
ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਸਮਾਜਿਕ ਭਲਾਈ ਲਈ ਵਚਨਬੱਧ ਹੈ ਅਤੇ ਸਮਾਜ ਦੀ ਬਿਹਤਰੀ ਲਈ ਨਿਰੰਤਰ ਯਤਨਸ਼ੀਲ ਹੈ। ਐਨ.ਐਸ.ਐਸ. ਯੂਨਿਟ ਲਾਇਲਪੁਰ ਖ਼ਾਲਸਾ ਕਾਲਜ ਨੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਅਤੇ ਨਹਿਰੂ ਯੂਵਾ ਕੇਂਦਰ ਦੇ ਸਹਿਯੋਗ ਨਾਲ ਨਾਗਰਿਕਾਂ ਨੂੰ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ 03 ਦਿਨਾਂ ਸੜਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਇਸ ਮੁਹਿੰਮ ਦੀ ਸ਼ੁਰੂਆਤ ਅਤੇ ਸਮਾਪਤੀ ਕੀਤੀ। ਉਨ੍ਹਾਂ ਦੱਸਿਆ ਕਿ ਸੜਕ ਹਾਦਸਿਆਂ ਨੂੰ ਘੱਟ ਕਰਨਾ ਸਾਰੇ ਨਾਗਰਿਕਾਂ, ਟ੍ਰੈਫਿਕ ਪੁਲਿਸ ਅਤੇ ਪ੍ਰਸ਼ਾਸਨ ਦੀ ਸਮੂਹਿਕ ਜ਼ਿੰਮੇਵਾਰੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੜਕ ਸੁਰੱਖਿਆ ਜਾਗਰੂਕਤਾ ਦੀ ਘਾਟ, ਗੱਡੀ ਚਲਾਉਂਦੇ ਸਮੇਂ ਸ਼ਰਾਬ ਅਤੇ ਮੋਬਾਈਲ ਦੀ ਵਰਤੋਂ ਸੜਕ ਹਾਦਸਿਆਂ ਦੇ ਮੁੱਖ ਕਾਰਨ ਹਨ। ਉਨ੍ਹਾਂ ਨੇ ਭਾਗੀਦਾਰਾਂ ਨੂੰ ਡਰਾਈਵਿੰਗ ਕਰਦੇ ਸਮੇਂ ਜੀਵਨ ਦੀ ਕੀਮਤ ਦਾ ਸੰਦੇਸ਼ ਫੈਲਾਉਣ ਦੀ ਅਪੀਲ ਕੀਤੀ। ਚੀਫ ਪ੍ਰੋਗਰਾਮ ਅਫ਼ਸਰ ਪ੍ਰੋਫੈਸਰ ਸਤਪਾਲ ਸਿੰਘ ਨੇ ਦੱਸਿਆ ਕਿ ਐਨ.ਐਸ.ਐਸ. ਵਲੰਟੀਅਰਾਂ ਨੇ ਬੀ.ਐਸ.ਐਫ. ਚੌਕ, ਜੀਟੀ ਰੋਡ, ਹਰਗੋਬਿੰਦਪੁਰਾ ਅਤੇ ਬੱਸ ਸਟੈਂਡ ‘ਤੇ ਰੈਲੀਆਂ ਕੱਢੀਆਂ, ਤਖ਼ਤੀਆਂ ਅਤੇ ਪੋਸਟਰ ਦਿਖਾਏ ਅਤੇ ਰਿਕਸ਼ਿਆਂ ’ਤੇ ਰਿਫਲੈਕਟਰ ਵੀ ਲਗਾਏ। ਉਨ੍ਹਾਂ ਅੱਗੇ ਕਿਹਾ ਕਿ ਸੜਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਦੇ ਸਮਾਪਤੀ ਪ੍ਰੋਗਰਾਮ ਦੌਰਾਨ ਸੜਕ ਸੁਰੱਖਿਆ ‘ਤੇ ਅਨੁਭਵ ਸਾਂਝਾ ਕਰਨ ਅਤੇ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਟ੍ਰੈਫਿਕ ਪੁਲਿਸ ਦੇ ਇੰਸਪੈਕਟਰ ਰਣਜੀਤ ਸਿੰਘ ਨੇ ਇਸ ਮੁਹਿੰਮ ਦੌਰਾਨ ਵਲੰਟੀਅਰਾਂ ਦਾ ਮਾਰਗਦਰਸ਼ਨ ਕੀਤਾ। ਸਮਾਪਤੀ ਸਮਾਰੋਹ ਦੌਰਾਨ ਸ਼੍ਰੀਮਤੀ ਨੇਹਾ ਸ਼ਰਮਾ, ਜ਼ਿਲ੍ਹਾ ਯੁਵਾ ਅਧਿਕਾਰੀ, ਨਹਿਰੂ ਯੂਵਾ ਕੇਂਦਰ, ਸ਼੍ਰੀ ਸੁਖਵਿੰਦਰ ਕੁਮਾਰ ਅਤੇ ਸ਼੍ਰੀ ਕੁਲਵਿੰਦਰ ਕੁਮਾਰ ਵੀ ਮੌਜੂਦ ਸਨ।