ਜਲੰਧਰ/ ਚੰਡੀਗੜ੍ਹ,22 ਨਵੰਬਰ,
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਵਲੋਂ ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ਆਦਿ ਸੂਬਿਆਂ ਵਿੱਚ ਸੀਪੀਆਈ ਮਾਓਵਾਦੀ ਦੇ ਕੇਂਦਰੀ ਕਮੇਟੀ ਦੇ ਮੈਂਬਰ ਹਿੰਡਮਾ ਤੇ ਹੋਰ ਆਗੂਆਂ ਦੇ ਝੂਠੇ ਪੁਲਿਸ ਮੁਕਾਬਲੇ ਖਿਲਾਫ਼ ਪਾਰਟੀ ਦੇ ਸੱਦੇ ਉੱਤੇ ਜਲੰਧਰ, ਕਪੂਰਥਲਾ, ਅੰਮਿਤਸਰ, ਗੁਰਦਾਸਪੁਰ, ਮੋਗਾ, ਫ਼ਰੀਦਕੋਟ, ਫਾਜ਼ਿਲਕਾ , ਮੁਕਤਸਰ ਸਮੇਤ ਪੰਜਾਬ ਭਰ ਵਿੱਚ ਜ਼ਿਲਾ ਤੇ ਤਹਿਸੀਲ ਕੇਂਦਰਾਂ ‘ਤੇ ਪ੍ਰਦਰਸ਼ਨ ਕੀਤੇ ਗਏ।
ਇਸ ਮੌਕੇ ਪਾਰਟੀ ਦੇ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਦੀ ਹਕੂਮਤ ਲਗਾਤਾਰ ਆਦਿਵਾਸੀਆਂ ਦੀਆਂ ਸਮੱਸਿਆਵਾਂ ਨੂੰ ਸਮਝਣ ਤੇ ਹੱਲ ਕਰਨ ਦੀ ਬਜਾਏ ਜਲ ਜੰਗਲ ਜ਼ਮੀਨ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ ਲਈ ਸੰਘਰਸ਼ ਕਰ ਰਹੇ ਕਮਿਊਨਿਸਟ ਇਨਕਲਾਬੀਆਂ ਮਾਓਵਾਦੀਆਂ, ਆਦਿਵਾਸੀਆਂ ਦੇ ਝੂਠੇ ਪੁਲਿਸ ਮੁਕਾਬਲੇ ਕਰਕੇ ਉਹਨਾਂ ਦੀ ਆਵਾਜ਼ ਨੂੰ ਕੁਚਲਣਾ ਚਾਹੁੰਦੀ ਹੈ। ਮੋਦੀ ਹਕੂਮਤ ਦੀ ਮਨਸ਼ਾ ਜੰਗਲ ਦੀ ਜ਼ਮੀਨ ਹੇਠਾਂ ਦੱਬਿਆ ਕੋਲਾ,ਲੋਹਾ,ਅਡਾਨੀ ਅੰਬਾਨੀ ਤੇ ਵਿਦੇਸ਼ੀ ਕੰਪਨੀਆਂ ਨੂੰ ਦੇਣ ਲਈ ਆਦਿਵਾਸੀਆਂ ਦਾ ਜ਼ਬਰੀ ਉਜਾੜਾ ਕਰ ਰਹੀ ਹੈ।
ਪਾਰਟੀ ਮੰਗ ਕਰਦੀ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਆਦਿਵਾਸੀਆਂ ਮਾਓਵਾਦੀਆਂ ਨੂੰ ਅਦਾਲਤ ਚ ਪੇਸ਼ ਕੀਤਾ ਜਾਵੇ, ਝੂਠੇ ਪੁਲਿਸ ਮੁਕਾਬਲਿਆਂ ਦੀ ਨਿਆਂਇਕ ਜਾਂਚ ਕੀਤੀ ਜਾਵੇ, ਮਾਓਵਾਦੀਆਂ, ਆਦਿਵਾਸੀਆਂ ਨੂੰ ਮਾਰ ਕੇ ਮੁਕਾਉਣ ਦੀ ਨੀਤੀ ਵਾਪਸ ਲਈ ਜਾਵੇ ਅਤੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੀਤਾ ਜਾਵੇ, ਦੇਸੀ ਅਤੇ ਵਿਦੇਸ਼ੀ ਕੰਪਨੀਆਂ ਨਾਲ ਕੀਤੇ ਗੁਪਤ ਸਮਝੌਤੇ ਜਨਤਕ ਕਰਕੇ ਰੱਦ ਕੀਤੇ ਜਾਣ ਅਤੇ ਓਪਰੇਸ਼ਨ ਕਗਾਰ ਬੰਦ ਕੀਤਾ ਜਾਵੇ। ਇਸ ਮੌਕੇ ਪਾਰਟੀ ਨੇ ਕਸ਼ਮੀਰ ਟਾਈਮਜ਼ ਦੇ ਦਫ਼ਤਰ ਚ ਕੀਤੀ ਛਾਪੇਮਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਪ੍ਰੈਸ ਦੀ ਆਜ਼ਾਦੀ ਉੱਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਤੇਲਗੂ ਦੇਸਮ ਪਾਰਟੀ ਦੀ ਅਗਵਾਈ ਹੇਠਲੀ ਆਂਧਰਾ ਪ੍ਰਦੇਸ਼ ਸਰਕਾਰ ਨੇ ਭਾਜਪਾ ਸੰਘ ਪਰਿਵਾਰ ਦੇ ਪਦ ਚਿੰਨ੍ਹਾਂ ਦੇ ਚਲਦਿਆਂ ਝੂਠੇ ਪੁਲਿਸ ਮੁਕਾਬਲਿਆਂ ਨੂੰ ਅੰਜ਼ਾਮ ਦਿੱਤਾ ਹੈ।
ਇਸ ਮੌਕੇ ਪਾਰਟੀ ਆਗੂ ਕੁਲਵਿੰਦਰ ਸਿੰਘ ਵੜੈਚ, ਰਮੇਸ਼ ਰਾਣਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ,ਹੰਸ ਰਾਜ ਪੱਬਵਾਂ,ਨਿਰਮਲ ਸਿੰਘ,ਮੰਗਾ ਸਿੰਘ ਆਦਿ ਨੇ ਸੰਬੋਧਨ ਕੀਤਾ।