ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਜਿੱਥੇ ਜ਼ਰੂਰਤਮੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਕੇ ਉਨ੍ਹਾਂ ਦੀ ਪੜ੍ਹਾਈ ਵਿਚ ਮੱਦਦ ਕਰਦਾ ਹੈ ਉੱਥੇ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ ਨੂੰ ਵੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਪ੍ਰੇਰਿਤ ਕਰਦਾ ਹੈ। ਇਸੇ ਤਹਿਤ “ਦੀ ਜੱਟ ਸਿੱਖ ਕੌਂਸਿਲ (ਰਜਿ:)” ਵੱਲੋਂ 80 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਲਾਇਲਪੁਰ ਖਾਲਸਾ ਕਾਲਜ ਦੀਆਂ ਵੱਖ-ਵੱਖ ਸੰਸਥਾਵਾਂ ਦੇ 10 ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਗਈ ਜਿਹਨਾਂ ਵਿੱਚ 8 ਵਿਦਿਆਰਥੀ ਹੜ੍ਹ ਪੀੜਤ ਅਤੇ 2 ਵਿਦਿਆਰਥੀ ਅਕਾਦਮਿਕ ਐਕਸੀਲੈਂਟ ਸਨ। ਡਾ. ਐਚ. ਐਸ. ਮਾਨ (ਪ੍ਰੈਜ਼ੀਡੈਂਟ ਜੱਟ ਸਿੱਖ ਕੌਂਸਲ), ਸ. ਜਸਪਾਲ ਸਿੰਘ ਵੜੈਚ (ਸਯੁੰਕਤ ਸਕੱਤਰ ਕਾਲਜ ਗਵਰਨਿੰਗ ਕੌਂਸਲ), ਸ. ਸੁਖਬਹਾਰ ਸਿੰਘ (ਸੈਕਟਰੀ ਜੱਟ ਸਿੱਖ ਕੌਂਸਲ), ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ, ਸਰਦਾਰਨੀ ਜਗਵਿੰਦਰ ਕੌਰ ਦਿਓਲ (ਮੈਂਬਰ ਜੱਟ ਸਿੱਖ ਗਵਰਨਿੰਗ ਕੌਂਸਿਲ) ਅਤੇ ਸ. ਸੁਖਵਿੰਦਰ ਸਿੰਘ ਲਾਲੀ (ਫਾਊਂਡਰ ਮੈਂਬਰ ਜੱਟ ਸਿੱਖ ਕੌਂਸਲ) ਨੇ ਇਕੱਠਿਆਂ 80 ਹਜ਼ਾਰ ਦੀ ਰਾਸ਼ੀ ਲਾਇਲਪੁਰ ਖਾਲਸਾ ਕਾਲਜ ਦੀਆਂ ਵੱਖ-ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਰੂਪ ਵਿਚ ਦਿੱਤੀ। ਇਸ ਮੌਕੇ ਪ੍ਰਿੰਸੀਪਲ ਪ੍ਰੋ. ਨਵਦੀਪ ਕੌਰ ਨੇ ਸੰਬੋਧਨ ਕਰਦਿਆਂ ਕਿਹਾ ‘ਦੀ ਜੱਟ ਸਿੱਖ ਕੌਂਸਿਲ’ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਇਸ ਨਾਲ ਜਿੱਥੇ ਲੋੜਵੰਦ ਵਿਦਿਆਰਥੀਆਂ ਨੂੰ ਆਰਥਿਕ ਮਦਦ ਮਿਲਦੀ ਹੈ ਉੱਥੇ ਅਗਾਂਹ ਪੜ੍ਹਨ ਤੇ ਅੱਗੇ ਵੱਧਣ ਲਈ ਉਤਸ਼ਾਹ ਵੀ ਮਿਲਦਾ ਹੈ। ਉਹਨਾਂ ਨੇ ਕਿਹਾ ਅੱਜ ਦੇ ਸਮੇਂ ਵਿੱਚ ਅਜਿਹਾ ਵਡਮੁੱਲਾ ਕਾਰਜ, ਸਭ ਤੋਂ ਵੱਡੀ ਸੇਵਾ ਹੈ। ਜ਼ਿਕਰਯੋਗ ਹੈ ਕਿ ਜੱਟ ਸਿੱਖ ਕੌਂਸਿਲ ਪਿਛਲੇ ਲੰਮੇ ਸਮੇਂ ਤੋਂ ਕਾਲਜ ਦੇ ਵਿਦਿਆਰਥੀਆਂ ਨੂੰ ਇਹ ਸਕਾਲਰਸ਼ਿਪ ਦਿੰਦੀ ਆ ਰਹੀ।