
ਜਲੰਧਰ (28-05-2025) ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਦੀ ਅਗਵਾਈ ਹੇਠ ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆਕ੍ਰਮ ਤਹਿਤ “ਵਿਸ਼ਵ ਮਾਹਵਾਰੀ ਸਫਾਈ ਦਿਵਸ” ਸੰਬੰਧੀ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਸਕੂਲ ਸਿਵਲ ਹਸਪਤਾਲ ਵਿਖੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਰ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਮਾਹਵਾਰੀ ਸਫਾਈ ਦਿਵਸ ਦਾ ਮਕਸਦ ਔਰਤਾਂ ਨੂੰ ਮਾਹਵਾਰੀ ਦੌਰਾਨ ਸਫਾਈ ਦੇ ਮਹੱਤਵ ਨੂੰ ਸਮਝਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਆਰ.ਬੀ.ਐਸ.ਕੇ. ਟੀਮਾਂ ਵੱਲੋਂ ਵੀ ਜਿਲ੍ਹੇ ਭਰ ਵਿੱਚ ਵੱਖ-ਵੱਖ ਸਕੂਲਾਂ ਵਿੱਚ ਜਾਗਰੂਕ ਕੀਤਾ ਜਾ ਰਿਹਾ ਹੈ।
ਸੈਮੀਨਾਰ ਦੌਰਾਨ ਨਰਸਿੰਗ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਰਾਸ਼ਟਰੀ ਕਿਸ਼ੋਰ ਸਵਾਸਥ ਕਾਰਿਆਕ੍ਰਮ ਅਧੀਨ ਚਲਾਏ ਜਾ ਰਹੇ ਉਮੰਗ ਕਲੀਨਿਕਾਂ ਵਿੱਚ ਜ਼ਰੂਰ ਵਿਜਿਟ ਕਰਨਾ ਚਾਹੀਦਾ ਹੈ ਅਤੇ ਸਿਹਤ ਸਿੱਖਿਆ ਹਾਸਿਲ ਕਰਨ ਉਪਰੰਤ ਮਾਹਵਾਰੀ ਦੌਰਾਨ ਸਫਾਈ ਰੱਖਣ ਸੰਬੰਧੀ ਲੋਕਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਰਹਿਣ ਵਾਲੀਆਂ ਲੱਖਾਂ ਔਰਤਾਂ ਮੈਨਸਟੂਰਅਲ ਹਾਈਜੀਨ ਹੈਲਥ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਤੋਂ ਅਜੇ ਵੀ ਅਨਜਾਣ ਹਨ ਅਤੇ ਉਨ੍ਹਾ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੀ ਮਾਮੂਲੀ ਜਿਹੀ ਲਾਪਰਵਾਹੀ ਉਨ੍ਹਾਂ ਲਈ ਹੈਪੇਟਾਈਟਸ ਬੀ, ਸਰਵਾਈਕਲ ਕੈਂਸਰ, ਯੋਨੀ ਦੀ ਲਾਗ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਦਾ ਅਸਰ ਨਾ ਸਿਰਫ ਔਰਤਾਂ ਨੂੰ ਸਰੀਰਕ ਤੌਰ `ਤੇ ਸਗੋਂ ਮਾਨਸਿਕ ਤੌਰ `ਤੇ ਵੀ ਲੰਬੀ ਉਮਰ ਤੱਕ ਪ੍ਰਭਾਵਿਤ ਕਰ ਸਕਦਾ ਹੈ। ਸੈਮੀਨਾਰ ਦੌਰਾਨ ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਨਰਸਿੰਗ ਵਿਦਿਆਰਥਣਾਂ ਵੱਲੋਂ ਮਾਹਵਾਰੀ ਸਫਾਈ ਦਿਵਸ ਸਬੰਧੀ ਬਣਾਏ ਗਏ ਚਾਰਟਾਂ ਨੂੰ ਵਾਚਦੇ ਹੋਏ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ।
ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਕਿਹਾ ਕਿ ਸਮਾਜ ਵਿੱਚ ਅਜੇ ਵੀ ਬਹੁਤ ਔਰਤਾਂ ਮਾਹਵਾਰੀ `ਤੇ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦੀਆਂ ਕਿ ਪੀਰੀਅਡਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਮਾਹਵਾਰੀ ਸਬੰਧੀ ਸਮਾਜ ਵਿੱਚ ਫੈਲੇ ਵਹਿਮਾਂ-ਭਰਮਾ ਤੋਂ ਦੂਰ ਰਹਿਣ ਸੰਬੰਧੀ ਸਿਹਤ ਸਿੱਖਿਆ ਦਿੱਤੀ। ਗਾਇਨੋਕੋਲੋਜਿਸਟ ਡਾ. ਅਨਾਮਿਕਾ ਮੈਡੀਕਲ ਅਫਸਰ ਨੇ ਦੱਸਿਆ ਕਿ ਨੌਜਵਾਨ ਲੜਕੀਆਂ ਅਤੇ ਔਰਤਾਂ ਨੂੰ ਮਾਹਵਾਰੀ ਦੌਰਾਨ ਸਫਾਈ ਦਾ ਧਿਆਨ ਰੱਖਣ ਲਈ ਲੋੜੀਂਦੀ ਜਾਣਕਾਰੀ ਹੋਣਾ ਜਰੂਰੀ ਹੈ ਤਾਂ ਜੋ ਉਹ ਅਨਜਾਣੇ ਵਿੱਚ ਕਿਸੇ ਵੀ ਮਾਰੂ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਣ। ਉਨ੍ਹਾਂ ਨੇ ਮਾਹਵਾਰੀ ਚੱਕਰ ਨੂੰ ਵਿਸ਼ਥਾਰ ਪੂਰਵਕ ਦੱਸਣ ਦੇ ਨਾਲ-ਨਾਲ ਵਰਤੇ ਹੋਏ ਸੈਨਟਰੀ ਨੈਪਕਿਨ ਦਾ ਨਿਪਟਾਰਾ ਕਰਨ ਦਾ ਤਰੀਕਾ ਵੀ ਦੱਸਿਆ। ਇਸ ਮੌਕੇ ਜਿਲ੍ਹਾ ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਡਿਪਟੀ ਐਮ.ਈ.ਆਈ.ਓ. ਤਰਸੇਮ ਲਾਲ, ਮੈਡਮ ਨਿਸ਼ਾ, ਮੈਡਮ ਸੰਯੋਗਿਤਾ ਮੌਜੂਦ ਸਨ।