ਜਲੰਧਰ (29.07.2024): ਸਿਵਲ ਸਰਜਨ ਡਾ. ਜਗਦੀਪ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਜਲੰਧਰ ਵੱਲੋਂ ਸਰਕਾਰੀ ਹਾਈ ਸਕੂਲ ਬੂਟਾ ਮੰਡੀ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ ਵੱਲੋਂ ਸੈਮੀਨਾਰ ਦੀ ਅਗਵਾਈ ਕਰਦੇ ਹੋਏ ਸਕੂਲੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਵਿਸ਼ਵ ਹੈਪੇਟਾਈਟਸ ਦਿਵਸ ਹਰ ਸਾਲ 28 ਜੁਲਾਈ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਵਾਰ ਇਸ ਦਿਵਸ ਨੂੰ “It’s time for action” ਵਿਸ਼ੇ ਤਹਿਤ ਮਨਾਇਆ ਜਾ ਰਿਹਾ ਹੈ।
ਡਾ. ਮਨਦੀਪ ਕੌਰ ਨੇ ਦੱਸਿਆ ਕਿ ਹੈਪੇਟਾਈਟਸ ਜਿਗਰ ਦੀ ਬੀਮਾਰੀ ਹੈ ਜੋ ਕਿ ਵਾਇਰਸ ਕਾਰਨ ਹੁੰਦੀ ਹੈ। ਹੈਪੇਟਾਈਟਸ ਪੰਜ ਤਰਾਂ ਦਾ ਹੁੰਦਾ ਹੈ ਜਿਸ ਵਿੱਚ ਹੈਪੇਟਾਈਟਸ ਏ,ਬੀ,ਸੀ,ਡੀ ਅਤੇ ਈ ਹਨ। ਹੈਪੇਟਾਈਟਸ ਏ ਅਤੇ ਈ ਕਿਸਮ ਦੂਸ਼ਿਤ ਪਾਣੀ ਤੇ ਗਲੇ ਸੜੇ ਫਲ ਖਾਣ ਨਾਲ ਤੇ ਮੱਖੀਆਂ ਦੁਆਰਾ ਦੂਸ਼ਿਤ ਕੀਤੇ ਭੋਜਨ ਖਾਣ ਅਤੇ ਬਿਨਾਂ ਹੱਥ ਧੋਤੇ ਭੋਜਨ ਖਾਣ ਨਾਲ ਹੁੰਦੀ ਹੈ। ਇਸ ਬਿਮਾਰੀ ਦੇ ਮੁੱਖ ਲੱਛਣਾਂ ਵਿੱਚ ਹਲਕਾ ਬੁਖਾਰ ਅਤੇ ਮਾਸਪੇਸ਼ੀਆਂ ਵਿੱਚ ਦਰਦ, ਭੁੱਖ ਨਾ ਲੱਗਣਾ, ਵਾਰ-ਵਾਰ ਉਲਟੀਆਂ ਆਉਣਾ, ਪਿਸ਼ਾਬ ਦਾ ਰੰਗ ਪੀਲਾ ਹੋਣਾ, ਕਮਜ਼ੋਰੀ ਮਹਿਸੂਸ ਹੋਣਾ ਅਤੇ ਜਿਗਰ ਦਾ ਖ਼ਰਾਬ ਹੋਣਾ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹੈਪੇਟਾਈਟਸ ਏ ਅਤੇ ਈ ਤੋਂ ਬਚਾਅ ਲਈ ਪਾਣੀ ਨੂੰ ਕਿਸੇ ਸਾਫ਼-ਸੁਥਰੀ ਥਾਂ ਜਾਂ ਉਬਾਲ ਕੇ ਠੰਢਾ ਕਰ ਕੇ ਪੀਣਾ ਚਾਹੀਦਾ ਹੈ। ਪੀਣ ਵਾਲੇ ਪਾਣੀ ਨੂੰ ਸਾਫ਼ ਬਰਤਨ ਵਿੱਚ ਢੱਕ ਕੇ ਰੱਖੋ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਨਾ ਕਰਨ ਦੇ ਨਾਲ-ਨਾਲ ਖੇਤਾਂ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਡਰੰਮ ਅਤੇ ਕੰਟੇਨਰਾਂ ਨੂੰ ਨਹਿਰਾਂ ਜਾਂ ਪੀਣ ਵਾਲੇ ਪਾਣੀ ਵਿੱਚ ਨਾ ਧੋਵੋ। ਅਜਿਹਾ ਕਰਨ ਨਾਲ ਪਾਣੀ ਮਨੁੱਖ ਦੇ ਪੀਣ ਯੋਗ ਨਹੀਂ ਰਹਿੰਦਾ। ਉਨ੍ਹਾਂ ਦੱਸਿਆ ਕਿ ਬੱਚਿਆ ਨੂੰ ਹੈਪੇਟਾਈਟਸ ਬੀ ਦੀ ਬਿਮਾਰੀ ਤੋਂ ਬਚਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਟੀਕਾਕਰਨ ਕੀਤਾ ਜਾਂਦਾ ਹੈ।
ਸੈਮੀਨਾਰ ਦੌਰਾਨ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੱਸਿਆ ਕਿ ਹਰ ਸਾਲ ਵਿਸ਼ਵ ਵਿੱਚ ਲੱਖਾਂ ਲੋਕ ਹੈਪੇਟਾਈਟਸ (ਕਾਲਾ ਪੀਲੀਆ) ਬੀਮਾਰੀ ਨਾਲ ਆਪਣੀ ਜਾਨ ਗਵਾ ਬੈਠਦੇ ਹਨ ਜਦੋਂ ਕਿ ਇਸ ਬੀਮਾਰੀ ਦਾ ਸਹੀ ਸਮੇਂ ਤੇ ਜਾਂਚ ਕਰਵਾ ਕੇ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ ਤੇ ਇਸ ਬੀਮਾਰੀ ਨਾਲ ਹੋਣ ਵਾਲੀਆਂ ਮੋਤਾਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਬੀ ਤੇ ਸੀ ਦੂਸ਼ਿਤ ਖੂਨ ਚੜਾਉਣ ਨਾਲ,ਨਸ਼ੇ ਦੇ ਆਦਿ ਲੋਕਾਂ ਵੱਲੋਂ ਸਾਂਝੀਆ ਸੂਈਆਂ ਵਰਤਨ ਨਾਲ,ਟੈਟੁ ਬਨਵਾਉਣ ਨਾਲ,ਗ੍ਰਸਤ ਮਾਂ ਤੋ ਬੱਚੇ ਨੂੰ, ਗ੍ਰਸਤ ਵਿਅਕਤੀਆ ਨਾਲ ਸਰੀਰਿਕ ਸਬੰਧ ਬਨਾਉਣ ਨਾਲ ਹੋ ਸਕਦੀ ਹੈ। ਇਸ ਬੀਮਾਰੀ ਤੋਂ ਬਚਾਅ ਬਾਰੇ ਗੱਲ ਕਰਦਿਆਂ ਉਨਾਂ ਦੱਸਿਆ ਕਿ ਸੂਈਆਂ ਦਾ ਸਾਂਝਾ ਇਸਤਮਾਲ ਨਾ ਕਰੋ, ਮਨਜੂਰਸ਼ੁਦਾ ਬਲੱਡ ਬੈਂਕ ਤੋਂ ਖੂਨ ਲਗਵਾਉਣਾ, ਸੁਰਖਿਅਤ ਸੰਭੋਗ, ਟੈਟੂ ਨਾ ਬਣਵਾਓ ਅਤੇ ਇਸਦੇ ਨਾਲ ਹੀ ਇਹ ਧਿਆਨ ਰੱਖੋ ਕਿ ਖਾਣ-ਪੀਣ ਦੀਆਂ ਵਸਤਾਂ ਤਾਜੀਆਂ ਤੇ ਸਾਫ ਹੋਣ ਅਤੇ ਸਾਫ ਪਾਣੀ ਦੀ ਵਰਤੋਂ ਕਰਨਾ ਆਦਿ ਤਰੀਕਿਆਂ ਨਾਲ ਹੈਪੇਟਾਈਟਸ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਸ ਮੌਕੇ ਆਰ.ਬੀ.ਐਸ.ਕੇ. ਟੀਮ ਵਿੱਚ ਏ.ਐਮ.ਓ. ਡਾ. ਦੇਵ, ਫਾਰਮਾਸਿਸਟ ਕਾਮਨਾ, ਸਕੂਲ ਹੈਡ ਮਿਸਟਰਸ ਮੀਨੂ, ਟੀਚਰ ਸੁਖਚਰਨ ਕੁਮਾਰ ਅਤੇ ਹੋਰ ਸਟਾਫ ਮੌਜੂਦ ਸੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।