ਅਜਨਾਲਾ/ਅੰਮ੍ਰਿਤਸਰ,11 ਸਤੰਬਰ ( ) – ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਨਿਰੰਤਰ ਸੇਵਾ ਕਾਰਜ ਨਿਭਾ ਰਹੇ ਕੌਮਾਂਤਰੀ ਪੱਧਰ ਦੇ ਸਮਾਜ ਸੇਵੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ.ਸਿੰਘ ਓਬਰਾਏ ਵੱਲੋਂ ਹੁਣ ਤੱਕ ਅਜਨਾਲਾ ਖੇਤਰ ਦੇ ਹੜ੍ਹ ਪੀੜਤ ਪਸ਼ੂ ਪਾਲਕਾਂ ਨੂੰ 100 ਟਨ ਪਸ਼ੂਆਂ ਦਾ ਚਾਰਾ ਵੰਡਿਆ ਜਾ ਚੁੱਕਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਐਸ.ਪੀ. ਓਬਰਾਏ ਨੇ ਦੱਸਿਆ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਲੋਕ ਹੜ੍ਹਾਂ ਕਾਰਨ ਬਹੁਤ ਹੀ ਮੁਸ਼ਕਿਲ ਦੌਰ ਵਿੱਚੋਂ ਗੁਜ਼ਰ ਰਿਹਾ ਹਨ,ਇਸ ਲਈ ਉਨ੍ਹਾਂ ਵੱਲੋਂ ਪੰਜਾਬ ਦੇ ਸਮੁੱਚੇ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਆਪਣੇ ਸੇਵਾ ਕਾਰਜ ਨਿਰੰਤਰ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਪਹਿਲੇ ਪੜਾਅ ਤਹਿਤ 1200 ਟਨ ਪਸ਼ੂਆਂ ਦਾ ਚਾਰਾ ਖ੍ਰੀਦਿਆ ਗਿਆ ਹੈ ਅਤੇ ਲੰਮਾ ਸਮਾਂ ਪ੍ਰਭਾਵਿਤ ਖੇਤਰਾਂ ਦੇ ਪਸ਼ੂ ਪਾਲਕਾਂ ਨੂੰ ਚਾਰੇ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤਹਿਤ ਅੱਜ ਉਨ੍ਹਾਂ ਦੀ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਚਮਿਆਰੀ ਦੀ ਮੌਜੂਦਗੀ ਵਿਚ ਕਸਬਾ ਚਮਿਆਰੀ,ਅਜਨਾਲਾ ਅਤੇ ਰਮਦਾਸ ਦੇ ਵੱਖ-ਵੱਖ ਪਿੰਡਾਂ ਦੇ ਪ੍ਰਭਾਵਿਤ ਪਸ਼ੂ ਪਾਲਕਾਂ ਨੂੰ 20 ਟਨ ਸੁੱਕਾ ਚਾਰਾ ਵੰਡਿਆ ਗਿਆ ਹੈ ਜਦ ਕਿ ਹੁਣ ਤੱਕ ਅਜਨਾਲਾ ਖੇਤਰ ‘ਚ 100 ਟਨ ਪਸ਼ੂਆਂ ਦਾ ਚਾਰਾ ਵੰਡਿਆ ਜਾ ਚੁੱਕਾ ਹੈ।
ਇਸ ਦੌਰਾਨ ਵੱਖ-ਵੱਖ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਸਰਪੰਚਾਂ,ਮੋਹਤਬਰਾਂ ਤੋਂ ਇਲਾਵਾ ਪਸ਼ੂਆਂ ਦਾ ਚਾਰਾ ਪ੍ਰਾਪਤ ਕਰਨ ਵਾਲੇ ਕਿਸਾਨਾਂ ਵੱਲੋਂ ਡਾ. ਉਬਰਾਏ ਦਾ ਇਸ ਉਪਰਾਲੇ ਲਈ ਧੰਨਵਾਦ ਵੀ ਕੀਤਾ ਗਿਆ ਹੈ। ਇਸ ਮੌਕੇ ਸਲਾਹਕਾਰ ਸੁਖਦੀਪ ਸਿੱਧੂ,ਪ੍ਰਧਾਨ ਸਿਸ਼ਪਾਲ ਸਿੰਘ ਲਾਡੀ,ਨਵਜੀਤ ਸਿੰਘ ਘਈ, ਐਕਸੀਅਨ ਜਗਦੇਵ ਸਿੰਘ ਤੋਂ ਇਲਾਵਾ ਕਸਬਾ ਚਮਿਆਰੀ ਦੇ ਸਾਬਕਾ ਸਰਪੰਚ ਜਰਨੈਲ ਸਿੰਘ ਵੜੈਚ ਆਦਿ ਮੌਜੂਦ ਸਨ।
ਫੋਟੋ ਕੈਪਸ਼ਨ – ਹੜ੍ਹ ਪ੍ਰਭਾਵਿਤ ਪਸ਼ੂ ਪਾਲਕਾਂ ਨੂੰ ਸੁੱਕਾ ਚਾਰਾ ਵੰਡਣ ਮੌਕੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਮਨਪ੍ਰੀਤ ਸੰਧੂ, ਜਰਨੈਲ ਸਿੰਘ ਜ਼ੈਲਦਾਰ ਤੇ ਹੋਰ।