
ਕਰਤਾਰਪੁਰ,4 ਅਪ੍ਰੈਲ,
ਇੱਕ ਪਾਸੇ ਖ਼ਰਾਬ ਮੌਸਮ ਕਾਰਨ ਦਿਨ ਰਾਤ ਕਿਣਮਿਣ ਹੋ ਰਹੀ ਹੈ ਅਤੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੀ ਬੇਰੁੱਖੀ ਦੇ ਚਲਦਿਆਂ ਬੇਅਦਬੀ ਕਰਵਾਉਣ ਵਾਲਿਆਂ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਵੱਖ ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੀ ਅਗਵਾਈ ਹੇਠ ਮਰਦ ਤੇ ਔਰਤਾਂ ਵਲੋਂ ਸਥਾਨਕ ਥਾਣੇ ਅੱਗੇ ਅੱਜ ਤੀਸਰੇ ਦਿਨ ਵੀ ਦਿਨ ਰਾਤ ਦਾ ਮੋਰਚਾ ਜਾਰੀ ਰੱਖਿਆ ਹੋਇਆ ਹੈ। ਇਸ ਮੌਕੇ ਦਲਿਤ ਵਿਰੋਧੀ ਰਵੱਈਏ ਖਿਲਾਫ਼ ਸੂਬਾ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਜ਼ਿਸ਼ ਤਹਿਤ ਭਗਵਾਨ ਵਾਲਮੀਕਿ ਜੀ ਦੇ ਨਿਸ਼ਾਨ ਸਾਹਿਬ ਦੀ ਬੇਅਬਦੀ ਕਰਵਾਉਣ ਸੰਬੰਧੀ ਪਰਚਾ ਦਰਜ ਕਰਵਾ ਕੇ ਹੀ ਦਮ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨਿਕ ਅਧਿਕਾਰੀ ਪੂਰੀ ਤਰ੍ਹਾਂ ਦਬਾਅ ਹੇਠ ਕੰਮ ਕਰ ਰਹੇ ਹਨ। ਪਿੰਡ ਪੱਤੜ ਕਲਾਂ ਵਿਖੇ ਸਾਜ਼ਿਸ਼ ਤਹਿਤ ਭਗਵਾਨ ਵਾਲਮੀਕਿ ਜੀ ਦੇ ਨਿਸ਼ਾਨ ਸਾਹਿਬ ਦੀ ਭੰਨਤੋੜ ਕਰਕੇ ਬੇਅਦਬੀ ਕਰਵਾਉਣ ਵਾਲਿਆਂ ਖਿਲਾਫ਼ ਮਾਮਲਾ ਦਰਜ ਕਰਨ ਦੇ ਮਾਮਲੇ ਤੋਂ ਵੀ ਦੇਖੀ ਜਾ ਸਕਦੀ ਹੈ। ਇਸ ਮਾਮਲੇ ਵਿੱਚ ਸਿਆਸੀ ਦਬਾਅ ਹੇਠ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਲਾਚਾਰ ਨਜ਼ਰ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਦੇਸ਼ ਦੀ ਸਰਵ ਉੱਚ ਅਦਾਲਤ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਕਾਨੂੰਨ ਦੇ ਰਖਵਾਲੇ ਕਾਨੂੰਨ ਦੀ ਪਾਲਣਾ ਕਰਨ ਤੋਂ ਹੱਥ ਖੜ੍ਹੇ ਕਰੀਂ ਬੈਠੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਪਰਚਾ ਦਰਜ ਕਰਕੇ ਸਾਜ਼ਿਸ਼ ਹੇਠ ਬੇਅਦਬੀ ਕਰਵਾਉਣ ਅਤੇ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਪਾਸੇ ਧਿਆਨ ਦੇਣ ਦੀ ਥਾਂ ਸੱਤਾਧਾਰੀ ਧਿਰ ਦੇ ਆਗੂਆਂ ਨੂੰ ਖੁਸ਼ ਕਰਨ ਅਤੇ ਉਹਨਾਂ ਦੀ ਸ਼ਾਬਾਸ਼ ਲੈਣ ਲਈ ਮਸਲੇ ਉੱਪਰ ਮਿੱਟੀ ਪਾਉਣ ਦਾ ਪੂਰਾ ਤਾਣ ਲਾਇਆ ਜਾ ਰਿਹਾ ਹੈ। ਜੋ ਅਤਿ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਨਿਸ਼ਾਨ ਸਾਹਿਬ ਵਾਲੀ ਜ਼ਮੀਨ ਸਮੇਤ ਸੱਤਾਧਾਰੀ ਧਿਰ ਦੇ ਵਿਅਕਤੀ ਦਲਿਤ ਪਰਿਵਾਰਾਂ ਨੂੰ ਅਲਾਟ ਹੋਏ ਪਲਾਟਾਂ ਵਾਲੀ 4 ਏਕੜ ਜ਼ਮੀਨ ਅਤੇ ਪੰਚਾਇਤੀ ਜ਼ਮੀਨ ਚੋਂ ਰਾਖਵੇਂ ਕਾਨੂੰਨੀ ਤੀਸਰੇ ਹਿੱਸੇ ਦੇ ਨਾਲ ਨਾਲ ਕਰੀਬ 30 ਏਕੜ ਜ਼ਮੀਨ ਹੜੱਪਣਾ ਚਾਹੁੰਦੇ ਹਨ ਅਤੇ ਪ੍ਰਸ਼ਾਸਨਿਕ ਅਧਿਕਾਰੀ ਸਿਆਸੀ ਦਬਾਅ ਹੇਠ ਉਹਨਾਂ ਦਾ ਗ਼ੈਰਕਾਨੂੰਨੀ ਸਾਥ ਦੇ ਰਹੇ ਹਨ। ਉਨ੍ਹਾਂ ਇਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਦੀ ਮੰਗ ਵੀ ਕੀਤੀ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਥਾਣੇ ਸਾਹਮਣੇ ਲਿੰਕ ਰੋਡ ਉੱਪਰ ਲੱਗੇ ਦਿਨ ਰਾਤ ਦੇ ਧਰਨੇ ਕਾਰਨ ਆਮ ਲੋਕਾਂ ਨੂੰ ਇੱਧਰ ਉੱਧਰ ਆਉਣ ਜਾਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਪਰਚਾ ਦਰਜ ਕਰਕੇ ਮੋਰਚਾ ਖ਼ਤਮ ਕਰਨ ਅਤੇ ਲੋਕਾਂ ਦੀ ਇਸ ਮੁਸ਼ਕਲ ਨੂੰ ਹੱਲ ਕਰਵਾਉਣ ਲਈ ਗੰਭੀਰਤਾ ਨਹੀਂ ਦਿਖਾ ਰਿਹਾ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਯੂਨੀਅਨ ਦੇ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ, ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰਾ,ਸਰਵਨ ਸਿੰਘ ਰੌਮੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਵੀਰ ਕੁਮਾਰ, ਡਾ.ਅੰਬੇਡਕਰ ਸੰਘਰਸ਼ ਮੋਰਚਾ ਦੇ ਉਪ ਪ੍ਰਧਾਨ ਡਾਕਟਰ ਹਰਜਿੰਦਰ ਮੱਟੂ, ਅੰਮ੍ਰਿਤਪਾਲ ਸਿੰਘ, ਬਾਬਾ ਜੀਵਨ ਸਿੰਘ ਦਲ ਜਥੇਦਾਰ ਬਾਬਾ ਹੀਰਾ ਸਿੰਘ,ਮਿਸਲ ਬਾਬਾ ਜੀਵਨ ਸਿੰਘ ਚੱਕਰਵਰਤੀ ਪੰਜਾਬ ਭਾਰਤ ਜਥੇਦਾਰ ਬਾਬਾ ਰਵੀਪਾਲ ਸਿੰਘ ਸ੍ਰੀ ਅਨੰਦਪੁਰ ਸਾਹਿਬ ਤੋਂ ਇਲਾਵਾ ਰੋਸ਼ਨ ਸੱਭਰਵਾਲ, ਸਰਬਜੀਤ ਸਿੰਘ,ਮੰਗਾ ਸਿੰਘ,ਵਿੱਕੀ ਪੱਤੜ,ਸੰਨੀ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
*ਕੈਪਸਨ: ਨਾਅਰੇਬਾਜ਼ੀ ਕਰਦੇ ਧਰਨਾਕਾਰੀ, ਸੰਬੋਧਨ ਕਰਦਾ ਆਗੂ ਅਤੇ ਜਾਮ ਚ ਫ਼ਸੇ ਵਾਹਨ*