ਜਲੰਧਰ (05.08.2025): ਸਿਹਤ ਵਿਭਾਗ ਵੱਲੋਂ 1 ਤੋਂ 7 ਅਗਸਤ ਤੱਕ ਮਨਾਏ ਜਾ ਰਹੇ “ਮਾਂ ਦੇ ਦੁੱਧ ਦੀ ਮਹੱਤਤਾ” ਸੰਬੰਧੀ ਜਾਗਰੂਕਤਾ ਹਫ਼ਤੇ ਦੇ ਮੱਦੇਨਜਰ ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਮੰਗਲਵਾਰ ਨੂੰ ਐਮ.ਸੀ.ਐਚ. ਸੈਂਟਰ ਸਿਵਲ ਹਸਪਤਾਲ ਵਿਖੇ ਬ੍ਰੈਸਟ ਫੀਡਿੰਗ ਕਾਰਨਰ ਅਤੇ ਪੋਸਟ ਨੇਟਲ ਵਾਰਡ ਦਾ ਜਾਇਜਾ ਲਿਆ ਗਿਆ ਅਤੇ ਨਵਜਨਮੇ ਬੱਚਿਆਂ ਦੀਆਂ ਮਾਵਾਂ ਨੂੰ ਦੁੱਧ ਪਿਲਾਉਣ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਗਿਆ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਬੱਚੇ ਦੇ ਜਨਮ ਤੋਂ ਬਾਅਦ ਪਹਿਲੇ 6 ਮਹੀਨੇ ਮਾਂ ਦਾ ਦੁੱਧ ਹੀ ਬੱਚੇ ਲਈ ਸੰਪੂਰਨ ਖੁਰਾਕ ਹੁੰਦਾ ਹੈ। ਬੱਚੇ ਦੇ ਜਨਮ ਦੇ ਤੁਰੰਤ ਬਾਅਦ ਅੱਧੇ ਘੰਟੇ ਦੇ ਅੰਦਰ ਮਾਂ ਦਾ ਦੁੱਧ ਚੁੰਘਾਉਣਾ ਲਾਜ਼ਮੀ ਹੁੰਦਾ ਹੈ ਅਤੇ 6 ਮਹੀਨਿਆਂ ਤੋਂ ਬਾਅਦ ਵੀ ਪੂਰਕ ਆਹਾਰ ਦੇ ਨਾਲ-ਨਾਲ ਮਾਂ ਦਾ ਦੁੱਧ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਬੋਤਲ ਜਾਂ ਡੱਬੇ ਵਾਲਾ ਦੁੱਧ ਨਹੀਂ ਪਿਲਾਉਣਾ ਚਾਹੀਦਾ ਹੈ। ਇਸ ਤਰ੍ਹਾਂ ਦਾ ਦੁੱਧ ਆਹਾਰ ਬੱਚਿਆਂ ਲਈ ਘਾਤਕ ਸਿੱਧ ਹੁੰਦਾ ਹੈ। ਉਨ੍ਹਾਂ ਦੱਸਿਆ ਕਿ 6 ਮਹੀਨੇ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਪੋਸ਼ਟਿਕ ਖੁਰਾਕ ਖਿਚੜੀ, ਦਲੀਆ ਆਦਿ ਦੇਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ।
ਡਾ. ਗੁਰਮੀਤ ਲਾਲ ਨੇ ਦੱਸਿਆ ਕਿ ਜਿਹੜੀਆਂ ਮਾਂਵਾਂ ਕੰਮਕਾਜੀ ਹਨ ਉਹ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਦੇ ਲਈ ਆਪਣਾ ਦੁੱਧ ਕੱਢ ਕੇ ਘਰ ਰੱਖ ਸਕਦੀਆਂ ਹਨ ਅਤੇ ਬੱਚੇ ਦਾ ਸੰਭਾਲਕਰਤਾ ਬੱਚੇ ਨੂੰ ਉਹ ਦੁੱਧ ਪਿਲਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਨਾਰਮਲ ਤਾਪਮਾਨ ਵਿੱਚ ਢੱਕੇ ਹੋਏ ਬਰਤਨ ਵਿੱਚ ਰੱਖਿਆ ਮਾਂ ਦਾ ਕੱਢਿਆ ਹੋਇਆ ਦੁੱਧ 6 ਘੰਟਿਆ ਤੱਕ ਬੱਚਿਆਂ ਨੂੰ ਪਿਲਾਇਆ ਜਾ ਸਕਦਾ ਹੈ ਅਤੇ ਜੋ ਦੁੱਧ ਮਿਥੇ ਸਮੇਂ ਵਿੱਚ ਵਰਤਿਆ ਨਹੀਂ ਜਾਂਦਾ ਤਾਂ ਉਸ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਂ ਦਾ ਦੁੱਧ ਨਾ ਸਿਰਫ਼ ਬੱਚੇ ਲਈ ਫਾਇਦੇਮੰਦ ਹੁੰਦਾ ਹੈ, ਸਗੋਂ ਔਰਤ ਨੂੰ ਵੀ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਦਾ ਖਤਰਾ ਘਟ ਜਾਂਦਾ ਹੈ। ਨਵ ਜਨਮੇ ਬੱਚੇ ਨੂੰ ਪੋਸ਼ਣ, ਸੁਰੱਖਿਆ ਅਤੇ ਪਿਆਰ ਦੀ ਲੋੜ ਹੁੰਦੀ ਹੈ, ਇਨ੍ਹਾਂ ਸਾਰੀਆਂ ਜਰੂਰਤਾਂ ਦੀ ਪੂਰਤੀ ਮਾਂ ਦਾ ਦੁੱਧ ਹੀ ਕਰਦਾ ਹੈ।
ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੱਲੋਂ ਦੱਸਿਆ ਗਿਆ ਕਿ ਮਾਂ ਦੇ ਪਹਿਲੇ ਗਾੜੇ ਦੁੱਧ (ਬਹੁਲਾ) ਵਿੱਚ ਨਵ-ਜੰਮੇ ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਾਰੇ ਜਰੂਰੀ ਤੱਤ ਮੌਜੂਦ ਹੁੰਦੇ ਹਨ। ਮਾਂ ਦੇ ਦੁੱਧ ਵਿੱਚ ਐਂਟੀਬਾਡੀ ਮੌਜੂਦ ਹੁੰਦੇ ਹਨ, ਜੋ ਬੱਚੇ ਨੂੰ ਵਾਇਰਸ, ਬੈਕਟੀਰੀਆ ਅਤੇ ਰੋਗਾਂ ਨਾਲ ਲੜਨ ਦੀ ਸਮਰਥਾ ਵਧਾਉਂਦਾ ਹੈ ਅਤੇ ਬੱਚੇ ਦੇ ਇਮਊਨ ਸਿਸਟਮ ਨੂੰ ਮਜਬੂਤ ਕਰਦਾ ਹੈ। ਮਾਂ ਦਾ ਦੁੱਧ ਬੱਚੇ ਨੂੰ ਕੁਪੋਸ਼ਨ ਤੇ ਡਾਇਰੀਆ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਬੱਚਿਆਂ ਦੇ ਮਾਹਿਰ ਡਾ. ਐਸ.ਐਸ. ਨਾਂਗਲ, ਗਾਇਨੋਕੋਲਿਜਿਸਟ ਡਾ. ਸਤਵਿੰਦਰ ਕੌਰ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਅਸੀਮ ਸ਼ਰਮਾ ਮੌਜੂਦ ਸੀ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।