ਜਲੰਧਰ (25.03.2026): ਸਿਵਲ ਸਰਜਨ ਡਾ. ਰਾਜੇਸ਼ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਿਹਤ ਵਿਭਾਗ ਜਲੰਧਰ ਵੱਲੋਂ 100 ਦਿਨਾਂ ਦੇ ਇੰਟੈਂਸਿਫਾਈਡ ਟੀਬੀ ਅਲੀਮੀਨੇਸ਼ਨ ਕੈਂਪੇਨ ਤਹਿਤ ਟੀਬੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਸਹਾਇਕ ਸਿਹਤ ਅਫ਼ਸਰ ਡਾ. ਮੀਰਾ ਵੱਲੋਂ ਪ੍ਰੋਗਰਾਮ ਦੀ ਅਗਵਾਈ ਕੀਤੀ ਗਈ ਅਤੇ ਇਸ ਸਬੰਧੀ ਐਨ.ਟੀ.ਈ.ਪੀ. ਸਟਾਫ ਤੇ ਆਸ਼ਾ ਵਰਕਰਾਂ ਨੂੰ ਸੈਂਸੇਟਾਈਜ਼ ਕੀਤਾ ਗਿਆ ਤਾਂ ਜੋ ਇਹ ਸੁਨੇਹਾ ਜਮੀਨੀ ਪੱਧਰ ਤੱਕ ਅਤੇ ਹਰ ਜ਼ਰੂਰਤਮੰਦ ਵਿਅਕਤੀ ਤੱਕ ਪਹੁੰਚ ਸਕੇ। ਇਸ ਦੌਰਾਨ 100 ਦਿਨਾਂ ਦੀ ਇੰਟੈਂਸਿਫਾਈਡ ਟੀਬੀ ਅਲੀਮੀਨੇਸ਼ਨ ਕੈਂਪੇਨ ਸਬੰਧੀ ਜਾਗਰੂਕਤਾ ਸਮੱਗਰੀ (ਬੈਨਰ, ਪੋਸਟਰ) ਰੀਲੀਜ਼ ਕੀਤੀ ਗਈ।
ਸਹਾਇਕ ਸਿਹਤ ਅਫ਼ਸਰ ਡਾ. ਮੀਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਸ਼ਵ ਟੀਬੀ ਦਿਵਸ 2026 ਦਾ ਵਿਸ਼ਾ “ਹਾਂ! ਅਸੀਂ ਟੀਬੀ ਨੂੰ ਖਤਮ ਕਰ ਸਕਦੇ ਹਾਂ!” ਟੀਬੀ ਨੂੰ ਖਤਮ ਕਰਨ ਦੇ ਸਮੂਹਿਕ ਸੰਕਲਪ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਵੀ ਇਸ ਮੌਕੇ ਟੀਬੀ ਨੂੰ ਖਤਮ ਕਰਨ ਦਾ ਸੰਕਲਪ ਲੈਣਾ ਚਾਹੀਦਾ ਹੈ ਅਤੇ ਇਸਦੇ ਇਲ਼ਾਜ ਪ੍ਰਤੀ ਵਧ ਤੋਂ ਵਧ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਟੀ.ਬੀ. ਦੇ ਖਾਤਮੇ ਲਈ ਸਮੂਹਿਕ ਯਤਨਾਂ ਨੂੰ ਹੋਰ ਤੇਜ਼ ਕਰਨ ਦੀ ਲੋੜ ‘ਤੇ ਜੋਰ ਦਿੱਤਾ।
ਜਿਲ੍ਹਾ ਟੀਬੀ ਅਫ਼ਸਰ (ਕਾਰਜਕਾਰੀ) ਡਾ. ਪਰਮਵੀਰ ਸਿੰਘ ਨੇ ਕਿਹਾ ਕਿ ਟੀ.ਬੀ. ਲਾਇਲਾਜ ਨਹੀਂ ਹੈ, ਸਰਕਾਰ ਟੀ.ਬੀ. ਦੇ ਮਰੀਜਾਂ ਨੂੰ ਚੰਗੀ ਗੁਣਵੱਤਾ ਵਾਲੀਆਂ ਦਵਾਈਆਂ, ਜਾਂਚ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਜੋ ਕਿ ਪ੍ਰਭਾਵਸ਼ਾਲੀ ਅਤੇ ਮੁਫ਼ਤ ਹਨ। ਨਿਯਮਤ ਦਵਾਈ ਅਤੇ ਚੰਗੀ ਖੁਰਾਕ ਹੀ ਟੀ.ਬੀ. ਤੋਂ ਬਚਾਅ ਲਈ ਅਸਲ ਕੁੰਜੀ ਹੈ। ਸ਼ਰੀਰ ਦੀ ਰੋਗਾਂ ਨਾਲ ਲੜਨ ਦੀ ਸਮਰਥਾ ਨੂੰ ਵਧਾਉਣ ਲਈ ਪੋਸ਼ਟਿਕ ਖੁਰਾਕ, ਰੋਜਾਨਾ ਵਰਜਿਸ਼ ਤੇ ਸੈਰ ਜਰੂਰ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਨਿਯਮਤ ਦਵਾਈ ਦਾ ਸੇਵਨ ਕਰਨਾ ਚਾਹੀਦਾ ਹੈ।
ਮੈਡੀਕਲ ਅਫ਼ਸਰ ਡਾ. ਰਘੂ ਸੱਭਰਵਾਲ ਨੇ ਕਿਹਾ ਕਿ ਟੀ.ਬੀ. ਦਾ ਰੋਗ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦਾ ਹੈ, ਜੇਕਰ ਕਿਸੇ ਵਿਅਕਤੀ ਨੂੰ ਦੋ ਹਫਤੇ ਤੋਂ ਵੱਧ ਖੰਘ, ਸ਼ਾਮ ਸਮੇਂ ਹਲਕਾ ਬੁਖਾਰ, ਲਗਾਤਾਰ ਭਾਰ ਘੱਟਣਾ, ਥਕਾਵਟ ਅਤੇ ਭੁੱਖ ਘੱਟ ਲੱਗਣ ਦੀ ਸ਼ਿਕਾਇਤ ਆਦਿ ਲੱਛਣ ਹੋਣ ਤਾਂ ਨਜਦੀਕੀ ਸਰਕਾਰੀ ਸਿਹਤ ਸੰਸਥਾ ਵਿੱਚ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ। ਸਮਾਰੋਹ ਦੌਰਾਨ ਵਿਦਿਆਰਥਿਆਂ ਵੱਲੋਂ ਨੁੱਕੜ ਨਾਟਕ ਪੇਸ਼ ਕਰਕੇ ਟੀਬੀ ਦੀ ਰੋਕਥਾਮ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਪ੍ਰੀਤਇੰਦਰ ਸਿੰਘ, ਏਸੀਐਫ ਕੋਆਰਡੀਨੇਟਰ ਡਾ. ਜੋਤੀ ਬਾਲਾ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਡਬਲਯੂਐਚਪੀ (ਵਰਲਡ ਹੈਲਥ ਪਾਰਟਨਰ) ਮਿਸ ਨੀਲਮ, ਸ਼੍ਰੀਮਤੀ ਏਕਤਾ, ਅਮਿਤ ਅਤੇ ਸਮੂਹ ਐਨ.ਟੀ.ਈ.ਪੀ. ਸਟਾਫ ਮੌਜੂਦ ਸੀ।