
ਬਿਲਗਾ,10 ਮਾਰਚ,
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਥਾਣਾ ਬਿਲਗਾ ਵਿਖੇ 9 ਮਾਰਚ ਨੂੰ ਦੇਰ 10 ਵਜੇ ਰਾਤ ਤੱਕ ਮੋਰਚਾ ਲਗਾਉਣ ਉਪਰੰਤ ਆਖਰ ਪੁਲਿਸ ਨੂੰ ਬਿਲਗਾ ਨਿਵਾਸੀ ਵਿਧਵਾ ਔਰਤ ਦਾ ਕਰਜ਼ੇ ਬਦਲੇ ਘਰ ਕੁਰਕ ਕਰਨ ਦੀ ਨੀਅਤ ਨਾਲ ਉਸਦੇ ਘਰ ਅੰਦਰ ਜ਼ਬਰੀ ਦਾਖ਼ਿਲ ਹੋ ਕੇ ਮਕਾਨ ਢਾਹੁਣ, ਘਰੇਲੂ ਸਾਮਾਨ ਚੁੱਕ ਕੇ ਲਿਜਾਣ ਵਾਲੇ ਫਾਇਨਾਂਸਰ,ਮਹਿਲਾ ਮੰਡਲ ਦੀ ਪ੍ਰਧਾਨ ਅਤੇ ਉਸਦੇ ਹਮਾਇਤੀਆਂ ਖਿਲਾਫ਼ ਮੁਕੱਦਮਾ ਦਰਜ ਕਰਨ ਲਈ ਮਜ਼ਬੂਰ ਹੋਣਾ ਹੀ ਪਿਆ ਤਾਂ ਜਾ ਕੇ ਯੂਨੀਅਨ ਦਾ ਮੋਰਚਾ ਸਮਾਪਤ ਹੋਇਆ।
ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ ਨੇ ਐਲਾਨ ਕੀਤਾ ਕਿ ਕਰਜ਼ੇ ਬਦਲੇ ਕਿਸੇ ਵੀ ਗਰੀਬ ਪਰਿਵਾਰ ਦਾ ਘਰ, ਜ਼ਮੀਨ ਕੁਰਕ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾਵੇਗੀ। ਜਥੇਬੰਦੀਆਂ ਇਸ ਦੇ ਖਿਲਾਫ਼ ਡੱਟ ਕੇ ਤਿੱਖਾ ਸੰਘਰਸ਼ ਕਰਨਗੀਆ।
ਕਿਹਾ ਕਿ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਲੋਕਾਂ ਨੂੰ ਪੱਕਾ ਰੁਜ਼ਗਾਰ ਨਹੀਂ ਮਿਲ ਰਿਹਾ ਅਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਨਾ ਹੋਣ ਕਰਕੇ ਵਿਦੇਸ਼ਾਂ ਵਿੱਚ ਰੁਜ਼ਗਾਰ ਲਈ ਧੱਕੇ ਖਾਣੇ ਪੈ ਰਹੇ ਹਨ। ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਕਾਰਨ ਮੁਸ਼ਕਲਾਂ ਦੇ ਹੱਲ ਲਈ ਲੋੜ ਪੈਣ ਉੱਤੇ ਨਾ ਤਾਂ ਸਰਕਾਰੀ ਬੈਂਕਾਂ ਤੋਂ ਕਰਜ਼ਾ ਮਿਲਦਾ ਅਤੇ ਨਾ ਹੀ ਸਹਿਕਾਰੀ ਸੁਸਾਇਟੀਆਂ ਵਿੱਚ ਮੈਂਬਰ ਬਣਾ ਕੇ ਕੋਈ ਲਾਭ ਮਿਲਦਾ।