
ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਜਲੰਧਰ ਸ਼ਹਿਰ ਦੀ ਹਾਲਤ ਦਿਨੋਂ-ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਖ਼ਾਸ ਕਰਕੇ ਜਲੰਧਰ ਕੈਂਟ ਇਲਾਕੇ ਵਿੱਚ ਹਾਲਾਤ ਪੂਰੀ ਤਰ੍ਹਾਂ ਬੇਕਾਬੂ ਨਜ਼ਰ ਆ ਰਹੇ ਹਨ। ਰਵਿਦਾਸ ਚੌਂਕ ਤੋਂ ਗੁਰਦੁਆਰਾ ਜੀਟੀਬੀ ਨਗਰ ਤੱਕ ਸੜਕਾਂ ਪੁੱਟੀਆਂ ਪਈਆਂ ਹਨ ਅਤੇ ਧੂੜ-ਮਿੱਟੀ ਨੇ ਲੋਕਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸਿਰਫ ਕੈਂਟ ਹੀ ਨਹੀਂ, ਸਾਰੇ ਸ਼ਹਿਰ ਵਿੱਚ ਇਹੀ ਹਾਲ ਹੈ। ਨਕੋਦਰ ਚੌਂਕ ਤੋਂ ਕਪੂਰਥਲਾ ਚੌਂਕ ਤੱਕ ਹਰ ਪਾਸੇ ਖੁਦਾਈ, ਟੁੱਟੀਆਂ ਸੜਕਾਂ ਅਤੇ ਗੰਦਗੀ ਕਾਰਨ ਲੋਕ ਪਰੇਸ਼ਾਨ ਹਨ।
ਸ. ਮਨਜੀਤ ਸਿੰਘ ਟੀਟੂ ਨੇ ਵੈਸਟ ਇਲਾਕੇ ਦੀ ਇੱਕ ਸੌ ਵੀਹ ਫੁੱਟੀ ਰੋਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਤਿਗੁਰੂ ਕਬੀਰ ਸਾਹਿਬ ਮੰਦਰ ਦੇ ਆਲੇ-ਦੁਆਲੇ ਰਹਿਣ ਵਾਲੇ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਵਿੱਚ ਸੀਵਰੇ ਦਾ ਗੰਦਲਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ। ਲੋਕਾਂ ਨੂੰ ਸਾਫ਼ ਪਾਣੀ ਦੀ ਥਾਂ ਕਾਲਾ ਤੇ ਬਦਬੂਦਾਰ ਪਾਣੀ ਮਿਲ ਰਿਹਾ ਹੈ, ਜੋ ਸਿਹਤ ਲਈ ਵੱਡਾ ਖਤਰਾ ਹੈ।
ਉਨ੍ਹਾਂ ਕਿਹਾ ਕਿ ਇਸੇ ਇਲਾਕੇ ਵਿੱਚ ਵਾਲਮੀਕ ਮਹਾਰਾਜ ਮੰਦਰ ਸਮੇਤ ਕਈ ਧਾਰਮਿਕ ਸਥਾਨ ਹਨ, ਜਿੱਥੇ ਹਰ ਰੋਜ਼ ਸੈਂਕੜੇ ਸ਼ਰਧਾਲੂ ਆਉਂਦੇ ਹਨ। ਪਰ ਬੁਨਿਆਦੀ ਸਹੂਲਤਾਂ ਦੀ ਕਮੀ ਕਾਰਨ ਇਲਾਕੇ ਦੇ ਲੋਕ ਅਤੇ ਸ਼ਰਧਾਲੂ ਦੋਵੇਂ ਹੀ ਪਰੇਸ਼ਾਨ ਹਨ। ਹਾਲਾਤ ਅਜੇਹੇ ਬਣ ਚੁੱਕੇ ਹਨ ਜਿਵੇਂ ਇੱਥੇ ਦੇ ਵਾਸੀਆਂ ਨੂੰ “ਕਾਲੇ ਪਾਣੀ” ਦੀ ਸਜ਼ਾ ਦਿੱਤੀ ਜਾ ਰਹੀ ਹੋਵੇ।
ਵਿਰੋਧੀ ਧਿਰ ਦੇ ਨੇਤਾ ਵਜੋਂ ਉਨ੍ਹਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਤੁਰੰਤ ਪਾਈਪਲਾਈਨਾਂ ਦੀ ਜਾਂਚ ਕਰਕੇ ਸੀਵਰੇ ਅਤੇ ਪੀਣ ਵਾਲੇ ਪਾਣੀ ਦੀ ਲਾਈਨਾਂ ਵੱਖਰੀਆਂ ਕੀਤੀਆਂ ਜਾਣ, ਸੜਕਾਂ ਦੀ ਮੁਰੰਮਤ ਅਤੇ ਸਫਾਈ ਮੁਹਿੰਮ ਚਲਾਈ ਜਾਵੇ। ਨਹੀਂ ਤਾਂ ਉਹ ਸ਼ਹਿਰ ਵਾਸੀਆਂ ਨਾਲ ਮਿਲ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।