
ਜਲੰਧਰ (13-03-2026): ਮਾਨਯੋਗ ਮੁੱਖ ਮੰਤਰੀ ਪੰਜਾਬ ਭਗੰਵਤ ਸਿੰਘ ਮਾਨ ਦੇ ਹੁਕਮਾਂ ਅਤੇ ਮਾਨਯੋਗ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮਰੀਜਾਂ ਨੂੰ ਘਰ ਦੇ ਨੇੜੇ ਹੀ ਇਲਾਜ ਦੀ ਸੁਵਿਧਾ ਉਪਲਬਧ ਕਰਵਾਉਣ ਲਈ ਜਲੰਧਰ ਵਿੱਚ 17 ਮਾਰਚ ਤੋਂ 8 ਨਵੇਂ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਰਹੇ ਹਨ, ਜਿਨ੍ਹਾਂ ਦਾ ਵਰਚੁਅਲ ਉਦਘਾਟਨ ਮਾਨਯੋਗ ਮੁਖ ਮੰਤਰੀ ਪੰਜਾਬ ਵੱਲੋਂ ਕੀਤਾ ਜਾਵੇਗਾ। ਇਸਦੇ ਮੱਦੇਨਜਰ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਵੱਲੋਂ ਸ਼ੁੱਕਰਵਾਰ ਨੂੰ ਇਨ੍ਹਾਂ ਕਲੀਨਿਕਾਂ ਵਿੱਚ ਤਾਈਨਾਤ ਹੋਣ ਵਾਲੇ ਮੈਡੀਕਲ ਸਟਾਫ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਜਿਕਰਯੋਗ ਹੈ ਕਿ ਉਮੀਦਵਾਰਾਂ ਨੂੰ ਮੈਰਿਟ ਦੇ ਆਧਾਰ ‘ਤੇ ਸਟੇਸ਼ਨ ਅਲਾਟ ਕੀਤੇ ਗਏ ਅਤੇ ਨਿਯੁਕਤੀ ਪੱਤਰ ਜਾਰੀ ਕੀਤੇ ਗਏ, ਨਵੇਂ ਸਟਾਫ ਵਿੱਚ ਨਿਯੁਕਤੀ ਨੂੰ ਲੈ ਕੇ ਕਾਫੀ ਉਤਸਾਹ ਨਜ਼ਰ ਆਇਆ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਆਮ ਆਦਮੀ ਕਲੀਨਿਕਾਂ ਦੇ ਸਟਾਫ਼ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਆਮ ਆਦਮੀ ਕਲੀਨਿਕਾਂ ਦੇ ਸਾਰੇ ਸਟਾਫ ਨੂੰ ਮਰੀਜਾਂ ਨੂੰ ਦੇਖਣ ਸੰਬੰਧੀ ਆਨਲਾਈਨ ਪ੍ਰਕ੍ਰਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਆਮ ਆਦਮੀ ਕਲੀਨਿਕ ਵਿਖੇ ਇੱਕ ਡਾਕਟਰ ਦੇ ਨਾਲ ਇੱਕ ਫਾਰਮਾਸਿਸਟ/ਕਲੀਨਿਕ ਅਸਿਸਟੈਂਟ ਆਪਣੀਆਂ ਸੇਵਾਵਾਂ ਦੇਣਗੇ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਦੱਸਿਆ ਗਿਆ ਕਿ ਜਿਲ੍ਹੇ ਵਿੱਚ ਬਸਤੀ ਸ਼ੇਖ, ਓਲਡ ਤਹਿਸੀਲ ਕਰਤਾਰਪੁਰ, ਮਲਕੋ ਤਰਾੜ ਨਕੋਦਰ ਰੋਡ, ਮੁਹੱਲਾ ਗਾਂਓਂ ਸੁਵਿਧਾ ਕੇਂਦਰ ਨਕੋਦਰ, ਨੰਗਲ ਸ਼ਾਮਾ, ਰਾਮਗੜੀਆ ਮੁਹੱਲਾ, ਰਹਿਮਾਨਪੁਰਾ ਅਤੇ ਸੇਵਾ ਕੇਂਦਰ ਫਿਲੌਰ ਵਿਖੇ 8 ਨਵੇਂ ਆਮ ਆਦਮੀ ਕਲੀਨਿਕ ਖੁਲ ਰਹੇ ਹਨ ਅਤੇ ਮਰੀਜ ਦੇਖਣ ਦੀ ਮੁੱਢਲੀ ਪ੍ਰਕ੍ਰਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਇਨ੍ਹਾਂ ਨਵੇਂ 8 ਆਮ ਆਦਮੀ ਕਲੀਨਿਕਾਂ ਦੇ ਖੁਲਣ ਨਾਲ ਜਿਲ੍ਹੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵੱਧ ਕੇ 74 ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਇੱਥੇ ਮਰੀਜਾਂ ਨੂੰ 102 ਤਰ੍ਹਾਂ ਦੀਆਂ ਦਵਾਈਆਂ ਬਿਨਾ ਕਿਸੇ ਖਰਚ ਦੇ ਮਿਲਣਗੀਆਂ, ਇਸਦੇ ਨਾਲ ਹੀ 47 ਤਰ੍ਹਾਂ ਦੇ ਲੈਬ ਟੈਸਟ ਦੀ ਸੁਵਿਧਾ, ਗਰਭਵਤੀ ਔਰਤਾਂ ਲਈ ਐਮਪੈਨਲਡ ਸੈਂਟਰ ‘ਤੇ ਮੁਫਤ ਸਕੈਨਿੰਗ ਅਤੇ ਓਪੀਡੀ ਦੌਰਾਨ ਐਂਟੀ ਰੈਬੀਜ਼ ਵੈਕਸੀਨ ਦੀ ਸੁਵਿਧਾ ਵੀ ਮੁਫ਼ਤ ਉਪਲਬਧ ਹੋਵੇਗੀ।ਪੰਜਾਬ