ਲਾਇਲਪੁਰ ਖਾਲਸਾ ਕਾਲਜ ਵਿਦਿਅਕ ਸੰਸਥਾਵਾਂ ਦੀ ਗਵਰਨਿਗ ਕੌਂਸਲ ਦੇ ਬਤੌਰ ਪ੍ਰਧਾਨ ਸਵ. ਸ. ਬਲਬੀਰ ਸਿੰਘ ਜੀ ਨੇ 35 ਸਾਲ ਪੂਰੀ ਤਨਦੇਹੀ ਨਾਲ ਸੇਵਾ ਕੀਤੀ।ਆਪ ਜੀ ਦੀ ਸੁਯੋਗ ਅਤੇ ਅਨੁਸ਼ਾਸਿਤ ਅਗਵਾਈ ਅਧੀਨ ਕਾਲਜ ਨੇ ਵਿਦਿਅ, ਸਭਿਆਚਾਰ,ਖੇਡਾਂ ਅਤੇ ਖੋਜ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟਦਿਆਂ ਇੱਕ ਮਾਣ ਮੱਤਾ ਇਤਿਹਾਸ ਸਿਰਜਿਆ।ਆਪ ਜੀ ਦੀ ਰਹਿਨੁਮਾਈ ਅਧੀਨ ਲਾਇਲਪੁਰ ਖਾਲਸਾ ਕਾਲਜ ਦੀਆਂ ਗਰਾਊਂਡਾਂ ਨੇ ਵਿਸ਼ਵ ਪੱਧਰੀ ਖਿਡਾਰੀ ਦਿੱਤੇ।ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇ ਹਾਣੀ ਬਣਾਉਣ ਲਈ ਆਪ ਜੀ ਕੰਪਿਊਟਰ ਵਰਗੇ ਤਕਨੀਕੀ ਵਿਸ਼ਿਆਂ ਨੂੰ ਕਾਲਜ ਵਿੱਚ ਲੈ ਕੇ ਆਏ।ਰਵਾਇਤੀ ਅਤੇ ਆਧੁਨਿਕ ਸਿੱਖਿਆ ਦੇ ਸੁਮੇਲ ਰਾਹੀਂ ਕਾਲਜ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ।ਉਚੇਰੀ ਸਿੱਖਿਆ ਪ੍ਰਤੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਕੇ ਆਪ ਨੇ ਦੁਆਬੇ ਦੇ ਖੇਤਰ ਵਿੱਚ ਅਜਿਹੇ ਮੀਲ ਪੱਥਰ ਸਥਾਪਿਤ ਕੀਤੇ ਕਿ ਇਸ ਫਾਨੀ ਸੰਸਾਰ ਤੋਂ (18 ਸਾਲ ਪਹਿਲਾਂ) ਜਾਣ ਮਗਰੋਂ ਅੱਜ ਵੀ ਸਿੱਖਿਆ ਸ਼ਾਸਤਰੀ ਉਹਨਾਂ ਦੀ ਸੋਚ ਨੂੰ ਨਮਨ ਕਰਦੇ ਹਨ।ਉਹਨਾਂ ਦੁਆਰਾ ਸਿੰਜਿਆ ਉਚੇਰੀ ਸਿੱਖਿਆ ਦਾ ਬੂਟਾ ਹੁਣ ਵਿਸ਼ਾਲ ਦਰਖਤ ਦਾ ਰੂਪ ਧਾਰਨ ਕਰ ਚੁੱਕਾ ਹੈ। ਇਥੋਂ ਵਿਦਿਆ ਪ੍ਰਾਪਤ ਕਰਕੇ ਵਿਦਿਆਰਥੀ ਦੇਸ਼/ਵਿਦੇਸ਼ ਦੇ ਵਿਭਿੰਨ ਖੇਤਰਾਂ ਵਿੱਚ ਉੱਚ ਅਹੁੱਦਿਆਂ ਉੱਤੇ ਅਤੇ ਬਿਜਨਸ ਵਿੱਚ ਸਥਾਪਤ ਹੋ ਕੇ ਨਾਮਨਾ ਖੱਟ ਰਹੇ ਹਨ। ਆਪ ਨੇ ਰਾਜਨੀਤੀ ਵਿੱਚ ਰਹਿੰਦਿਆਂ ਸਿੱਖਿਆ ਦੇ ਮਹੱਤਵ ਨੂੰ ਸਭ ਤੋਂ ਮੋਹਰੀ ਰੱਖਿਆ। ਵਿਰਸੇ ਤੋਂ ਪ੍ਰਾਪਤ ਰਾਜਨੀਤੀ ਵਿੱਚ ਕਦਮਬੋਸ਼ੀ ਕਰਦਿਆਂ 1972 ਤੋਂ 1977 ਤੱਕ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਵਿੱਚ ਆਪ ਨੇ ਬਤੌਰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਵਜੋਂ ਸੇਵਾ ਨਿਭਾਈ।ਇਸ ਸਮੇਂ ਆਪ ਜੀ ਨੇ 1974 ਵਿਚ ਪਹਿਲੀ ਵਾਰ ਪੰਜਾਬ ਸਟਾਇਲ ਕਬੱਡੀ ਦੇ ਅੰਤਰਰਾਸ਼ਟਰੀ ਪੱਧਰ ਤੇ ਇੰਗਲੈਂਡ ਵਿੱਚ ਮੈਚ ਕਰਵਾਏ।1972 ਤੋਂ 1977 ਤੱਕ ਆਪ ਰਾਜ ਸਭਾ ਮੈਂਬਰ ਰਹੇ ਅਤੇ 1999 ਤੋਂ 2004 ਤੱਕ ਦੇਸ਼ ਦੀ 13ਵੀਂ ਲੋਕ ਸਭਾ ਦੇ ਮੈਂਬਰ ਚੁਣੇ ਗਏ। 2005 ਤੋਂ 2008 ਤੱਕ ਐਨ.ਆਰ.ਆਈ. ਸਭਾ ਪੰਜਾਬ ਦੇ ਪੈਟਰਨ ਰਹੇ।ਵੱਖ-ਵੱਖ ਰਾਜਨੀਤਿਕ ਅਹੁਦਿਆਂ ਤੇ ਵਿਚਰਦਿਆਂ ਆਪਣੇ ਅਖਤਿਆਰੀ ਫੰਡ ਦੀ ਜ਼ਿਆਦਾਤਰ ਵਰਤੋਂ ਸਿਹਤ, ਸਿੱਖਿਆ ਅਤੇ ਹੋਰ ਲੋਕ ਭਲਾਈ ਦੇ ਕਾਰਜਾਂ ਲਈ ਖਰਚ ਕੀਤੀ।13 ਫ਼ਰਵਰੀ 2008 ਨੂੰ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋਣ ਮਗਰੋਂ ਆਪਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲਾਇਲਪੁਰ ਖ਼ਾਲਸਾ ਕਾਲਜ ਵਿਦਿਅਕ ਸੰਸਥਾਵਾਂ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਜੀ ਦੀ ਸੁਚੱਜੀ ਅਗਵਾਈ ਅਧੀਨ ਦੁਆਬੇ ਵਿੱਚ ਟੈਕਨੀਕਲ, ਇੰਜੀਨੀਅਰਿੰਗ ਅਤੇ ਲਾਅ ਆਦਿ ਵਿਦਿਅਕ ਸੰਸਥਾਵਾਂ ਖੋਲ੍ਹੀਆਂ।ਸਿਖਿਆਰਥੀ ਇਨ੍ਹਾਂ ਸੰਸਥਾਵਾਂ ਤੋਂ ਆਧੁਨਿਕ ਦੌਰ ਦੀ ਸਿਖਿਆ ਪ੍ਰਾਪਤ ਕਰਕੇ ਸਮੇਂ ਦੇ ਹਾਣੀ ਬਣ ਰਹੇ ਹਨ।ਸਮੂਹ ਲਾਇਲਪੁਰ ਖ਼ਾਲਸਾ ਕਾਲਜ ਵਿੱਦਿਅਕ ਸੰਸਥਾਵਾਂ ਰੂਪੀ ਪਰਿਵਾਰ ਵੱਲੋਂ 13 ਫ਼ਰਵਰੀ 2026 ਸ਼ੁੱਕਰਵਾਰ ਨੂੰ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿੱਚ ਸ. ਬਲਬੀਰ ਸਿੰਘ ਜੀ ਦੀ ਬਰਸੀ ਮਨਾਈ ਜਾ ਰਹੀ ਹੈ।ਸ. ਬਲਬੀਰ ਸਿੰਘ ਵਰਗੀ ਹਰਦਿਲ ਅਜ਼ੀਜ਼, ਲੋਕ ਹਿਤੈਸ਼ੀ ਅਤੇ ਦੂਰਗਾਮੀ ਸੋਚ ਵਾਲੀ ਹਸਤੀ ਸਰੀਰਕ ਤੌਰ ਤੇ ਸਾਡੇ ਵਿੱਚ ਨਾ ਹੋ ਕੇ ਵੀ ਸਦਾ ਸਮਾਜ ਦਾ ਮਾਰਗ ਦਰਸ਼ਨ ਕਰਦੀ ਰਹੇਗੀ।ਆਉ ਸਾਰੇ ਰਲ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ।