ਜਲੰਧਰ 30 ਮਾਰਚ :
ਇਫਟੂ, ਸੀਟੀਯੂ, ਏਟਕ ਸਮੇਤ
ਕੇਂਦਰੀ ਅਤੇ ਪੰਜਾਬ ਦੀਆਂ ਟਰੇਡ ਯੂਨੀਅਨਾਂ ਵਲੋਂ ਚਾਰ ਲੇਬਰ ਕੋਡਾਂ ਦੇ ਵਿਰੋਧ ਵਿੱਚ ਕਾਲਾ ਦਿਵਸ ਐਲਾਨਦਿਆਂ 1 ਅਪ੍ਰੈਲ ਨੂੰ ਪੰਜਾਬ ਭਰ ਚ “ਸੰਘਰਸ਼ ਦਿਵਸ” ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਕੜੀ ਵਜੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਕੱਠੇ ਹੋ ਕੇ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਜਾਵੇਗਾ। ਅੱਜ ਏਥੇ ਮਜ਼ਦੂਰ ਆਗੂ ਹਰੀਮੁਨੀਂ ਸਿੰਘ ਦੀ ਪ੍ਰਧਾਨਗੀ ਹੇਠ ਟਰੇਡ ਯੂਨੀਅਨਾਂ ਦੀ ਹੋਈ ਮੀਟਿੰਗ ਚ ਫ਼ੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਸੀਟੀਯੂ ਦੇ ਹਰੀਮੁਨੀ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ,ਏਟਕ ਆਗੂ ਰਣਜੀਤ ਸਿੰਘ ਔਲਖ ਅਤੇ ਰਛਪਾਲ ਕੈਲੇ ਆਦਿ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਤੇ ਦੇਸ਼ੀ ਵਿਦੇਸ਼ੀ ਸਰਮਾਏਦਾਰਾਂ ਨੂੰ ਖੁਸ਼ ਕਰਨ ਲਈ ਮਜ਼ਦੂਰਾਂ ਤੋਂ ਯੂਨੀਅਨ ਬਣਾਉਣ ਤੇ ਸੰਘਰਸ਼ ਕਰਨ ਵਰਗੇ ਜਮਹੂਰੀ ਹੱਕ ਖੋਹਣ ਲਈ ਮਜ਼ਦੂਰ ਪੱਖੀ 29 ਲੇਬਰ ਕਾਨੂੰਨਾਂ ਨੂੰ ਖ਼ਤਮ ਕਰਕੇ 4 ਲੇਬਰ ਕੋਡ ਲੈ ਕੇ ਆਈ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਹਨਾਂ ਚਾਰ ਲੇਬਰ ਕੋਡਾਂ ਨੂੰ 1 ਅਪ੍ਰੈਲ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੋਡ ਲਾਗੂ ਹੋਣ ਨਾਲ ਮਜ਼ਦੂਰਾਂ ਕੋਲ ਆਪਣੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਅਤੇ ਪ੍ਰਾਪਤ ਕਰਨ ਲਈ ਯੂਨੀਅਨ ਬਣਾਉਣ ਅਤੇ ਸੰਘਰਸ਼ ਕਰਨ ਦਾ ਜਮਹੂਰੀ ਅਧਿਕਾਰ ਖ਼ਤਮ ਹੋ ਜਾਵੇਗਾ। ਪੱਕੀ ਨੌਕਰੀ ਦੀ ਥਾਂ “ਫਿਕਸਡ ਟਰਮ ਇੰਪਲਾਇਮੈਂਟ” ਲਾਗੂ ਹੋਵੇਗਾ,ਨੌਕਰੀ ਦੀ ਸੁਰੱਖਿਆ ਖ਼ਤਮ ਹੋ ਜਾਵੇਗੀ। ਕੰਮ ਦਾ ਮਿਹਨਤਾਨਾ ਵਧਾਉਣ ਦੀ ਥਾਂ ਕੰਮ ਘੰਟੇ 8 ਤੋਂ 12 ਘੰਟੇ ਦੀ ਦਿਹਾੜੀ ਹੋਵੇਗੀ।
ਇਨ੍ਹਾਂ ਕੋਡਾਂ ਰਾਹੀਂ ਗਰੀਬੀ ਰੇਖਾ ਤੋਂ ਹੇਠਾਂ ਇਕ ਰਾਸ਼ਟਰੀ ਫਲੋਰ ਘੱਟੋ-ਘੱਟ ਮਜ਼ਦੂਰੀ ਨੂੰ ਕਾਨੂੰਨੀ ਜਾਮਾ ਪਹਿਨਾਇਆ ਜਾ ਰਿਹਾ ਹੈ, ਜਿਸ ਨਾਲ ਅਸਲ ਘੱਟੋ-ਘੱਟ ਮਜ਼ਦੂਰੀ ਦੇ ਅਧਿਕਾਰ ਨੂੰ ਖਤਮ ਕੀਤਾ ਜਾ ਰਿਹਾ ਹੈ। ਅਸੰਗਠਿਤ ਖੇਤਰ ਦੇ ਮਜ਼ਦੂਰਾਂ ਨੂੰ ਹੱਕਾਂ ਤੋਂ ਵੰਚਿਤ ਕੀਤਾ ਗਿਆ ਹੈ। ਇਹ ਕੋਡ ਭਾਰਤੀ ਸੰਵਿਧਾਨ, ਅੰਤਰਰਾਸ਼ਟਰੀ ਮਜ਼ਦੂਰ ਮਿਆਰਾਂ ਅਤੇ ਮਨੁੱਖੀ ਅਧਿਕਾਰਾਂ ਦੇ ਖਿਲਾਫ਼ ਹਨ। ਇਸਦਾ ਡੱਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਡੀਆਂ ਕੁਰਬਾਨੀ ਦੇ ਕੇ ਪ੍ਰਾਪਤ ਕੀਤੇ ਅਧਿਕਾਰਾਂ ਅਤੇ ਮਜ਼ਦੂਰਾਂ ਵਿਰੋਧੀ ਚਾਰ ਲੇਬਰ ਕੋਡ ਰੱਦ ਕਰਵਾਉਣ ਲਈ ਮਜ਼ਦੂਰ ਲਹਿਰ ਖੜ੍ਹੀ ਕਰਦਿਆਂ ਸੰਘਰਸ਼ਾਂ ਦੇ ਮੈਦਾਨ ਵਿੱਚ ਕੁੱਦਣਾ ਹੋਵੇਗਾ।