀ ਆਗੂਆਂ ਨੂੰ ਮੂੰਹ ਨਾ ਲਾਉਣ ਦਾ ਹੋਕਾ ਦਿੱਤਾ। ਉਨ੍ਹਾਂ ਦੁੱਖ਼ ਨਾਲ ਕਿਹਾ ਕਿ ਇਸ ਮਾਮਲੇ ਵਿੱਚ ਯੂਨੀਅਨ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਲੈਣ ਲਈ 16 ਦਿਨ ਥਾਣੇ ਅੱਗੇ ਲਗਾਤਾਰ ਦਿਨ ਰਾਤ ਦਾ ਧਰਨਾ ਅਤੇ 25 ਦਿਨ ਮ੍ਰਿਤਕ ਰਵੀ ਦੇ ਅੰਤਿਮ ਸਸਕਾਰ ਨੂੰ ਰੋਕ ਕੇ ਸਬਰ ਦਾ ਘੁੱਟ ਭਰਨਾ ਪਿਆ। ਇਹ ਕੈਸਾ ਲੋਕਤੰਤਰ ਹੈ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ, ਯੂਨੀਅਨ ਦੇ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ, ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਜਵਾਲਾਪੁਰ, ਜ਼ਿਲ੍ਹਾ ਆਗੂ ਕਸ਼ਮੀਰਾ ਸਿੰਘ ਭੰਡਾਲ, ਤਹਿਸੀਲ ਸਕੱਤਰ ਅਮਰੀਕ ਸਿੰਘ ਬੂਲੇਵਾਲ, ਤਹਿਸੀਲ ਆਗੂ ਨਾਵਲ ਗਿੱਲ ਟਾਹਲੀ, ਗੁਰਪ੍ਰੀਤ ਸਿੰਘ, ਪਰਮਜੀਤ ਕੌਰ ਮੀਕੋ,ਕੇ ਐੱਸ ਅਟਵਾਲ ਤੋਂ ਇਲਾਵਾ ਪੀੜਤ ਪੂਜਾ ਰਾਣੀ, ਲਾਡੀ ਜੱਗਾ ਆਦਿ ਨੇ ਵੀ ਸੰਬੋਧਨ ਕੀਤਾ।

*ਕੈਪਸਨ: ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ* *ਧਰਨਾਕਾਰੀਆਂ ਚ ਪੁੱਜ ਕੇ ਤਹਿਸੀਲਦਾਰ ਗੁਰਜਿੰਦਰ ਸਿੰਘ,ਭਲਾਈ ਅਫ਼ਸਰ ਰਣਜੀਤ ਸਿੰਘ ਅਤੇ ਹੋਰ ਅਧਿਕਾਰੀ ਪੂਜਾ ਰਾਣੀ ਵਿਧਵਾ ਰਵੀ ਨੂੰ ਮੁਆਵਜ਼ਾ ਰਾਸ਼ੀ ਦਾ ਚੈੱਕ ਸੌਂਪਦੇ ਹੋਏ,ਨਾਲ ਖੜ੍ਹੇ ਯੂਨੀਅਨ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ, ਨਿਰਮਲ ਸਿੰਘ ਸ਼ੇਰਪੁਰ ਸੱਧਾ, ਗੁਰਪ੍ਰੀਤ ਸਿੰਘ ਚੀਦਾ ਅਤੇ ਹੋਰ ਆਗੂ ਤੇ ਪੇਂਡੂ ਮਜ਼ਦੂਰ।*