ਜਲੰਧਰ(30-01-2026): ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਨੂੰ ਸਮਰਪਿਤ ਵਿਸ਼ਵ ਲੈਪਰੋਸੀ ਦਿਵਸ ਦੇ ਸਬੰਧ ਵਿੱਚ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਜਲੰਧਰ ਵੱਲੋਂ ਕੁਸ਼ਟ ਆਸ਼ਰਮ ਜਲੰਧਰ ਵਿਖੇ ਜਿਲ੍ਹਾ ਪੱਧਰੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਆਈ.ਐਮ.ਏ. ਦੇ ਸਹਿਯੋਗ ਨਾਲ ਜਿਲ੍ਹਾ ਲੈਪਰੋਸੀ ਅਫ਼ਸਰ ਡਾ. ਦਲਜੀਤ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਗਏ ਇਸ ਸਮਾਰੋਹ ਵਿੱਚ ਜਿਲ੍ਹਾ ਸਹਾਇਕ ਸਿਹਤ ਅਫ਼ਸਰ ਡਾ. ਮੀਰਾ, ਐਸ.ਐਮ.ਓ. ਪੀ.ਪੀ. ਯੂਨਿਟ ਡਾ. ਇੰਦੂ , ਡਾ. ਧੀਰਜ ਭਾਟੀਆ ਪ੍ਰੇਜੀਡੈਂਟ ਆਈ.ਐਮ.ਏ. ਜਲੰਧਰ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਦੌਰਾਨ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਪ੍ਰਤਿਮਾ ‘ਤੇ ਸ਼ਰਧਾ-ਸੁਮਨ ਭੇਂਟ ਕੀਤੇ ਗਏ ਅਤੇ ਦੋ ਮਿੰਟ ਦਾ ਮੌਨ ਵੀ ਧਾਰਨ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਜਲੰਧਰ, ਸਹਾਰਾ ਸੇਵਾ ਸਮਿਤੀ ਸਿਵਲ ਹਸਪਤਾਲ ਜਲੰਧਰ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਕੁਸ਼ਟ ਆਸ਼ਰਮ ਵਿੱਚ ਮੌਜੂਦ ਲੋੜਵੰਦਾਂ ਨੂੰ ਮੁਫਤ ਦਵਾਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਆਦਿ ਵੀ ਵੰਡੀਆਂ ਗਈਆਂ।

ਜਿਲ੍ਹਾ ਲੈਪਰੋਸੀ ਅਫ਼ਸਰ ਡਾ. ਦਲਜੀਤ ਸਿੰਘ ਨੇ ਕਿਹਾ ਕਿ ਕੁਸ਼ਟ ਰੋਗ ਮਾਈਕ੍ਰੋਬੈਕਟੀਰੀਅਮ ਲੈਪਰਾ ਨਾਂ ਦੇ ਜੀਵਾਣੂ ਰਾਂਹੀ ਇਕ ਮਰੀਜ਼ ਤੋਂ ਦੂਜੇ ਮਰੀਜ਼ ਵਿੱਚ ਫੈਲਦਾ ਹੈ। ਉਨ੍ਹਾਂ ਕੁਸ਼ਟ ਰੋਗ ਦੇ ਲੱਛਣ ਅਤੇ ਇਸ ਬਿਮਾਰੀ ਤੋਂ ਹੋਣ ਵਾਲੀ ਅੰਗਹੀਣਤਾ ਬਾਰੇ ਦੱਸਿਆ ਕਿ ਕਿਸੇ ਸੁੰਨ, ਤਾਂਬੇ ਰੰਗ ਦੇ ਨਿਸ਼ਾਨ ਦੇ ਮਿਲਣ ‘ਤੇ ਜਿੰਨੀ ਛੇਤੀ ਇਲਾਜ਼ ਸ਼ੁਰੂ ਹੋ ਜਾਵੇ ਤਾਂ ਸਰੀਰਿਕ ਅੰਗਾਂ ਦਾ ਵਿਗਾੜ ਨਹੀਂ ਹੁੰਦਾ। ਜੇਕਰ ਕਿਸੇ ਵਿਅਕਤੀ ਦੇ ਸਰੀਰ ‘ਤੇ ਹਲਕਾ ਗੁਲਾਬੀ ਰੰਗ ਦਾ ਸੁੰਨ ਚਟਾਕ ਹੋਵੇ ਤਾਂ ਇਹ ਕੁਸ਼ਟ ਰੋਗ ਹੋ ਸਕਦਾ ਹੈ। ਮਲਟੀ ਡਰੱਗ ਥੈਰੇਪੀ (ਐੱਮ.ਡੀ.ਟੀ.) ਰਾਂਹੀ ਇਸ ਬਿਮਾਰੀ ਦਾ ਇਲਾਜ 100% ਹੋ ਜਾਂਦਾ ਹੈ ਅਤੇ ਇਸ ਤੋਂ ਹੋਣ ਵਾਲੀ ਅੰਗਹੀਣਤਾ ਨੂੰ ਸਮੇਂ ਸਿਰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਕੁਸ਼ਟ ਰੋਗ ਦੇ 60 ਦੇ ਕਰੀਬ ਮਰੀਜ ਸਾਹਮਣੇ ਆ ਰਹੇ ਹਨ ਅਤੇ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ (ਐੱਨ.ਐੱਲ.ਈ.ਪੀ.) ਅਧੀਨ ਇਸ ਬਿਮਾਰੀ ਦਾ ਸਾਰਾ ਇਲਾਜ਼ ਸਰਕਾਰੀ ਸਿਹਤ ਸੰਸਥਾਵਾਂ ਵਿੱਚ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਆਈ.ਐਮ.ਏ. ਤੋਂ ਡਾ. ਗੁਰਤੇਜ ਸਿੰਘ ਪਰਮਾਰ, ਡਾ. ਜੰਗਪ੍ਰੀਤ ਮੁਲਤਾਨੀ, ਡਾ. ਰਾਜੇਸ਼ ਸੱਚਰ, ਡਾ. ਵੰਦਨਾ ਲਾਲਵਾਨੀ, ਡਾ. ਅਨੁਪਮਾ ਚੋਪੜਾ, ਡਾ. ਅਲੋਕ ਜੀ ਲਾਲਵਾਨੀ, ਡਾ. ਜੀਸ ਮਾਰੀਆ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਹਰਿੰਦਰ ਦੁਸਾਂਝ ਐਨ.ਐਮ.ਐਸ, ਸਹਾਰਾ ਸੇਵਾ ਸਮਿਤੀ ਤੋਂ ਪ੍ਰਧਾਨ ਹਰਬੰਸ ਗਗਨੇਜਾ, ਕੰਵਲ ਜੈਨ, ਸਤੀਸ਼ ਕਪੂਰ, ਮਹੇਸ਼ ਚੰਦਰ ਅਤੇ ਅਰੁਣ ਕੁਮਾਰ ਮੌਜੂਦ ਸਨ।