
ਜਲੰਧਰ (20.03.2026) : ਸਿਹਤ ਵਿਭਾਗ ਜਲੰਧਰ ਵੱਲੋਂ ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਜਿਲ੍ਹੇ ‘ਚ 28 ਫਰਵਰੀ 2026 ਤੋਂ ਸ਼ੁਰੂ ਕੀਤੀ ਗਈ ਐਚ.ਪੀ.ਵੀ. ਟੀਕਾਕਰਨ ਮੁਹਿੰਮ ਦਾ ਟੀਚਾ ਜਿਲ੍ਹੇ ਵਿੱਚ 14 ਸਾਲ ਦੀ ਉਮਰ ਦੀਆਂ ਯੋਗ ਲਾਭਪਾਤਰੀ ਕੁੜੀਆਂ ਦਾ ਟੀਕਾਕਰਨ ਕਰਨਾ ਹੈ। ਇਸਦੇ ਮੱਦੇਨਜਰ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੱਲੋਂ ਸਿੱਖਿਆ ਵਿਭਾਗ ਦੇ ਪ੍ਰਤੀਨਿਧੀਆਂ ਨਾਲ ਸ਼ੁੱਕਰਵਾਰ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ ਅਤੇ ਮੁਹਿੰਮ ਨੂੰ ਸਫਲ ਬਣਾਉਣ ਲਈ ਦੋਵਾਂ ਵਿਭਾਗਾਂ ਵੱਲੋਂ ਸਾਂਝੇ ਤੌਰ ‘ਤੇ ਉਪਰਾਲੇ ਕੀਤੇ ਜਾਣਗੇ।
ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੱਲੋਂ ਸਿੱਖੀਆ ਵਿਭਾਗ ਦੇ ਪ੍ਰਤੀਨਿਧੀਆਂ ਨੂੰ ਸਕੂਲਾਂ ਵਿੱਚ ਯੋਗ ਵਿਦਿਆਰਥਣਾਂ ਦੀ ਪਹਿਚਾਣ ਕਰਕੇ ਟੀਕਾਕਰਨ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਸਹਿਯੋਗ ਦੇਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਐਚਪੀਵੀ ਟੀਕਾ ਮੈਡੀਕਲ ਅਫਸਰਾਂ ਦੀ ਮੌਜੂਦਗੀ ਵਿੱਚ ਲਗਾਇਆ ਜਾਵੇ ਅਤੇ ਟੀਕਾਕਰਨ ਤੋਂ ਬਾਅਦ ਹੋਣ ਵਾਲੀਆਂ ਪ੍ਰਤੀਕੂਲ ਸਥਿਤੀਆਂ ਦੇ ਨਾਲ ਨਜਿੱਠਣ ਲਈ ਜ਼ਰੂਰੀ ਪ੍ਰਬੰਧ ਮੁਕੰਮਲ ਰੱਖੇ ਜਾਣ ਤਾਂ ਜੋ ਲਾਭਪਾਤਰੀ ਨੂੰ ਕੋਈ ਵੀ ਸਮੱਸਿਆ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਐਚ.ਪੀ.ਵੀ. ਟੀਕਾਕਰਨ ਸਵੈਇੱਛਤ ਹੈ ਅਤੇ ਟੀਕਾਕਰਨ ਤੋਂ ਪਹਿਲਾਂ ਮਾਤਾ-ਪਿਤਾ/ਸਰਪ੍ਰਸਤ ਤੋਂ ਸੂਚਿਤ ਸਹਿਮਤੀ ਲਈ ਜਾਵੇ। ਲਾਭਪਾਤਰੀ U-WIN ਪੋਰਟਲ ‘ਤੇ ਰਜਿਸਟਰ ਕਰ ਸਕਦੇ ਹਨ।
ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਨੇ ਕਿਹਾ ਕਿ ਐੱਚਪੀਵੀ ਟੀਕਾਕਰਨ ਪ੍ਰੋਗਰਾਮ ਐੱਚਪੀਵੀ ਲਾਗ ਨੂੰ ਕੈਂਸਰ ਵਿੱਚ ਵਧਣ ਤੋਂ ਪਹਿਲਾਂ ਰੋਕ ਕੇ ਇਸ ਚੁਣੌਤੀ ਦਾ ਸਿੱਧੇ ਤੌਰ ‘ਤੇ ਸਮਾਧਾਨ ਕਰਦਾ ਹੈ ਇਸ ਲਈ ਲੋਕਾਂ ਨੂੰ ਇਸ ਮੁਹਿੰਮ ਸਫਲ ਬਣਾਉਣ ਵਿੱਚ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰ ਦੇ ਆਸ਼ਾ ਅਤੇ ਏਐਨਐਮ ਨਾਲ ਸੰਪਰਕ ਕਰਕੇ ਆਪਣੀਆਂ 14 ਸਾਲ ਦੀਆਂ ਧੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ ਹੈ। ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਧੀਆਂ ਲਈ ਇੱਕ ਸਿਹਤਮੰਦ, ਕੈਂਸਰ-ਮੁਕਤ ਭਵਿੱਖ ਨੂੰ ਯਕੀਨੀ ਬਣਾਉਂਦਾ ਹੈ। ਮੀਟਿੰਗ ਵਿੱਚ ਮੈਡੀਕਲ ਅਫ਼ਸਰ ਡਾ. ਸੋਹਿਤ, ਅਰਬਨ ਕੋਆਰਡੀਨੇਟਰ ਡਾ. ਸੁਰਭੀ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਸੀ.ਓ. ਜੋਤੀ, ਸਿੱਖਿਆ ਵਿਭਾਗ ਦੇ ਪ੍ਰਤੀਨਿਧੀਆਂ ਵਿੱਚ ਸ੍ਰੀ ਰੁਪਿੰਦਰ ਪਾਲ ਸਿੰਘ, ਸ੍ਰੀ ਰਾਕੇਸ਼ ਕੁਮਾਰ, ਸ੍ਰੀ ਰਣਜੀਤ ਸਿੰਘ, ਸ੍ਰੀ ਵਿਜੇ ਕੁਮਾਰ, ਮੈਡਮ ਨੀਤੂ, ਮੈਡਮ ਮੀਨੂ, ਹੈਪੀ ਅਤੇ ਮੈਡਮ ਦਪਿੰਦਰ ਕੌਰ ਆਦਿ ਮੌਜੂਦ ਸਨ।