ਜਿਸ ਕਾਰਨ ਆਮ ਲੋਕ ਸ਼ਾਹੂਕਾਰਾਂ ਜਾਂ ਫਾਇਨਾਂਸਰਾਂ ਦੇ ਮੱਕੜ ਜਾਲ ਵਿੱਚ ਫਸ ਜਾਂਦੇ ਹਨ।ਆਮ ਲੋਕਾਂ ਦੀਆਂ ਮਜ਼ਬੂਰੀਆਂ ਦਾ ਨਜਾਇਜ਼ ਫ਼ਾਇਦਾ ਉਠਾ ਕੇ ਇਹ ਫਾਇਨਾਂਸਰ ਅਤੇ ਸ਼ਾਹੂਕਾਰ ਜਿੱਥੇ ਐਨਾਂ ਕੁਝ ਖ਼ੂਨ ਚੂਸਵਾਂ ਵਿਆਜ ਲਗਾਉਂਦੇ ਹਨ ਕਿ ਲੋਕ ਉਹਨਾਂ ਦੇ ਮੱਕੜਜਾਲ ਚੋਂ ਨਿਕਲ ਨਹੀਂ ਸਕਦੇ ਅਤੇ ਕਈ ਵਾਰ ਤਾਂ ਕਰਜ਼ਾ ਲੈਣ ਮੌਕੇ ਇਹ ਫਾਇਨਾਂਸਰ ਅਤੇ ਸ਼ਾਹੂਕਾਰ ਲੋੜਵੰਦ ਤੇ ਮਜਬੂਰ ਲੋਕਾਂ ਤੋਂ ਕਰਜ਼ਾ ਦੇਣ ਵੇਲੇ ਖ਼ਾਲੀ ਚੈੱਕ, ਅਸ਼ਟਾਮ ਅਤੇ ਹੋਰ ਕੋਰੇ ਪੇਪਰਾਂ ਉੱਪਰ ਦਸਤਖ਼ਤ,ਅੰਗੂਠੇ ਲਗਵਾ ਕੇ ਗਾਰੰਟੀ ਵਜੋਂ ਆਪਣੇ ਪਾਸ ਰੱਖ ਲੈਂਦੇ ਹਨ ਅਤੇ ਧੋਖਾਧੜੀ ਤੇ ਠੱਗੀ ਮਾਰਨ ਦੀ ਨੀਅਤ ਨਾਲ ਉਹਨਾਂ ਪੇਪਰਾਂ ਦੀ ਦੁਰਵਰਤੋਂ ਕਰਕੇ ਲੋਕਾਂ ਦੇ ਘਰ ਤੱਕ ਹੜੱਪ ਜਾਂਦੇ ਹਨ ਅਤੇ ਕੋਰਟ ਕਚਹਿਰੀਆਂ ਵਿੱਚ ਰੁਲਣ ਲਈ ਮਜ਼ਬੂਰ ਕਰਦੇ ਹਨ। ਇਸ ਮਾਮਲੇ ਵਿੱਚ ਵੀ ਪੀੜਤ ਪਰਿਵਾਰ ਨਾਲ ਅਜਿਹਾ ਹੋਇਆ। ਬਿਲਗਾ ਪੁਲਿਸ ਵਿੱਚ ਬੈਠੀਆਂ ਕੁਝ ਕਾਲ਼ੀਆਂ ਭੇਡਾਂ ਅਤੇ ਆਪੇ ਬਣੇ ਪ੍ਰਧਾਨਾਂ ਨਾਲ ਮਿਲ ਕੇ ਫਾਇਨਾਂਸਰ ਵਲੋਂ ਵਿਧਵਾ ਮਾਂ ਅਤੇ ਉਸਦੀ ਲੱਤਾਂ ਤੋਂ ਅਪਾਹਜ ਧੀ ਨੂੰ ਜ਼ਬਰੀ ਬੇਦਖ਼ਲ ਕਰਕੇ ਉਹਨਾਂ ਦੇ ਘਰ ਉੱਪਰ ਨਜਾਇਜ਼ ਕਬਜ਼ਾ ਕਰਨ ਦੀ ਨੀਅਤ ਨਾਲ 20 ਫ਼ਰਵਰੀ ਅਤੇ 5 ਮਾਰਚ ਦੀ ਰਾਤ ਕਰੀਬ 9 ਵਜੇ ਉਹਨਾਂ ਦੇ ਘਰ ਅੰਦਰ ਜ਼ਬਰੀ ਦਾਖ਼ਿਲ ਹੋ ਕੇ ਬਣੇ ਮਕਾਨਾਂ ਦੀਆਂ ਛੱਤਾਂ ਢਾਹ ਦਿੱਤੀਆਂ ਗਈਆਂ ਅਤੇ ਉਹਨਾਂ ਦਾ ਘਰੇਲੂ ਸਾਮਾਨ ਚੋਰੀ ਕਰਕੇ ਲੈ ਗਏ। ਥਾਣਾ ਮੁਖੀ ਅਤੇ 112 ਉੱਤੇ ਪੀੜਤ ਪਰਿਵਾਰ ਨੇ ਫ਼ੋਨ ਕਰਕੇ ਮੱਦਦ ਮੰਗੀ ਪਰ ਪੁਲਿਸ ਨੇ ਮਦਦ ਨਹੀਂ ਕੀਤੀ ਅਤੇ ਬਿਲਗਾ ਪੁਲਿਸ ਕਈ ਹਫ਼ਤੇ ਫਾਇਨਾਂਸਰ ਨਾਲ ਮਿਲੀਭੁਗਤ ਕਰਕੇ ਉਸਦਾ ਪੱਖ ਪੂਰਦੀ ਰਹੀ। ਇਨਸਾਫ਼ ਦਿਵਾਉਣ ਲਈ ਇੱਕ ਪੁਲਿਸ ਅਧਿਕਾਰੀ ਨਾਲ ਮਿਲ ਕੇ ਆਪੇ ਬਣੀ ਮਹਿਲਾ ਮੰਡਲ ਦੀ ਪ੍ਰਧਾਨ ਵਲੋਂ 25 ਹਜ਼ਾਰ ਰੁਪਏ ਵੀ ਲੈ ਲਏ ਗਏ ਅਤੇ ਅੰਤ ਕਿਸੇ ਲਾਲਚਵੱਸ ਉਹ ਵੀ ਫਾਇਨਾਂਸਰ ਨਾਲ ਜਾ ਰਲੀ। ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਜਥੇਬੰਦੀਆਂ ਨੇ ਸੰਘਰਸ਼ ਕਰਕੇ ਪੀੜਤ ਪਰਿਵਾਰ ਨੂੰ ਨਿਆਂ ਦੁਆਉਣ ਦਾ ਐਲਾਨ ਕੀਤਾ। ਜਿਸ ਤਹਿਤ 9 ਮਾਰਚ ਨੂੰ ਸ਼ਾਮ 4 ਵਜੇ ਤੋਂ ਰਾਤ 10 ਵਜੇ ਤੱਕ ਥਾਣੇ ਅੱਗੇ ਮੋਰਚਾ ਲਗਾਉਣਾ ਪਿਆ ਤਾਂ ਜਾ ਕੇ ਪੁਲਿਸ ਨੇ ਵਧੀਕੀ ਕਰਨ ਵਾਲੇ ਫਾਇਨਾਂਸਰ,ਮਹਿਲਾ ਮੰਡਲ ਦੀ ਪ੍ਰਧਾਨ ਸਮੇਤ ਹੋਰਨਾਂ ਖਿਲਾਫ਼ ਜਸਦੀਪ ਕੌਰ ਪੁੱਤਰੀ ਭੋਲਾ ਸਿੰਘ ਪੱਤੀ ਨੀਲੋਵਾਲ ਬਿਲਗਾ ਦੇ ਬਿਆਨ ਦਰਜ ਕਰਦੇ ਹੋਏ ਮੁਕੱਦਮਾ ਨੰਬਰ 40 ਮਿਤੀ 9 ਮਾਰਚ 2026 ਦਰਜ ਕੀਤਾ ਹੈ।
ਜਥੇਬੰਦੀਆਂ ਨੇ ਮੰਗ ਕੀਤੀ ਕਿ ਫਾਇਨਾਂਸਰ ਅਤੇ ਉਸਦੇ ਹਮਾਇਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ,ਪੀੜਤ ਪਰਿਵਾਰ ਦਾ ਚੋਰੀ ਕੀਤਾ ਸਾਮਾਨ ਬਰਾਮਦ ਕਰਕੇ ਪਰਿਵਾਰ ਹਵਾਲੇ ਕੀਤਾ ਜਾਵੇ, ਜ਼ਿੰਮੇਵਾਰ ਪੁਲਿਸ ਅਧਿਕਾਰੀ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਦਰਜ ਮੁਕੱਦਮੇ ਵਿੱਚ ਰਹਿੰਦੀਆਂ ਧਰਾਵਾਂ ਦਾ ਜ਼ੁਰਮ ਵਾਧਾ ਕੀਤਾ ਜਾਵੇ ਅਤੇ ਸ਼ਾਹੂਕਾਰਾਂ ਤੇ ਫਾਇਨਾਂਸਰਾਂ ਦੀ ਚੁਗ਼ਲ ਚੋਂ ਆਮ ਲੋਕਾਂ ਨੂੰ ਬਚਾਉਣ ਲਈ ਸਰਕਾਰੀ ਬੈਂਕਾਂ ਅਤੇ ਸਹਿਕਾਰੀ ਸੁਸਾਇਟੀਆਂ ਵਿੱਚ ਕਰਜ਼ੇ ਦੇ ਰਾਖਵੇਂ ਬਜਟ ਰੱਖਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹਨਾਂ ਮੰਗਾਂ ਨੂੰ ਹੱਲ ਨਾ ਕੀਤਾ ਗਿਆ ਤਾਂ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆਂ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਤਹਿਸੀਲ ਪ੍ਰਧਾਨ ਚੰਨਣ ਸਿੰਘ ਬੁੱਟਰ, ਦਰਸ਼ਨਪਾਲ ਬੁੰਡਾਲਾ, ਨੌਜਵਾਨ ਭਾਰਤ ਸਭਾ ਦੇ ਕੁਲਜੀਤ ਬਿਲਗਾ ਆਦਿ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਪੀੜਤ ਪਰਿਵਾਰ ਦੀ ਅਪਾਹਜ ਲੜਕੀ
ਨੇ ਬਿਆਨ ਲਿਖਾਉਂਦੇ ਹੋਏ ਦੱਸਿਆ ਕਿ ਫਾਇਨਾਂਸਰ ਕਹਿਣ ਪਰ ਉਸ ਦੇ ਮੁਲਾਜ਼ਮ ਜਾਂ ਪਰਿਵਾਰਿਕ ਮੈਂਬਰ ਮੇਰੀ ਮਾਤਾ ਦੇ ਖਾਤੇ ਵਿੱਚ ਪੈਸੇ ਕਢਵਾਉਂਦੇ ਰਹੇ ਹਨ ਅਤੇ ਹੁਣ ਵੀ ਉਕਤ ਸਾਡੇ ਦਸਤਾਵੇਜਾਂ ਸਮੇਤ ATM ਉਕਤ ਗੁਰਨਾਮ ਫਾਈਨਾਂਸ ਦੇ ਮਾਲਕ ਹਿੱਸੇਦਾਰਾਂ ਨੇ ਆਪਣੇ ਕਬਜੇ ਵਿੱਚ ਰੱਖਿਆ ਹੋਇਆ ਹੈ ਸਾਨੂੰ ਮੇਰੀ ਮਾਤਾ ਦੀ ਸਿਹਤ ਵਿਗੜਨ ਕਾਰਨ ਉਸ ਨੂੰ ਅਮ੍ਰਿਤਸਰ ਵਿਖੇ ਇਲਾਜ ਲਈ ਮਿਤੀ 25.11.2025 ਨੂੰ ਲਿਜਾਣਾ ਪਿਆ ਅਤੇ ਕਈ ਦਿਨ ਮੇਰੀ ਮਾਤਾ ਉਥੇ ਹੀ ਇਲਾਜ ਅਧੀਨ ਰਹੀ ਤਾਂ ਸਾਡੀ ਗੈਰਹਾਜਰੀ ਵਿੱਚ ਮਿਤੀ 15.12 2025 ਦੀ ਰਾਤ ਕਰੀਬ 07:30 ਦਾ ਸਮਾਂ ਹੋਵੇਗਾ ਕਿ ਮੈਨੂੰ ਜਾਣਕਾਰੀ ਮਿਲੀ ਕਿ ਸਾਡਾ ਘਰੇਲੂ ਸਮਾਨ ਸਾਡੇ ਘਰ ਅੰਦਰ ਜਬਰਦਸਤੀ ਦਾਖਲ ਹੋ ਕੇ ਉਕਤ ਗੁਰਨਾਮ ਫਾਈਨਾਂਸ ਦੇ ਮਾਲਕ ਬਾ ਹਿੱਸੇਦਾਰ ਵੱਲੋਂ ਕੁੱਝ ਲੋਕਾਂ ਨੂੰ ਨਾਲ ਲੈ ਕੇ ਚੋਰੀ ਕਰਕੇ ਲੈ ਗਏ ਹਨ ਇਹ ਸਮਾਨ ਦੇ ਬੈਡ, ਦੇ ਮੰਜੇ, ਦਾਣਿਆ ਸਮੇਤ ਲੋਹਾ ਡਰੱਮ, ਲੋਹਾ ਪੇਟੀ, ਫਿਜ, ਕੁਲਰ ਸ਼ਾਮਿਲ ਸਨ ਅਸੀ ਹਸਪਤਾਲ ਵਿੱਚ ਹੋਣ ਕਰਕੇ ਮੌਕੇ ਪਰ ਨਹੀ ਪਹੁੰਚ ਸਕੇ ਪਰ ਉਕਤ ਹਰਮਿੰਦਰ ਪਾਲ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਸਾਡੀ ਮਜਬੂਰੀ ਦਾ ਨਜਾਇਜ ਫਾਇਦਾ ਉਠਾ ਰਹੇ ਹੋ ਤੇ ਇਹ ਕੰਮ ਗਲਤ ਕੀਤਾ ਹੈ ਤਾਂ ਸਾਨੂੰ ਮਿਤੀ 20.02.2026 ਨੂੰ ਮੁੜ ਪਤਾ ਲੱਗਾ ਕਿ ਉਕਤ ਹਰਮਿੰਦਰ ਪਾਲ ਕੁੱਝ ਹੋਰ ਲੋਕਾਂ ਨਾਲ ਮਿਲ ਕੇ ਸਾਡੇ ਰਿਹਾਇਸ਼ੀ ਘਰ ਦਾ ਉਪਰਲੀ ਮੰਜਲ ਪਰ ਬਣਿਆ ਕਮਰਾ, ਰਸੋਈ, ਬਾਥਰੂਮ ਦੀ ਭੰਨ ਤੋੜ ਕਰ ਰਹੇ ਹਨ ਤਾਂ ਜਦੋਂ ਅਸੀਂ ਮੌਕਾ ਪਰ ਆਏ ਤਾਂ ਇਹ ਮੌਕਾ ਤੋਂ ਦੌੜ ਗਏ ਤਾਂ ਅਸੀਂ ਆਪਣੀ ਜਾਣਕਾਰ ਮਹਿਲਾ ਮੰਡਲ ਦੀ ਪ੍ਰਧਾਨ ਊਸ਼ਾ ਰਾਣੀ ਵਾਸੀ ਗੁਰਾਇਆ ਪਾਸੋਂ ਮਦਦ ਮੰਗੀ ਅਤੇ ਨਿਆਂ ਲਈ ਉਚ ਅਫਸਰਾਂ ਅਤੇ ਆਪ ਜੀ ਦੇ ਥਾਣੇ ਲਿਖਤੀ ਸ਼ਿਕਾਇਤ ਕੀਤੀ । ਮਿਤੀ 05.03.2026 ਰਾਤ 9 PM ਵੇਲੇ ਮੈਂ ਅਤੇ ਮੇਰੀ ਮਾਤਾ ਆਪਣੇ ਘਰ ਵਿੱਚ ਅਰਾਮ ਕਰ ਰਹੇ ਸੀ ਤਾਂ ਦਰਵਾਜਾ ਖਟਕਿਆ ਤਾਂ ਮੈਂ ਪੁੱਛਿਆ ਕਿ ਕੌਣ ਹੈ ਤਾਂ ਅੱਗੇ ਅਵਾਜ ਆਈ ਕਿ ਮੈਂ ਉਸ਼ਾ ਰਾਣੀ ਪ੍ਰਧਾਨ ਹਾਂ ਦਰਵਾਜਾ ਖੋਲੇ ਤਾਂ ਮੈਂ ਦਰਵਾਜਾ ਖੇਲ ਰਹੀ ਸੀ ਤਾਂ ਉਸਾ ਰਾਣੀ ਸਮੇਤ ਉਕਤ ਹਰਮਿੰਦਰ ਪਾਲ ਅਤੇ 06/07 ਹੋਰ ਮਰਦ-ਔਰਤਾਂ ਦਰਵਾਜੇ ਨੂੰ ਧੱਕਾ ਮਾਰਕੇ ਸਾਡੇ ਘਰ ਅੰਦਰ ਜਬਰਦਸਤੀ ਦਾਖਲ ਹੋਏ ਅਤੇ ਹਰਮਿੰਦਰ ਪਾਲ ਦੇ ਧੰਮਕਾਉਣ ਤੇ ਕਿ ਇਹਨਾ ਨੂੰ ਫੜ ਕੇ ਤੇ ਘਰ ਵਿੱਚੋਂ ਬਾਹਰ ਕੱਢ ਦਿਓ ਅਤੇ ਦੋਵਾਂ ਕਮਰਿਆਂ ਦੀਆਂ ਛੱਤਾਂ ਢਾਹ ਦਿਓ ਤਾਂ ਉਕਤ ਉਸ਼ਾ ਰਾਣੀ ਅਤੇ ਹੋਰ ਦੇ ਔਰਤਾਂ ਨੇ ਮੈਨੂੰ ਵੀਲ ਚੇਅਰ ਸਮੇਤ ਫੜਕੇ ਧੱਕੇ ਨਾਲ ਘਰੋਂ ਬਾਹਰ ਕੱਢ ਦਿਤਾ ਅਤੇ ਦੂਜੇ ਵਿਅਕਤੀਆਂ ਨੇ ਮੇਰੀ ਮਾਤਾ ਜੇ ਚਲ-ਫਿਰ ਨਹੀ ਸਕਦੀ ਨੂੰ ਸਮੇਤ ਮੰਜਾ ਜਬਰੀ ਬਾਹਰ ਕੱਢ ਦਿਤਾ ਅਤੇ ਗੇਟ ਲਗਾ ਕੇ ਕਮਰੇ ਦੀਆਂ ਛੱਤਾਂ ਤੋੜਨੀਆਂ ਸ਼ੁਰੂ ਕਰ ਦਿਤੀਆਂ ਮੈਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਮੇਰੀਆ ਅੱਖਾ ਦੇ ਸਾਹਮਣੇ ਹੀ ਸਾਡੇ ਕਮਰਿਆ ਦੀਆਂ ਦੋਨੇ ਛੱਤਾਂ ਦਾ ਕਾਫੀ ਹਿੱਸਾ ਇਹਨਾਂ ਹਮਲਾਵਰਾਂ ਨੇ ਜਬਰੀ ਰੋੜ ਕੇ ਸਾਡਾ ਕਰੀਬ 02 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਪਹੁੰਚਾਇਆ ਅਤੇ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਸਾਡਾ ਘਰੇਲੂ ਸਮਾਨ ਇਨਵਰਟਰ ਸਮੇਤ ਬੈਟਰੀ, ਪਾਣੀ ਵਾਲਾ ਟੁੱਲੂ ਪੰਪ, ਪਾਣੀ ਵਾਲੀ ਟੈਂਕੀ, ਲੈਪਟਾਪ, 02 ਗੈਸ ਸਲੈਡਰ, ਚੁੱਲਾ, ਬਰਤਨ, ਆਟੇ ਵਾਲੀ ਡਰੰਮੀ, ਦੋ ਟੇਬਲ, ਸਪਲੈਂਡਰ ਮੋਟਰਸਾਈਕਲ/TVS