
ਜਲੰਧਰ (19.03.2026) : ਜਿਲ੍ਹੇ ਦੇ ਨਿੱਜੀ ਹਸਪਤਾਲਾਂ ਅਤੇ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਕਮਰਸ਼ੀਅਸ ਸਿਲੰਡਰਾਂ ਦੀ ਸਪਲਾਈ ਪਹਿਲ ਦੇ ਅਧਾਰ ‘ਤੇ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਵੱਲੋਂ ਆਈ.ਐਮ.ਏ. ਅਤੇ ਨਰਸਿੰਗ ਹੋਮ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਸਿਵਲ ਸਰਜਨ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਆਈ.ਐਮ.ਏ. ਪ੍ਰਧਾਨ ਡਾ. ਧੀਰਜ ਭਾਟੀਆ, ਡਾ. ਜੇ.ਪੀ. ਸਿੰਘ ਮੈਂਬਰ ਨਰਸਿੰਗ ਹੋਮ ਐਸੋਸੀਏਸ਼ਨ, ਡਾ. ਜੰਗਪ੍ਰੀਤ, ਡਾ. ਅਨਹਦ ਸਿੰਘ ਆਦਿ ਮੌਜੂਦ ਸਨ।
ਸਿਵਲ ਸਰਜਨ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਹ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਸਰਕਾਰੀ ਸਿਹਤ ਸੰਸਥਾਵਾਂ ਅਤੇ ਆਈ.ਐਮ.ਏ. ਤੇ ਨਰਸਿੰਗ ਹੋਮ ਐਸੋਸੀਏਸ਼ਨ ਦੇ ਅਧੀਨ ਆਉਂਦੇ ਨਿਜੀ ਹਸਪਤਾਲਾਂ ਅਤੇ ਸੰਸਥਾਵਾਂ ਦੀਆਂ ਕੰਟੀਨਾਂ ਜਾਂ ਇਨ ਹਾਉਸ ਕਿਚਨ ਵਿਖੇ ਕਮਰਸ਼ਿਅਲ ਸਿਲੰਡਰਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਇਨ੍ਹਾਂ ਸੰਸਥਾਵਾਂ ਵਿੱਚ ਇਲਾਜ ਲਈ ਆਉਣ ਵਾਲੇ ਮਰੀਜਾਂ ਅਤੇ ਉਨ੍ਹਾਂ ਦੇ ਸਬੰਧੀਆਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਾ ਹੋਵੇ।
ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਵੀ ਸੰਸਥਾ ਦੀ ਕੰਟੀਨ ਜਾਂ ਇਨ ਹਾਉਸ ਕਿਚਨ ਵਿਖੇ ਕਮਰਸ਼ੀਅਲ ਸਿਲੰਡਰ ਦੀ ਲੋੜ ਹੋਵੇਗੀ, ਉਸ ਨਾਲ ਸਬੰਧਤ ਹਸਪਤਾਲ ਜਾ ਸੰਸਥਾ ਵੱਲੋਂ ਆਪਣੀ ਸੰਸਥਾ ਦੇ ਮੁਖੀ ਤੋਂ ਕਮਰਸ਼ਿਅਲ ਸਿਲੰਡਰ ਦੀ ਲੋੜ ਸਬੰਧੀ ਅਪਰੂਵਲ ਨੂੰ ਵੈਰੀਫਾਈ ਕਰਵਾ ਕੇ ਸਿਲੰਡਰ ਨਾਲ ਸਬੰਧਤ ਗੈਸ ਏਜੰਸੀ ਦੀ ਸਾਈਟ ‘ਤੇ ਜਾ ਕੇ ਅਪਲਾਈ ਕਰਨਾ ਹੋਵੇਗਾ ਅਤੇ ਸਬੰਧਤ ਏਜੰਸੀ ਵੱਲੋਂ ਸੰਸਥਾ ਦੀ ਸਿਲੰਡਰ ਦੀ ਲੋੜ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਸਬੰਧਤ ਸੰਸਥਾਵਾਂ ਵੱਲੋਂ ਸਿਵਲ ਸਰਜਨ ਤੋਂ ਵੀ ਕਮਰਸ਼ੀਅਲ ਸਿਲੰਡਰਾਂ ਦੀ ਲੋੜ ਸਬੰਧੀ ਅਪਰੂਵਲ ਵੈਰੀਫਾਈ ਕਰਵਾ ਕੇ ਸਿਲੰਡਰ ਲਈ ਅਪਲਾਈ ਕੀਤਾ ਜਾ ਸਕਦਾ ਹੈ। ਆਈ.ਐਮ.ਏ. ਪ੍ਰਧਾਨ ਡਾ. ਧੀਰਜ ਭਾਟੀਆ ਅਤੇ ਨਰਸਿੰਗ ਹੋਮ ਐਸੋਸੀਏਸ਼ਨ ਦੇ ਮੁਖੀ ਡਾ. ਜੇ.ਪੀ. ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਕਿ ਸਰਕਾਰੀ ਅਤੇ ਨਿੱਜੀ ਸਿਹਤ ਸੰਸਥਾਵਾਂ ਦੀ ਕੰਟੀਨਾਂ ਅਤੇ ਇਨ ਹਾਉਸ ਕਿਚਨ ਵਿਖੇ ਕਮਰਸ਼ੀਅਲ ਸਿਲੰਡਰ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।