
ਕਰਤਾਰਪੁਰ,19 ਅਗਸਤ,
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਹਲਕਾ ਵਿਧਾਇਕ ਦੇ ਇਸ਼ਾਰੇ ਉੱਤੇ ਪੁਲਿਸ ਵਧੀਕੀਆਂ ਖਿਲਾਫ਼ ਥਾਣਾ ਕਰਤਾਰਪੁਰ ਅੱਗੇ 5 ਘੰਟੇ ਤੋਂ ਵੱਧ ਸਮਾਂ ਧਰਨਾ ਮੁਜ਼ਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਸੈਂਕੜੇ ਪੇਂਡੂ ਮਜ਼ਦੂਰ ਸਥਾਨਕ ਮੁੱਖ ਚੌਕ ਪੁੱਲ ਹੇਠਾਂ ਇਕੱਠੇ ਹੋਏ ਜਿੱਥੇ ਰੈਲੀ ਕਰਨ ਉਪਰੰਤ ਜਰਨੈਲੀ ਸੜਕ ਉੱਤੇ ਮੁਜ਼ਾਹਰਾ ਕਰਦੇ ਹੋਏ ਉਹ ਥਾਣਾ ਅੱਗੇ ਧਰਨਾ ਸਥਾਨ ਉੱਤੇ ਪੁੱਜੇ। ਜਿੱਥੇ ਦੁਪਹਿਰ 12 ਤੋਂ ਸ਼ਾਮ 5 ਵਜੇ ਤੱਕ ਹਲਕਾ ਵਿਧਾਇਕ, ਪੇਂਡੂ ਚੌਧਰੀਆਂ ਅਤੇ ਪੁਲਿਸ ਪ੍ਰਸ਼ਾਸਨ ਦੇ ਗੱਠਜੋੜ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਆਖ਼ਰ 5 ਘੰਟੇ ਬਾਅਦ ਪੁਲਿਸ ਪ੍ਰਸ਼ਾਸਨ ਵਲੋਂ ਧੀਰਪੁਰ ਵਿਖੇ ਸਾਬਕਾ ਸਰਪੰਚ ਪਿਆਰਾ ਸਿੰਘ ਦੇ ਪਰਿਵਾਰ ਨੂੰ ਸੱਟਾਂ ਮਾਰਨ ਆਦਿ ਸੰਬੰਧੀ ਕਾਰਵਾਈ ਅਮਲ ਚ ਲਿਆਉਣ ਅਤੇ ਬਾਕੀ ਮਾਮਲਿਆਂ ਵਿੱਚ ਜਲਦੀ ਨਿਆਂ ਦੇਣ ਦੇ ਭਰੋਸੇ ਉਪਰੰਤ ਧਰਨਾ ਸਮਾਪਤ ਕੀਤਾ ਗਿਆ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਜੇਕਰ ਦਿੱਤੇ ਭਰੋਸੇ ਨੂੰ ਮਿੱਥੇ ਸਮੇਂ ਤੱਕ ਅਮਲ ਵਿੱਚ ਲਾਗੂ ਨਾ ਕੀਤਾ ਗਿਆ ਤਾਂ 26 ਅਗਸਤ ਤੋਂ ਥਾਣੇ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਆਪਣੇ ਸਿਆਸੀ ਵਿਰੋਧੀਆਂ ਦੀ ਆਵਾਜ਼ ਨੂੰ ਕੁਚਲਣ ਲਈ ਹਲਕਾ ਵਿਧਾਇਕ ਦੇ ਇਸ਼ਾਰੇ ਉੱਤੇ ਪੁਲਿਸ ਵਧੀਕੀਆਂ ਦਿਨੋਂ ਦਿਨ ਵਧ ਰਹੀਆਂ ਹਨ। ਪੁਲਿਸ ਕੇਸਾਂ ਰਾਹੀਂ ਦਬਾਉਣ ਦਾ ਹਾਕਮ ਧਿਰ ਭਰਮ ਪਾਲ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਦਿੱਤੀਆਂ ਗਾਰੰਟੀਆਂ ਨੂੰ ਅਮਲ ਵਿਚ ਲਾਗੂ ਕਰਨ ਦੀ ਥਾਂ ਸੱਤਾਧਾਰੀ ਧਿਰ ਲੋਕ ਵਿਰੋਧੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਇਸ ਖਿਲਾਫ਼ ਉੱਠਣ ਵਾਲੀ ਆਵਾਜ਼ ਨੂੰ ਕੁਚਲਣ ਲਈ ਪੰਜਾਬ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਯੁੱਧ ਦੇ ਬਾਵਜੂਦ ਪੁਲਿਸ ਤੇ ਸਿਆਸੀ ਸਰਪ੍ਰਸਤੀ ਹੇਠ ਨਸ਼ੇ ਵੱਧ ਫੁੱਲ ਰਹੇ ਹਨ,ਪੁਲਿਸ ਨੂੰ ਮਿਲੀ ਅੰਨੀਂ ਤਾਕਤ ਝੂਠੇ ਐਨਕਾਉਂਟਰ ਕਰ ਰਹੀ ਹੈ, ਸਿੱਖਿਆ ਕ੍ਰਾਂਤੀ ਦਾ ਢਡੌਰਾ ਪਿੱਟਣ ਵਾਲੀ ਭਗਵੰਤ ਮਾਨ ਸਰਕਾਰ ਅਧਿਆਪਕਾਂ ਦੀ ਪੱਕੀ ਭਰਤੀ ਕਰਨ ਦੀ ਥਾਂ ਸਰਕਾਰੀ ਨੌਕਰੀ ਦੀ ਮੰਗ ਕਰਦੇ ਅਧਿਆਪਕਾਂ ਉੱਤੇ ਜ਼ਬਰ ਕਰ ਰਹੀ ਹੈ। ਹਾਕਮਾਂ ਵਲੋਂ ਮੁਫ਼ਤ ਇਲਾਜ਼ ਦੇ ਦਮਗਜੇ ਮਾਰਨ ਦੇ ਬਾਵਜੂਦ ਸਰਕਾਰੀ ਹਸਪਤਾਲਾਂ ਚ ਸਿਹਤ ਸਹੂਲਤਾਂ ਮੁਹੱਈਆ ਨਹੀਂ ਕਰਵਾ ਸਕੇ।
ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਦੇ ਇਸ਼ਾਰੇ ਉੱਤੇ ਪਿੰਡ ਧੀਰਪੁਰ ਵਿਖੇ ਇੱਕ ਨੌਜਵਾਨ ਲੜਕੀ ਤੱਕ ਨੂੰ ਝੂਠੇ ਇਰਾਦਾ ਕਤਲ ਵਰਗੇ ਕੇਸ ਵਿੱਚ ਨਾਮਜ਼ਦ ਕਰਨ ਵਰਗਾ ਘਟੀਆਂ ਕਾਰਨਾਮਾਂ ਕੀਤਾ ਗਿਆ, ਹਾਕਮ ਧਿਰ ਦੇ ਦਬਾਅ ਕਾਰਨ 16 ਸੱਟਾਂ ਦੇ ਬਾਵਜੂਦ ਬਿਆਨ ਦਰਜ ਕਰਕੇ ਕਾਰਵਾਈ ਨਹੀਂ ਕੀਤੀ ਜਾ ਰਹੀ, ਯੂਨੀਅਨ ਆਗੂ ਦੇ ਭਰਾ ਨੂੰ ਰਸਤੇ ਵਿੱਚ ਘੇਰ ਕੇ ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਵਾਲਿਆਂ ਖਿਲਾਫ਼ ਕਾਰਵਾਈ ਦੀ ਥਾਂ ਸਿਆਸੀ ਇਸ਼ਾਰੇ ਉੱਤੇ ਦਬਾਉਣ ਲਈ ਉਸ ਉੱਪਰ ਹੀ ਕੇਸ ਦਰਜ ਕੀਤਾ ਗਿਆ। ਹਾਕਮ ਧਿਰ ਦੇ ਲੋਕਾਂ ਦੇ ਇਸ਼ਾਰੇ ਉੱਤੇ ਪਿੰਡ ਘੁੱਗ ਦੇ ਇੱਕ ਮਜ਼ਦੂਰ ਦੇ ਘਰ ਜ਼ਬਰੀ ਦਾਖ਼ਿਲ ਹੋ ਕੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਥਾਂ ਪੀੜਤ ਵਿਅਕਤੀ ਖਿਲਾਫ਼ ਕੇਸ ਦਰਜ ਕਰ ਦਿੱਤਾ ਗਿਆ। ਕਈ ਮਹੀਨਿਆਂ ਤੋਂ ਘਰੋਂ ਬੇਘਰ ਕਰਨ ਲਈ ਬਲਜੋਤ ਨਗਰ ਦੀ ਵਸਨੀਕ 90 ਸਾਲਾਂ ਬਜ਼ੁਰਗ ਔਰਤ ਨੂੰ ਉਸਦੇ ਕਮਰੇ ਚ ਜ਼ਬਰੀ ਦਾਖ਼ਿਲ ਹੋ ਕੇ ਕੁੱਟਮਾਰ ਕਰਨ ਵਾਲਿਆਂ ਖਿਲਾਫ਼ ਉਸਦੀ ਐੱਮ ਐੱਲ ਆਰ ਦੇ ਬਾਵਜੂਦ ਕਾਰਵਾਈ ਕਰਨ ਤੋਂ ਕੰਨੀਂ ਕਤਰਾਈ ਜਾ ਰਹੀ ਹੈ। ਯੂਨੀਅਨ ਆਗੂ ਖਿਲਾਫ਼ ਦਰਜ ਇਰਾਦਾ ਕਤਲ ਦੇ ਕੇਸ ਚੋਂ ਉਸਨੂੰ ਬਾਹਰ ਕੱਢਣ ਤੋਂ ਟਾਲ ਮਟੋਲ ਕੀਤਾ ਜਾ ਰਿਹਾ ਹੈ। ਸਰਕਾਰੇ ਦਰਬਾਰੇ ਪਹੁੰਚ ਪ੍ਰਾਪਤ ਠੱਗੀ ਮਾਰਨ ਤੇ ਧੋਖਾਧੜੀ ਕਰਨ ਵਾਲੇ ਫਗਵਾੜਾ ਵਾਸੀ ਇੱਕ ਵਿਅਕਤੀ ਅਤੇ ਉਸਦੇ ਸਾਥੀਆਂ ਵਿਰੁੱਧ ਮਾਮਲਾ ਦਰਜ ਕਰਨ ਲਈ ਪੁਲਿਸ ਪ੍ਰਸ਼ਾਸਨ ਤਿਆਰ ਨਹੀਂ। ਇਸ ਤਰ੍ਹਾਂ ਦੇ ਅਨੇਕਾਂ ਹੋਰ ਵੀ ਮਾਮਲੇ ਹਨ,ਜਿਸ ਚ ਨਿਆਂ ਦੇਣ ਲਈ ਪੁਲਿਸ ਪ੍ਰਸ਼ਾਸਨ ਤਿਆਰ ਨਹੀਂ। ਜਿਸ ਕਾਰਨ ਲੋਕਾਂ ਦਾ ਕਾਨੂੰਨ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ।
ਇਸ ਮੌਕੇ ਯੂਨੀਅਨ ਦੇ ਸੂਬਾ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ, ਤਹਿਸੀਲ ਪ੍ਰਧਾਨ ਕੇ ਐੱਸ ਅਟਵਾਲ, ਤਹਿਸੀਲ ਸਕੱਤਰ ਸਰਬਜੀਤ ਕੌਰ ਕੁੱਦੋਵਾਲ, ਤਹਿਸੀਲ ਆਗੂ ਬਲਵਿੰਦਰ ਕੌਰ ਦਿਆਲਪੁਰ, ਬਲਬੀਰ ਸਿੰਘ ਧੀਰਪੁਰ, ਬਲਵਿੰਦਰ ਕੌਰ ਘੁੱਗ, ਪਰਮਜੀਤ ਕੌਰ, ਗੋਬਿੰਦਾ ਆਦਿ ਨੇ ਵੀ ਸੰਬੋਧਨ ਕੀਤਾ।