Radion ਨੰਬਰੀ 1526 ਅਤੇ ਗੀਜਰ ਜਬਰੀ ਚੁੱਕ ਕੇ ਲੈ ਗਏ ਅਤੇ ਜਾਂਦੇ ਹੋਏ ਉਕਤ ਹਰਮਿੰਦਰ ਪਾਲ ਧਮਕਾ ਕੇ ਗਿਆ ਕਿ ਤੁਹਾਡੇ ਘਰ ਉਪਰ ਮੈਂ ਕਬਜਾ ਕਰਕੇ ਹੀ ਦਮ ਲਵਾਂਗਾ ਸਾਨੂੰ ਪਤਾ ਲੱਗਾ ਹੈ ਕਿ ਉਕਤ ਗੁਰਨਾਮ ਫਾਈਨਾਂਸ ਦੇ ਮਾਲਕ/ਹਿੱਸੇਦਾਰਾਂ ਨੇ ਅਤੇ ਹਰਮਿੰਦਰ ਪਾਲ ਨੇ ਆਪਸ ਵਿੱਚ ਇੱਕ ਸਲਾਹ ਹੋ ਕੇ ਧੋਖਾ ਧੜੀ ਅਤੇ ਠੱਗੀ ਮਾਰਨ ਦੀ ਨੀਅਤ ਨਾਲ ਸਾਡੇ ਵੱਲੋਂ ਉਧਾਰ ਰਕਮ ਲੈਣ ਮੌਕੇ ਵੱਖ ਵੱਖ ਸਮਿਆਂ ਚ ਦਿਤੇ ਗਏ ਖਾਲੀ ਅਸ਼ਟਾਮ ਅਤੇ ਹੋਰ ਕੈਰੋ ਪੇਪਰਾ ਪਰ ਅੰਗੂਠੇ ਅਤੇ ਦਸਤਖਤਾਂ ਵਾਲੇ ਪੇਪਰਾਂ ਦੀ ਦੁਰਵਰਤੋਂ ਕਰ ਸਕਦੇ ਹਨ ਅਤੇ ਇਹ ਦੁਰਵਰਤੋਂ ਕਰਕੇ ਕੋਈ ਝੂਠਾ ਅਤੇ ਫਰਜੀ ਇਕਰਾਰਨਾਮਾ ਜਾਂ ਕਬਜਾ ਛੱਡਣ ਸਬੰਧੀ ਕੋਈ ਦਸਤਾਵੇਜ ਤਿਆਰ ਕਰ ਸਕਦੇ ਹਨ ਕਿਉਕਿ ਅਸੀ ਆਪਣਾ ਘਰ ਦਾ ਕਬਜਾ ਛੱਡਣ ਸਬੰਧੀ ਜਾਂ ਘਰ ਵੇਚਣ ਸਬੰਧੀ ਉਕਤ ਹਰਮਿੰਦਰ ਪਾਲ ਨਾਲ ਕੋਈ ਵੀ ਇਕਰਾਰਨਾਮਾ ਕਿਸੇ ਵੀ ਗਵਾਹਾਂ ਦੀ ਹਾਜਰੀ ਵਿੱਚ ਨਹੀ ਕੀਤਾ ਉਕਤ ਗੁਰਨਾਮ ਛਾਈਨਾਸ ਦੇ ਮਾਲਕ ਬਾ ਹਿੱਸੇਦਾਰ ਸਾਡੇ ਘਰ ਉਪਰ ਨਜਾਇਜ ਕਬਜਾ ਕਰਨ ਦੀ ਨੀਅਤ ਨਾਲ ਸਾਡੇ ਕਮਰਿਆ ਰਸੋਈ, ਬਾਥਰੂਮ ਆਦਿ ਦੀ ਸਾਡੇ ਘਰ ਅੰਦਰ ਜਬਰਦਸਤੀ ਦਾਖਲ ਹੋ ਕੇ ਲੱਖਾਂ ਰੁਪਏ ਦਾ ਨੁਕਸਾਨ ਪਹੁੰਚਾ ਚੁੱਕੇ ਹਨ ਅਤੇ ਸਾਡਾ ਉਪਰੋਕਤ ਸਮਾਨ ਚੋਰੀ ਕਰਕੇ ਲੈ ਗਏ ਹਨ ਅਤੇ ਸਾਡੇ ਨਾਲ ਧੱਕੇਸ਼ਾਹੀ ਕਰ ਰਹੇ ਹਨ ਉਕਤਾਨ ਖਿਲਾਫ ਕਾਰਵਾਈ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ।