
ਜਲੰਧਰ (17.09.2025): ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਹੁਕਮਾਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ (ਕਾਰਜਕਾਰੀ) ਡਾ. ਰਮਨ ਗੁਪਤਾ ਵੱਲੋਂ “ਵਿਸ਼ਵ ਮਰੀਜ਼ ਸੁਰੱਖਿਆ ਦਿਵਸ” ਮੌਕੇ ਬੁੱਧਵਾਰ ਨੂੰ ਸਿਵਲ ਹਸਪਤਾਲ ਜਲੰਧਰ ਦੇ ਐੱਮ.ਸੀ.ਐੱਚ. ਸੈਂਟਰ ਸਥਿਤ ਨਿੱਕੂ (ਐੱਸ.ਐੱਨ.ਸੀ.ਯੂ.) ਵਾਰਡ ਅਤੇ ਰੁਟੀਨ ਟੀਕਾਕਰਨ ਸ਼ੈਸ਼ਨ ਦਾ ਜਾਇਜ਼ਾ ਲਿਆ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ “ਵਿਸ਼ਵ ਮਰੀਜ਼ ਸੁਰੱਖਿਆ ਦਿਵਸ-2025” ਨੂੰ “ਹਰ ਨਵਜੰਮੇ ਅਤੇ ਹਰ ਬੱਚੇ ਲਈ ਸੁਰੱਖਿਅਤ ਇਲਾਜ” ਵਿਸ਼ੇ ਦੇ ਤਹਿਤ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਸਿਵਲ ਸਰਜਨ ਨੇ ਨਵਜੰਮੇ ਬੱਚਿਆਂ ਦੀ ਸੁਰੱਖਿਅਤ ਦੇਖਭਾਲ, ਇਮਿਊਨਾਈਜੇਸ਼ਨ ਅਤੇ ਜਾਗਰੂਕਤਾ ਬਾਰੇ ਵਿਸ਼ੇਸ਼ ਜਾਣਕਾਰੀ ਦਿੰਦਿਆ ਕਿਹਾ ਕਿ ਹਰ ਸਾਲ 17 ਸਤੰਬਰ ਨੂੰ “ਵਿਸ਼ਵ ਮਰੀਜ਼ ਸੁਰੱਖਿਆ ਦਿਵਸ” ਦੇ ਤੌਰ ‘ਤੇ ਮਨਾਇਆ ਜਾਦਾ ਹੈ। ਉਨ੍ਹਾਂ ਕਿਹਾ ਕਿ ਹਰ ਬੱਚੇ ਨੂੰ ਸ਼ੁਰੂ ਤੋਂ ਹੀ ਸੁਰੱਖਿਅਤ, ਗੁਣਵੱਤਾ ਵਾਲੀ ਸਿਹਤ ਦੇਖਭਾਲ ਦਾ ਅਧਿਕਾਰ ਹੈ। ਇਹ ਦਿਨ ਨਵਜੰਮੇ ਬੱਚਿਆਂ ਅਤੇ ਬੱਚਿਆਂ ਦੀ ਸਿਹਤ ਲਈ ਸੁਰੱਖਿਅਤ ਇਲਾਜ ਦੀ ਲੋੜ ਨੂੰ ਉਭਾਰਦਾ ਹੈ ਅਤੇ ਇਹ ਯਕੀਨੀ ਬਣਾਉਣ ਦੀ ਅਪੀਲ ਕਰਦਾ ਹੈ ਕਿ ਜੀਵਨ ਦੀ ਸ਼ੁਰੂਆਤ ਤੋਂ ਹੀ ਬੱਚਿਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਡਾ. ਰਮਨ ਗੁਪਤਾ ਨੇ ਨਵਜੰਮੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੱਚੇ ਨੂੰ ਜਨਮ ਤੋਂ ਹੀ ਪਹਿਲੇ ਘੰਟੇ ਵਿੱਚ ਮਾਂ ਦਾ ਦੁੱਧ ਦੇਣਾ ਚਾਹੀਦਾ ਹੈ ਜੋ ਕਿ ਬੱਚੇ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਛੇ ਮਹੀਨੇ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਦਿੱਤਾ ਜਾਵੇ।
ਡਾ. ਰਮਨ ਗੁਪਤਾ ਨੇ ਕਿਹਾ ਕਿ ਬਿਨਾਂ ਡਾਕਟਰ ਦੀ ਸਲਾਹ ਲਏ ਬੱਚਿਆਂ ਨੂੰ ਕੋਈ ਵੀ ਐਂਟੀਬਾਇਓਟਿਕ ਦਵਾਈ ਨਾ ਦਿੱਤੀ ਜਾਵੇ, ਕਿਉਂਕਿ ਅਜਿਹਾ ਕਰਨ ਨਾਲ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਦਵਾਈਆਂ ਦੀ ਰੋਧਕਤਾ (ਐਂਟੀਬਾਇਓਟਿਕ ਰੇਜ਼ਿਸਟੈਂਸ) ਪੈਦਾ ਕਰ ਸਕਦੀਆਂ ਹਨ, ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਕਮਜ਼ੋਰ ਕਰ ਸਕਦੀਆਂ ਹਨ ਅਤੇ ਲੰਬੇ ਸਮੇਂ ਦੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਨਵਜੰਮੇ ਬੱਚਿਆਂ ਦੇ ਇਲਾਜ ਅਤੇ ਦੇਖਭਾਲ ਲਈ ਤੈਨਾਤ ਸਟਾਫ ਨੂੰ ਬੱਚਿਆਂ ਦਾ ਸੁਰੱਖਿਅਤ ਇਲਾਜ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਉਨ੍ਹਾਂ ਦੱਸਿਆ ਕਿ ਸਿੱਖਿਆ, ਜਾਗਰੂਕਤਾ ਅਤੇ ਦੇਖਭਾਲ ਵਿੱਚ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਕੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਰਾਹੀਂ ਮਰੀਜ਼ ਦੀ ਸਿਹਤ ਸੁਰੱਖਿਆ ਨੂੰ ਸੁਨਿਸ਼ਚਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾਪੇ, ਦੇਖਭਾਲ ਕਰਨ ਵਾਲੇ, ਸਿਹਤ ਕਰਮਚਾਰੀ ਅਤੇ ਸਮਾਜ ਦੇ ਹਰ ਵਿਅਕਤੀ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਨਵਜੰਮੇ ਅਤੇ ਬੱਚਿਆਂ ਲਈ ਸੁਰੱਖਿਅਤ ਵਾਤਾਵਰਣ ਤਿਆਰ ਹੋ ਸਕੇ। ਸਹੀ ਜਾਣਕਾਰੀ, ਜਾਗਰੂਕਤਾ ਅਤੇ ਸਾਵਧਾਨੀ ਰਾਹੀਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੰਦਰੁਸਤ, ਸਿਹਤਮੰਦ ਅਤੇ ਸੁਰੱਖਿਅਤ ਜੀਵਨ ਦੇ ਸਕਦੇ ਹਾਂ।