
ਜਲੰਧਰ/ਚੰਡੀਗੜ੍ਹ,23 ਮਈ,
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਤਹਿਸੀਲ ਆਗੂ ਨਾਵਲ ਗਿੱਲ ਟਾਹਲੀ ਅਤੇ ਹੋਰਨਾਂ ਨੂੰ ਸਵਾਲ ਪੁੱਛਣ ਤੋਂ ਬੁਖਲਾਹਟ ਵਿੱਚ ਆ ਕੇ ਆਮ ਆਦਮੀ ਪਾਰਟੀ ਦੇ ਟਾਂਡਾ ਤੋਂ ਵਿਧਾਇਕ ਤੇ ਐੱਸ ਐੱਸ ਪੀ ਹੁਸ਼ਿਆਰਪੁਰ ਦੇ ਇਸ਼ਾਰੇ ਉੱਪਰ ਫ਼ਿਲਮੀ ਕਹਾਣੀ ਬਣਾ ਕੇ ਦਰਜ ਕੀਤੇ ਮੁਕੱਦਮੇ ਵਿੱਚ ਜੇਲ੍ਹ ਡੱਕਣ ਕਾਰਨ ਪੇਂਡੂ ਮਜ਼ਦੂਰਾਂ ਦੇ ਮਨਾਂ ਵਿੱਚ ਗੁੱਸਾ ਵੱਧਦਾ ਜਾ ਰਿਹਾ ਹੈ। ਜਥੇਬੰਦੀ ਦੀ ਅਗਵਾਈ ਹੇਠ ਅੱਜ ਦੂਸਰੇ ਦਿਨ ਵੀ ਪੇਂਡੂ ਮਜ਼ਦੂਰਾਂ ਨੇ ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ ਜ਼ਿਲ੍ਹੇ ਅੰਦਰ 23 ਥਾਵਾਂ ‘ਤੇ ਵਿਧਾਇਕ ਜਸਵੀਰ ਸਿੰਘ ਰਾਜਾ ਤੇ ਐੱਸ.ਐੱਸ.ਪੀ. ਹੁਸ਼ਿਆਰਪੁਰ ਦੇ ਪੁਤਲੇ ਫੂਕੇ ਗਏ। ਜਥੇਬੰਦੀ ਨੇ ਦਲਿਤ ਮਜ਼ਦੂਰਾਂ ਵਿਰੋਧੀ ਐੱਮ ਐੱਲ ਏ ਅਤੇ ਐੱਸ.ਐੱਸ.ਪੀ. ਖਿਲਾਫ਼ ਅਤੇ ਐੱਮ.ਐੱਲ.ਏ. ਜਸਵੀਰ ਸਿੰਘ ਰਾਜਾ ਤੇ ਉਸਦੇ ਹਮਾਇਤੀਆਂ ਵਿਰੁੱਧ ਐੱਸ ਸੀ ਐੱਸ ਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕਰਵਾਉਣ, ਪੜਤਾਲ ਕਰਕੇ ਚੌਂਕੀ ਇੰਚਾਰਜ ਬੌੜਾਂ ਬਸਤੀ ਦੀ ਭੂਮਿਕਾ ਦੀ ਜਾਂਚ ਕਰਕੇ ਉਸਦੇ ਖਿਲਾਫ਼ ਧਧ੍ਹਕਾਰਵਾਈ ਅਤੇ ਜੇਲ੍ਹ ਡੱਕੇ ਪੇਂਡੂ ਮਜ਼ਦੂਰ ਆਗੂਆਂ ਦੀ ਰਿਹਾਈ ਲਈ 28 ਮਈ ਨੂੰ ਡੀਐੱਸਪੀ ਦਫ਼ਤਰ ਅੱਗੇ ਲਗਾਏ ਜਾਣ ਵਾਲੇ ਧਰਨੇ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਐੱਸ ਐੱਸ ਪੀ ਹੁਸ਼ਿਆਰਪੁਰ ਦੇ ਤਾਨਾਸ਼ਾਹੀ ਵਤੀਰੇ ਕਾਰਨ ਪੰਜਾਬ ਭਰ ਵਿੱਚ ਦਲਿਤ ਮਜ਼ਦੂਰਾਂ ਦੇ ਮਨਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਦਲਿਤ ਮਜ਼ਦੂਰਾਂ ਦੀ ਕੁੱਟਮਾਰ ਕਰਨ ਵਾਲੇ ਅਤੇ ਮੋਬਾਇਲ ਫ਼ੋਨ ਝਪਟਣ ਵਾਲੇ ਵਿਧਾਇਕ ਤੇ ਉਸਦੇ ਸਮਰੱਥਕਾਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਉਲ਼ਟ ਪੀੜਤ ਦਲਿਤ ਮਜ਼ਦੂਰਾਂ ਖਿਲਾਫ਼ ਹੀ ਫ਼ਿਲਮੀ ਕਹਾਣੀ ਤਹਿਤ ਮਾਮਲਾ ਦਰਜ ਕਰਕੇ ਦਲਿਤ ਮਜ਼ਦੂਰਾਂ ਦੀ ਜਮਹੂਰੀ ਆਵਾਜ਼ ਨੂੰ ਕੁਚਲਣ ਲਈ ਤਿੰਨ ਦਲਿਤ ਮਜ਼ਦੂਰਾਂ ਨੂੰ ਜੇਲ੍ਹ ਭੇਜ ਕੇ ਭਰਮ ਪਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸਦਾ ਵਧੀਕੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜਥੇਬੰਦੀ ਦੇਸ਼ ਦੇ ਮੌਜੂਦਾ ਸੰਵਿਧਾਨ ਨੂੰ ਬਦਲ ਕੇ ਮਨੂੰ-ਸਮਰਿਤੀ ਲਾਗੂ ਕਰਨ ਲਈ ਯਤਨਸ਼ੀਲ ਭਾਜਪਾ ਨੂੰ ਹਰਾਓਣ, ਭਾਜਪਾ ਨੂੰ ਭਜਾਉਣ, ਹੋਰਨਾਂ ਹਾਕਮ ਪਾਰਟੀਆਂ ਨੂੰ ਸਵਾਲ ਕਰਨ ਅਤੇ ਮੌਜੂਦਾ ਆਰਥਿਕ ਸਿਆਸੀ ਪ੍ਰਬੰਧ ਨੂੰ ਨੰਗਾ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 20 ਮਈ ਨੂੰ ਪਿੰਡ ਟਾਹਲੀ ਵਿਖੇ ਚੋਣ ਪ੍ਰਚਾਰ ਕਰਨ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੂੰ ਦਲਿਤ ਮਜ਼ਦੂਰਾਂ ਵਲੋਂ ਸਵਾਲ ਪੁੱਛਣ ‘ਤੇ ਉਨ੍ਹਾਂ ਦੇ ਦਲੀਲ ਨਾਲ ਜਵਾਬ ਦੇਣ ਦੀ ਥਾਂ ਹਲਕਾ ਵਿਧਾਇਕ ਨੇ ਦਲਿਤ ਮਜ਼ਦੂਰਾਂ ਨੂੰ ਜਾਤੀ ਨੀਵਾਂ ਦਿਖਾਉਣ ਖਾਤਰ ਵਧੀਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਨੇ ਨਿਆਂ ਦਿਵਾਉਣ ਦੀ ਥਾਂ ਵਿਧਾਇਕ ਦੇ ਸਿਆਸੀ ਦਬਾਅ ਹੇਠ ਝੂਠਾ ਕੇਸ ਦਰਜ ਕਰਕੇ ਪੀੜਤ ਦਲਿਤ ਮਜ਼ਦੂਰਾਂ ਖਿਲਾਫ਼ ਕੇਸ ਦਰਜ ਕਰਕੇ ਤਿੰਨ ਆਗੂਆਂ ਨੂੰ ਜੇਲ੍ਹ ਭੇਜ ਦਿੱਤਾ। ਇਸ ਵਧੀਕੀ ਖਿਲਾਫ਼ ਪੰਜਾਬ ਭਰ ਅੰਦਰ ਮਜ਼ਦੂਰਾਂ ਦੇ ਮਨਾਂ ਵਿੱਚ ਡਾਢਾ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਪੇਂਡੂ ਮਜ਼ਦੂਰ ਆਗੂਆਂ ਨੇ 28 ਮਈ ਦੇ ਧਰਨਾ ਪ੍ਰਦਰਸ਼ਨ ਲਈ ਮਜ਼ਦੂਰਾਂ ਨੂੰ ਪੂਰਾ ਤਾਣ ਲਾਉਣ ਦੀ ਅਪੀਲ ਵੀ ਕੀਤੀ।