
ਜਲੰਧਰ (2 ਅਗਸਤ 2025) ਅੱਜ ਸਥਾਨਕ ਪ੍ਰੈੱਸ ਕਲੱਬ ਵਿਖੇ ਰੀਥਿੰਕ ਬੁਕਸ ਦੁਆਰਾ ਪ੍ਰਕਾਸ਼ਿਤ ਅਤੇ ਸ. ਬਲਜੀਤ ਸਿੰਘ ਖਾਲਸਾ ਦੁਆਰਾ ਲਿਖਤ ਸਿੱਖ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਦੇ ਜੀਵਨ ਉੱਪਰ ਅਧਾਰਿਤ ਕਿਤਾਬ The-Enlightened-mind ਨਾਲ ਸੰਬੰਧਿਤ ਇਕ ਮਹੱਤਵਪੂਰਨ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਿੱਖ ਪੰਥ ਦੀਆਂ ਮਹੱਤਵਪੂਰਨ ਅਕਾਦਮਿਕ, ਸਿਆਸੀ ਤੇ ਧਾਰਮਿਕ ਸ਼ਖਸ਼ੀਅਤਾਂ ਨੇ ਹਿੱਸਾ। ਸਮਾਗਮ ਦੀ ਆਰੰਭਤਾ ਕਰਦਿਆਂ ਰੀਥਿੰਕ ਬੁਕਸ ਦੇ ਮੁਖੀ ਡਾ. ਪਰਮਿੰਦਰ ਸਿੰਘ ਸ਼ੌਂਕੀ ਨੇ ਆਈਆਂ ਸ਼ਖਸ਼ੀਅਤਾਂ ਦਾ ਸਵਾਗਤ ਕਰਦਿਆਂ ਕਿਤਾਬ ਅਤੇ ਚੁਰਾਸੀਵਿਆਂ ਦੇ ਸਿੱਖ ਦੌਰ ਦੀ ਇਤਿਹਾਸਕ ਪੇਸ਼ਕਾਰੀ ਬਾਰੇ ਆਪਣੇ ਵਿਚਾਰ ਰੱਖੇ, ਉਪਰੰਤ ਨੌਜਵਾ ਸਿੱਖ ਸਕਾਲਰ ਸ. ਪ੍ਰਭਜੋਤ ਸਿੰਘ ਨੇ ਚੁਰਾਸੀਵਿਆਂ ਦੇ ਸਿੱਖ ਇਤਿਹਾਸ ਦੀਆਂ ਇਤਿਹਾਸਕ ਗੁੰਝਲਾਂ ਅਤੇ ਉਨ੍ਹਾਂ ਦੀ ਦਸਤਾਵੇਜੀ ਪੇਸ਼ਕਾਰੀ ਬਾਰੇ ਬੱਝਵੀਂ ਵਿਚਾਰ ਕੀਤੀ। ਉਨ੍ਹਾਂ ਕਿਹਾ ਕਿ ਹਥਿਆਰਬੰਦ ਲਹਿਰਾਂ ਦੇ ਇਤਿਹਾਸ ਲੇਖਣ ਵਿਚ ਸਿੱਖ ਪੰਥ ਦੇ ਸਾਹਮਣੇ ਇਕ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਅਜੇ ਵੀ ਮੌਲਿਕ ਤੌਰ ਤੇ ਚੁਰਾਸੀਵਿਆਂ ਦੇ ਸਿੱਖ ਇਤਿਹਾਸ ਦੇ ਮੁੱਢਲੇ ਸਰੋਤਾਂ ਦੀ ਭਾਲ ਕਰ ਰਹੇ ਹਾਂ। ਜਦ ਤਕ ਇਹ ਭਾਲ ਵੱਡੀ ਪੱਧਰ ਤੇ ਸਾਡੇ ਸਾਹਮਣੇ ਸਰੋਤ ਦੇ ਰੂਪ ਵਿਚ ਮੌਜੂਦ ਨਹੀਂ ਹੋਏਗੀ, ਉਦੋਂ ਤਕ ਅਸੀਂ ਇਸ ਇਤਿਹਾਸ ਦਾ ਬਹੁ-ਪਰਤੀ ਵਿਸ਼ਲੇਸ਼ਣ ਨਹੀਂ ਕਰ ਸਕਾਂਗੇ। ਇਸ ਤੋਂ ਬਾਅਦ ਕਿਤਾਬ ਦੇ ਲੇਖਕ ਅਤੇ ਸਿੱਖ ਚਿੰਤਕ ਸ. ਬਲਜੀਤ ਸਿੰਘ ਖਾਲਸਾ ਨੇ ਬੋਲਦਿਆਂ ਕਿਹਾ ਕਿ ਸਿੱਖ ਇਤਿਹਾਸ ਦੀ ਪੇਸ਼ਕਾਰੀ ਮੁੱਖ ਧਾਰਾ ਦੇ ਭਾਰਤੀ ਇਤਿਹਾਸ ਅੰਦਰ ਸੰਤਾਲ਼ੀਵਿਆਂ ਤੋਂ ਬਾਅਦ ਹੀ ਸ਼ਰਾਰਤਮਈ ਤੇ ਪੱਖਪਾਤੀ ਤਰੀਕੇ ਨਾਲ ਲਿਖਿਆ ਗਿਆ ਹੈ ਤੇ ਚੁਰਾਸੀਵਿਆਂ ਦੇ ਸਿੱਖ ਸੰਘਰਸ਼ ਨੂੰ ਇਸ ਸਭ ਦੀ ਸਭ ਤੋਂ ਵੱਧ ਮਾਰ ਪਈ ਹੈ, ਕਿਉਂਕਿ ਇਸ ਸਾਰੇ ਇਤਿਹਾਸਕ ਦੌਰ ਨੂੰ ਸੱਤਾ ਦੇ ਨਜਰੀਏ ਨਾਲ ਹੀ ਪੇਸ਼ ਕੀਤਾ ਗਿਆ ਹੈ ਤੇ ਇਸ ਸੰਬੰਧੀ ਗੈਰ ਪੰਜਾਬੀ ਹਲਕਿਆਂ ਵਿਚ ਸਿੱਖ ਪੱਖ ਤੋਂ ਨਾਂ-ਮਾਤਰ ਰੂਪ ਵਿਚ ਹੀ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਜਦ ਦਰਬਾਰ ਸਾਹਿਬ ਵਿਖੇ ਹਮਲਾ ਹੋਇਆ ਸੀ, ਉਸ ਵਕਤ ਸਰਕਾਰ ਦੁਆਰਾ ਹਰ ਤਰ੍ਹਾਂ ਦੇ ਪੱਤਰਕਾਰਾਂ ਤੇ ਵਿਦੇਸ਼ੀਆਂ ਨੂੰ ਅੰਮਿ੍ਰਤਸਰ ਸਾਹਿਬ ਤੋਂ ਬਾਹਰ ਕੱਢ ਦਿੱਤਾ ਗਿਆ ਸੀ ਤਾਂ ਜੋ ਕਿਸੇ ਵੀ ਵਿਅਕਤੀ ਤਕ ਇਸ ਹਮਲੇ ਦੀ ਸਚਾਈ ਨਾ ਪਹੁੰਚੇ, ਉਸ ਤੋਂ ਬਾਅਦ ਸਰਕਾਰ ਨੇ ਆਪਣੇ ਬਿਰਤਾਂਤ ਨੂੰ ਲੋਕਾਂ ਅੰਦਰ ਸਥਾਪਤ ਕਰਨ ਲਈ ਗਿਣੀ-ਮਿੱਥੀ ਸਾਜਿਸ ਤਹਿਤ ਪ੍ਰਬੰਧ ਕੀਤੇ ਤੇ ਉਸੇ ਦੇ ਆਧਾਰ ਤੇ ਸਾਡੇ ਲੇਖਕ ਅੱਜ ਤਕ ਇਸ ਸਮਾਂ-ਕਾਲ ਦਾ ਇਤਿਹਾਸ ਲਿਖਦੇ ਆ ਰਹੇ ਹਨ, ਜਦਕਿ ਹੁਣ ਲੋੜ ਸਿੱਖ ਪੱਖ ਨੂੰ ਵਿਚਾਰ ਕੇ ਦੁਨੀਆ ਸਾਹਮਣੇ ਰੱਖਣ ਦੀ ਹੈ. ਉਨ੍ਹਾਂ ਕਿਹਾ ਕਿ ਭਾਈ ਹਰਮਿੰਦਰ ਸਿੰਘ ਸੰਧੂ ਇਸ ਸਾਰੀ ਇਤਿਹਾਸਕ ਬਣਤਰ ਦੇ ਬੁਨਿਆਦੀ ਨੁਕਸਾਂ ਨੂੰ ਪਛਾਣਦਾ ਸੀ ਤੇ ਇਸ ਦਾ ਸਾਹਮਣਾ ਕਰਨ ਲਈ ਆਪਣੇ ਠੋਸ ਵਿਚਾਰ ਪੇਸ਼ ਕਰ ਰਿਹਾ ਸੀ, ਪਰ ਉਸ ਦੇ ਕਤਲ ਨੇ ਇਤਿਹਾਸ ਦੀ ਤੋਰ ਹੀ ਬਦਲ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੇ ਹਥਿਆਰਬੰਦ ਸੰਘਰਸ਼ ਦੌਰਾਨ ਜੋ ਗਲਤੀਆਂ ਹੋਈਆਂ ਹਨ, ਉਹ ਜਨਤਕ ਤੌਰ ਤੇ ਮੰਨੀਆਂ ਜਾਣੀਆਂ ਚਾਹੀਦੀਆਂ ਹਨ, ਕਿਉਕਿ ਖਾੜਕੂ ਸੰਘਰਸ ਸਖਸ਼ੀਅਤਾਂ ਦੀ ਬਜਾਏ ਪੰਥ ਦਾ ਵਧੇਰੇ ਹੈ। ਇਸ ਤੋਂ ਸ. ਭਾਈ ਜਗਬੀਰ ਸਿੰਘ ਲੋਪੋਕੇ ਸਾਬਕਾ ਫੈਡਰੇਸ਼ਨ ਆਗੂ ਨੇ ਬੋਲਦਿਆਂ ਕਿ ਭਾਈ ਹਰਮਿੰਦਰ ਸਿੰਘ ਸੰਧੂ ਸਿੱਖ ਪੰਥ ਦਾ ਰੌਸ਼ਨ ਦਿਮਾਗ ਸੀ, ਪਰ ਬਦਕਿਸਮਤੀ ਇਹ ਰਹੀ ਕਿ ਇਹ ਦਿਮਾਗ ਸਾਡੇ ਤੋਂ ਸਮੇਂ ਤੋਂ ਪਹਿਲਾਂ ਖੋਹ ਲਿਆ ਗਿਆ। ਇਸ ਤੋਂ ਇਲਾਵਾ ਇਸ ਸਮਾਗਮ ਦੌਰਾਨ ਸ. ਅਮਰਜੀਤ ਸਿੰਘ ਵਨਚੜੀ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਨਿੱਜੀ ਸਹਾਇਕ, ਤੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ , ਸ. ਸਤਪਾਲ ਸਿੰਘ, ਸ਼ਹੀਦ ਭਾਈ ਸਰਬਜੀਤ ਸਿੰਘ ਰੋਪੜ ਦੇ ਛੋਟੇ ਭਰਾ ਸ. ਬਲਵਿੰਦਰ ਸਿੰਘ ਕਾਲਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਐਡਵੋਕੇਟ ਸ. ਪਰਮਿੰਦਰ ਸਿੰਘ ਵਿੱਗ, ਸ. ਗੁਰਮੀਤ ਸਿੰਘ, ਜਥੇਦਾਰ ਮੋਹਨ ਸਿੰਘ ਮਟੀਆ ਪੁੱਤਰ ਸ. ਹਰਿਜਿਂਦਰ ਸਿੰਘ ਜਿੰਦਾ, ਮਨਜੀਤ ਸਿੰਘ ਕਰਤਾਪੁਰ, ਹਰਕਵਜੀਤ ਸਿੰਘ ਟੈਣੀ, ਸੁਖਵਿੰਦਰ ਸਿੰਘ ਸੁਹਾਵੀ ਐਪ, ਪ੍ਰਿਤਪਾਲ ਸਿੰਘ, ਸ. ਸੁਖਮਿੰਦਰ ਸਿੰਘ, ਸ. ਇਕਵਿੰਦਰਪਾਲ ਸਿੰਘ ਸਿਫ਼ਰ, ਸ. ਗੁਰਵਿੰਦਰ ਸਿੰਘ ਮੀਤ ਪਟਿਆਲਾ, ਸਿਮਰਨਜੀਤ ਕੌਰ, ਮਨਪ੍ਰੀਤ ਕੌਰ, ਨਵਜੋਤ ਕੌਰ, ਸਹਿਜ ਸਿਮਰ ਸਿੰਘ, ਪ੍ਰਧਾਨ ਯੂਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਨੌਜਵਾਨ ਤੇ ਪਤਵੰਤੇ ਸੱਜਣ ਸ਼ਾਮਲ ਸਨ।