
ਜਲੰਧਰ (12-09-2025): ਬੱਚਿਆਂ ਦੇ ਟੀਕਾਕਰਨ ਪ੍ਰੋਗਰਾਮ ਤਹਿਤ ਦਫ਼ਤਰ ਸਿਵਲ ਸਰਜਨ ਜਲੰਧਰ ਵਿਖੇ ਸਿਵਲ ਸਰਜਨ (ਕਾਰਜਕਾਰੀ) ਡਾ. ਰਮਨ ਗੁਪਤਾ ਦੀ ਪ੍ਰਧਾਨਗੀ ਹੇਠ ਏ.ਈ.ਐਫ.ਆਈ. (ਐਡਵਰਸ ਈਵੈਂਟਸ ਫੋਲੋਇੰਗ ਇੰਮਊਨਾਈਜੇਸ਼ਨ) ਭਾਵ ਟੀਕਾਕਰਨ ਮਗਰੋਂ ਹੋਣ ਵਾਲੇ ਪ੍ਰਭਾਵਾਂ ਦੀ ਸਮੀਖਿਆ ਕਰਨ ਸੰਬੰਧੀ ਮੀਟਿੰਗ ਕੀਤੀ ਗਈ। ਸਿਵਲ ਸਰਜਨ ਨੇ ਸਮੀਖਿਆ ਕਰਦੇ ਹੋਏ ਕਿਹਾ ਕਿ ਅਭਿਆਨ ਚੁਣੌਤੀ ਭਰਿਆ ਹੁੰਦਾ ਹੈ। ਟੀਕਾਕਰਨ ਤੋਂ ਬਾਅਦ ਜੇਕਰ ਕਿਸੇ ਬੱਚੇ ਨੂੰ ਕੋਈ ਬੁਖਾਰ, ਉਲਟੀ, ਟੱਟੀਆਂ ਜਾ ਕੋਈ ਹੋਰ ਈਵੈਂਟਸ ਹੋ ਜਾਵੇ ਜਾਂ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਆਸ਼ਾ/ਏ.ਐਨ.ਐਮ./ਬੱਚਿਆਂ ਦੇ ਰੋਗਾਂ ਦੇ ਮਾਹਿਰ ਮੈਡੀਕਲ ਅਫ਼ਸਰ ਨਾਲ ਤੁਰੰਤ ਸੰਪਰਕ ਕੀਤਾ ਜਾਵੇ ਅਤੇ ਸਰਕਾਰੀ ਹਸਪਤਾਲ ਦੀਆਂ ਸੇਵਾਵਾਂ ਲਈਆਂ ਜਾਣ।
ਮੀਟਿੰਗ ਦੋਰਾਨ ਸਮੀਖਿਆ ਕਰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਜਦੋਂ ਵੀ ਕੋਈ ਬੱਚਾ ਟੀਕਾਕਰਨ ਸੈਸ਼ਨ/ਮਮਤਾ ਦਿਵਸ ਤੇ ਟੀਕਾਕਰਨ ਲਈ ਆਉਂਦਾ ਹੈ ਤਾਂ ਆਸ਼ਾ/ਏ.ਐਨ.ਐਮ. ਵੱਲੋਂ ਟੀਕਾਕਰਨ ਸਮੇਂ ਬੱਚੇ ਦੀ ਮਾਤਾ/ਰਿਸ਼ਤੇਦਾਰ ਨੂੰ ਟੀਕਾਕਰਨ ਸਬੰਧੀ ਚਾਰ ਸੰਦੇਸ਼ ਜਰੂਰ ਦੱਸੇ ਜਾਣ ਕਿ ਬੱਚੇ ਨੂੰ ਕਿਹੜੀ ਵੈਕਸੀਨ ਦਿੱਤੀ ਗਈ ਹੈ ਅਤੇ ਕਿਸ ਰੋਗ ਤੋਂ ਬਚਾਅ ਕਰਦੀ ਹੈ, ਅਗਲੇ ਟੀਕਾਕਰਨ ਲਈ ਕਦੋਂ ਅਤੇ ਕਿੱਥੇ ਜਾਣਾ ਹੈ, ਕਿਹੜੇ ਪ੍ਰਤਿਕੂਲ ਪ੍ਰਭਾਵ ਹੋ ਸਕਦੇ ਹਨ ਅਤੇ ਉਸਦਾ ਕਿਸ ਤਰ੍ਹਾਂ ਨਿਦਾਨ ਕਰੀਏ, ਟੀਕਾਕਰਨ ਕਾਰਡ ਨੂੰ ਸੁਰੱਖਿਅਤ ਰੱਖੋ ਅਤੇ ਇਸ ਨੂੰ ਅਗਲੇ ਟੀਕਾਕਰਨ ਸਮੇਂ ਨਾਲ ਲਿਆਓ। ਇਸ ਸੰਦੇਸ਼ ਨਾਲ ਬੱਚੇ ਦੀ ਮਾਤਾ ਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਮੇਰੇ ਬੱਚੇ ਨੂੰ ਕਿਹੜੀ ਵੈਕਸੀਨ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਟੀਕਾਕਰਨ ਸੌ ਫੀਸਦ ਕਰਨਾ ਯਕੀਨੀ ਬਣਾਇਆ ਜਾਵੇ।
ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਟੀਕਾਕਰਨ ਤੋਂ ਬਾਅਦ ਕਈ ਵਾਰੀ ਕਿਸੇ ਬੱਚੇ ਨੂੰ ਕੋਈ ਬੁਖਾਰ, ਉਲਟੀ, ਟੱਟੀਆਂ ਜਾ ਕੋਈ ਹੋਰ ਈਵੈਂਟਸ ਹੋ ਜਾਵੇ ਤਾਂ ਆਮ ਲੋਕਾਂ ਦੀ ਗਲਤ ਧਾਰਨਾ ਹੋ ਜਾਂਦੀ ਹੈ ਕਿ ਬੱਚੇ ਦੇ ਟੀਕਾਕਰਨ ਕਰਕੇ ਹੋਇਆ ਹੈ ਜਦ ਕਿ ਬੱਚੇ ਨੂੰ ਇਸ ਟੀਕਾਕਰਨ ਕਰਕੇ ਨਹੀਂ ਸਗੋਂ ਹੋਰ ਕੋਈ ਕਾਰਨ ਵੀ ਹੋ ਸਕਦਾ ਹੈ ਕਿਉਂਕਿ ਬਾਕੀ ਬੱਚਿਆਂ ਨੂੰ ਵੀ ਉਹੀ ਵੈਕਸੀਨ ਦਿੱਤੀ ਗਈ ਹੁੰਦੀ ਹੈ। ਜੇਕਰ ਫਿਰ ਵੀ ਕਿਸੇ ਬੱਚੇ ਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਤੁਰੰਤ ਨੇੜੇ ਦੀ ਆਸ਼ਾ, ਏਐਨਐਮ ਨਾਲ ਸੰਪਰਕ ਕੀਤਾ ਜਾਵੇ ਜਾ ਨਜਦੀਕੀ ਸਿਹਤ ਸੰਸਥਾ ਵਿਖੇ ਬੱਚਿਆਂ ਦੇ ਰੋਗਾਂ ਦੇ ਮਾਹਿਰ ਮੈਡੀਕਲ ਅਫ਼ਸਰ ਨਾਲ ਤੁਰੰਤ ਸੰਪਰਕ ਕੀਤਾ ਜਾਵੇ ਅਤੇ ਸਰਕਾਰੀ ਹਸਪਤਾਲ ਦੀਆਂ ਸੇਵਾਵਾਂ ਲਈਆਂ ਜਾਣ।
ਮੀਟਿੰਗ ਵਿੱਚ ਬੱਚਿਆਂ ਦੇ ਰੋਗਾਂ ਦੇ ਮਾਹਿਰ ਸਰਵਿਲੈਂਸ ਮੈਡੀਕਲ ਅਫ਼ਸਰ (ਡਬਲਯੂ.ਐਚ.ਓ.) ਡਾ. ਗਗਨ ਸ਼ਰਮਾ, ਜਿਲ੍ਹਾ ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ, ਡਾ. ਐਸ.ਐਸ. ਨਾਂਗਲ, ਡਾ. ਰਿਸ਼ੀ ਮਾਰਕੰਡਾ ਪੀਡੀਆਟ੍ਰੀਸ਼ਨ, ਡਾ. ਨਵਨੀਤ ਦਿਓਲ ਪੈਥੋਲੋਜਿਸਟ, ਡਾ. ਮਾਨਵ ਮਿੱਡਾ, ਡਾ. ਅਭਿਨਵ ਸ਼ੂਰ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ ਹਾਜ਼ਰ ਸਨ।