ਜਲੰਧਰ:18 ਅਪ੍ਰੈਲ-
‘ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ’, ਸਬੰਧਤ ਸੀ ਟੀ ਯੂ ਪੰਜਾਬ ਦੇ ਸੂਬਾਈ ਅਹੁਦੇਦਾਰਾਂ ਦੀ ਮੀਟਿੰਗ ਕਾਮਰੇਡ ਮੱਖਣ ਸਿੰਘ ਜਖੇਪਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਨੂੰ ਸੰਬੋਧਨ ਕਰਨ ਲਈ ਸੀਟੀਯੂ ਪੰਜਾਬ ਦੇ ਪ੍ਰਧਾਨ ਕਾਮਰੇਡ ਦੇਵ ਰਾਜ ਵਰਮਾ ਅਤੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ ਉਚੇਚੇ ਪੁੱਜੇ।
ਇਹ ਜਾਣਕਾਰੀ ਅੱਜ ਇੱਥੋਂ ਜਾਰੀ ਇਕ ਬਿਆਨ ਰਾਹੀਂ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਪਠਾਨਕੋਟ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੀਟਿੰਗ ਵੱਲੋਂ ਭਰਵੀਂ ਵਿਚਾਰ ਚਰਚਾ ਕਰਨ ਉਪਰੰਤ ਪੰਜਾਬ ਸਰਕਾਰ ਵਲੋਂ ਭੱਠਾ ਮਜ਼ਦੂਰਾਂ ਨੂੰ ਲਗਾਤਾਰ ਅਣਗੌਲਿਆਂ ਕੀਤੇ ਜਾਣ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਹੋਰ ਮੁਸ਼ਕਲਾਂ ਦੂਰ ਕਰਵਾਉਣ ਲਈ ਤਿੱਖਾ ਸੰਘਰਸ਼ ਵਿੱਢਣ ਦੀ ਰੂਪ ਰੇਖਾ ਉਲੀਕੀ ਗਈ ਹੈ। ਮੀਟਿੰਗ ਵਲੋਂ ਇਸੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਮਜ਼ਦੂਰ ਜਮਾਤ ‘ਚ ਧਰਮ ਦੇ ਨਾਂ ‘ਤੇ ਫੁਟ ਪਾਉਣ ਵਾਲੀ ਮੋਦੀ-ਸ਼ਾਹ ਸਰਕਾਰ ਨੂੰ ਹਰਾਉਣਾ ਲਈ ਡੱਟਵੀਂ ਮੁਹਿੰਮ ਚਲਾਉਣ ਦਾ ਨਿਰਣਾ ਲਿਆ ਗਿਆ ਹੈ। ਮੀਟਿੰਗ ਵਲੋਂ ਦੇਸ਼ ਦੇ ਸਮੂਹ ਕਿਰਤੀਆਂ ਖਾਸ ਕਰਕੇ ਭੱਠਾ ਕਾਮਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਕਾਰਪੋਰੇਟ ਘਰਾਣਿਆਂ ਦੀ ਸੇਵਾ ਹਿਤ 44 ਮਜ਼ਦੂਰ ਪੱਖੀ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਬਣਾਉਣ ਵਾਲੀ ਮੋਦੀ ਸਰਕਾਰ ਦੀ ਹਾਰ ਯਕੀਨੀ ਬਨਾਉਣ ਲਈ ਹੰਭਲਾ ਮਾਰਨ।
ਮੀਟਿੰਗ ਵਲੋਂ ਭੱਠਾ ਮਜ਼ਦੂਰਾਂ ਦੀਆਂ ਵੱਖੋ-ਵੱਖ ਕੈਟਿਗਿਰੀਆਂ ਦੇ ਰੇਟਾਂ ਵਿਚ ਵਾਧਾ ਕਰਾਉਣ, ਜਮਾਂਦਾਰਾਂ ਨੂੰ ਮਿਨੀਮਮ ਵੇਜ਼ ਅਨੁਸਾਰ ਜਮਾਂਦਾਰੀ ਕਮਿਸ਼ਨ ਲਾਗੂ ਕਰਾਉਣ, ਭੱਠਿਆਂ ਉਪਰ ਔਰਤਾਂ ਤੇ ਮਰਦਾਂ ਲਈ ਵੱਖਰੇ ਸ਼ੌਚਾਲਯ ਅਤੇ ਰਿਹਾਇਸ਼ੀ ਕਵਾਟਰਾਂ ਦਾ ਪ੍ਰਬੰਧ ਕਰਵਾਉਣ ਲਈ ਜਿਲ੍ਹਾ ਹੈਡਕੁਆਰਟਰਾਂ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਮੁਟਿੰਗ ਵਲੋਂ ਯੂਨੀਅਨ ਦਾ ਮਜ਼ਬੂਤ ਢਾਂਚਾ ਕਾਇਮ ਕਰਨ ਲਈ ਸਾਰੇ ਜਿਲ੍ਹਿਆਂ ਵਿੱਚ ਮੈਂਬਰਸ਼ਿਪ ਕਰਕੇ ਮਈ ਦੇ ਅੰਤ ਤੱਕ ਜਿਲ੍ਹਾ ਅਜਲਾਸ ਕਰਨ ਅਤੇ ਜੂਨ ਮਹੀਨੇ ਯੂਨੀਅਨ ਦਾ ਸੂਬਾਈ ਅਜਲਾਸ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ।
ਜਾਰੀ ਕਰਤਾ – ਸ਼ਿਵ ਕੁਮਾਰ ਪਠਾਨਕੋਟ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।