ਜਲੰਧਰ (24.03.2026): ਜਿਲ੍ਹੇ ਵਿੱਚ ਫਿਲੌਰ, ਗੁਰਾਇਆਂ, ਕਾਕੜ ਕਲਾਂ ਅਤੇ ਢੰਡੌਰ ਦੇ ਆਮ ਆਦਮੀ ਕਲੀਨਿਕਾਂ ਲਈ ਮੈਡੀਕਲ ਅਫ਼ਸਰਾਂ ਦੀ ਇੰਟਰਵਿਊ ਮੰਗਲਵਾਰ ਨੂੰ ਸਿਵਲ ਸਰਜਨ ਦਫ਼ਤਰ ਜਲੰਧਰ ਵਿਖੇ ਹੋਈ। ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੀ ਪ੍ਰਧਾਨਗੀ ਹੇਠ ਇੰਟਰਵਿਊ ਪੂਰੇ ਪਾਰਦਰਸ਼ੀ ਢੰਗ ਨਾਲ ਲਈ ਗਈ। ਇੰਟਰਵਿਊ ਲਈ ਨਿਰਧਾਰਤ ਤਿੰਨ ਮੈਂਬਰੀ ਕਮੇਟੀ ਵਿੱਚ ਸਿਵਲ ਸਰਜਨ ਸਮੇਤ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਸ਼ਾਮਲ ਸਨ।

ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫ਼ਸਰਾਂ ਦੀ ਆਸਾਮੀਆਂ ਲਈ ਮੈਰਿਟ ਲਿਸਟ ਤਿਆਰ ਕਰਨ ਦੇ ਮੱਦੇਨਜਰ ਇਹ ਇੰਟਰਵਿਊ ਪ੍ਰਕਿਰਿਆ ਰੱਖੀ ਗਈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਨਿਰਧਾਰਿਤ ਟੀਮਾਂ ਵੱਲੋਂ ਕਾਊਂਸਲਿੰਗ ਦੌਰਾਨ ਉਮੀਦਵਾਰਾਂ ਦੇ ਅਸਲ ਦਸਤਾਵੇਜਾਂ ਦੀ ਜਾਂਚ ਕੀਤੀ ਗਈ ਅਤੇ ਕਾਊਂਸਲਿੰਗ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲੀ।

ਸਿਵਲ ਸਰਜਨ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਆਮ ਆਦਮੀ ਕਲੀਨਿਕਾਂ ਦੇ ਵਿੱਚ ਸਿਹਤ ਸਹੂਲਤਾਂ ਨੂੰ ਵਧਾਇਆ ਜਾ ਰਿਹਾ ਹੈ ਅਤੇ ਜਿਲ੍ਹੇ ਵਿੱਚ ਹੋਰ ਨਵੇਂ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ। ਇਨ੍ਹਾਂ ਨਵੇਂ ਆਮ ਆਦਮੀ ਕਲੀਨਿਕਾਂ ਵਿੱਚ ਮੈਡੀਕਲ ਅਫ਼ਸਰਾਂ ਲਈ ਉਮੀਦਵਾਰਾਂ ਦੀ ਇੰਟਰਵਿਊ ਹਰ ਵੀਰਵਾਰ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਹੋਇਆ ਕਰੇਗੀ। ਉਨ੍ਹਾਂ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਵਿੱਚ ਮਰੀਜਾਂ ਨੂੰ 102 ਤਰ੍ਹਾਂ ਦੀਆਂ ਦਵਾਈਆਂ ਮੁਫਤ ਮਿਲਣਗੀਆਂ, ਇਸਦੇ ਨਾਲ ਹੀ 47 ਤਰ੍ਹਾਂ ਦੇ ਲੈਬ ਟੈਸਟ ਦੀ ਸੁਵਿਧਾ, ਟੀ.ਬੀ. ਦੀ ਸਕ੍ਰੀਨਿੰਗ ਦੀ ਸੁਵਿਧਾ, ਡੌਗ ਬਾਈਟ ਕਾਰਨ ਹਲਕਾਅ ਤੋਂ ਬਚਾਅ ਲਈ ਟੀਕਾਕਰਨ, ਗਰਭਵਤੀ ਔਰਤਾਂ ਲਈ ਐਮਪੈਨਲਡ ਸੈਂਟਰ ‘ਤੇ ਮੁਫਤ ਸਕੈਨਿੰਗ ਅਤੇ ਓਪੀਡੀ ਦੌਰਾਨ ਐਂਟੀ ਰੈਬੀਜ਼ ਵੈਕਸੀਨ ਦੀ ਸੁਵਿਧਾ ਵੀ ਮੁਫ਼ਤ ਉਪਲਬਧ ਹੋਵੇਗੀ।