ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਦੇ ਮੌਕੇ ਭਵਿਆ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸੈਂਕੜੇ ਵਿਦਿਆਰਥੀ ਅਤੇ ਸਟਾਫ਼ ਮੈਂਬਰ ਹਾਜ਼ਿਰ ਹੋਏ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ, ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ, ਕੀਰਤਨ ਸਰਵਣ ਕੀਤਾ ਗਿਆ ਅਤੇ ਉਪਰੰਤ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਪੰਗਤ ਵਿੱਚ ਬੈਠ ਕੇ ਲੰਗਰ ਛੱਕਿਆ। ਐਚ ਐਮ ਵੀ ਕਾਲਜ ਤੋੰ ਆਏ ਪ੍ਰੋ. ਪ੍ਰੇਮ ਸਾਗਰ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਅਦੁੱਤੀ ਤੇ ਲਾਮਿਸਾਲ ਕੁਰਬਾਨੀ ਨੂੰ ਦਰਸਾਉਂਦਿਆਂ ਸ਼ਬਦਾਂ ਨੂੰ ਗਾ ਕੇ ਸੰਗਤ ਨੂੰ ਤਿਆਗ ਅਤੇ ਸੇਵਾ ਭਾਵ ਨਾਲ ਭਰਪੂਰ ਕਰ ਦਿੱਤਾ।
ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਸੀਂ ਅੱਜ ਉਸ ਮਹਾਨ ਅਤੇ ਲਾਸਾਨੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ, ਜਿਸ ਦੀ ਮਿਸਾਲ ਕਿਸੇ ਵੀ ਧਰਮ ਜਾਂ ਇਤਿਹਾਸ ਵਿੱਚ ਨਹੀਂ ਮਿਲਦੀ। ਨੌਵੀਂ ਪਾਤਸ਼ਾਹੀ ਨੇ ਸਮੁੱਚੀ ਲੋਕਾਈ ਲਈ, ਅਮਨ ਅਤੇ ਭਾਈਚਾਰੇ ਦੀ ਰੱਖਿਆ ਲਈ, ਹਿੰਦੂ ਧਰਮ ਦੀ ਰੱਖਿਆ ਲਈ, ਸਾਡੀ ਸਾਮਾਜਿਕ ਸੰਸਕ੍ਰਿਤੀ ਅਤੇ ਸੱਭਿਆਚਾਰਕ ਪਛਾਣ ਦੀ ਰੱਖਿਆ ਲਈ ਅਤੇ ਮਾਨਵ ਅਧਿਕਾਰਾਂ ਨੂੰ ਸੁਰੱਖਿਆ ਲਈ ਆਪਣਾ ਸੀਸ ਨਿਓਛਾਵਰ ਕੀਤਾ। ਉਨ੍ਹਾਂ ਦੀ ਕੁਰਬਾਨੀ ਇਹ ਸੰਦੇਸਾ ਦਿੰਦੀ ਹੈ ਕਿ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ। ਅੱਜ ਦੇ ਸਮੇਂ ਵਿੱਚ ਵੀ ਧਾਰਮਿਕ ਸਹਿਨਸ਼ੀਲਤਾ, ਆਪਸੀ- ਪਿਆਰ, ਸਮਾਜਿਕ ਸੁਰੱਖਿਆ ਅਤੇ ਅਮਨ ਅਤੇ ਭਾਈਚਾਰੇ ਦੀ ਬਹੁਤ ਲੋੜ ਹੈ। ਸਾਨੂੰ ਚਾਹੀਦਾ ਹੈ ਕਿ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਉਨ੍ਹਾਂ ਵਲੋਂ ਪਾਏ ਸੱਚ ਦੇ ਪੂਰਨਿਆਂ ਅਤੇ ਸੇਵਾ ਦੇ ਰਾਹ ‘ਤੇ ਚੱਲੀਏ।
ਮੰਚ ਸੰਚਾਲਕ ਪ੍ਰਭੂ ਦਿਆਲ ਜੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਬਾਰੇ ਮੁੱਢਲੀ ਜਾਣਕਾਰੀ ਸਾਂਝੀ ਕੀਤੀ ਗਈ। ਗੁਰਦੁਆਰਾ ਸਾਹਿਬ ਕਮੇਟੀ ਵਲੋੰ ਪ੍ਰਿੰਸੀਪਲ ਡਾ.ਜਗਰੂਪ ਸਿੰਘ, ਵਰਕਸ਼ਾਪ ਸੁਪਰਡੈਂਟ ਤਰਲੋਕ ਸਿੰਘ ਤੇ ਪ੍ਰਭੂਦਿਆਲ ਨੂੰ ਸਨਮਾਨਿਤ ਕੀਤਾ ਗਿਆ। ਸ਼ਹੀਦੀ ਸਮਾਗਮ ਦੀ ਕਾਮਯਾਬੀ ਲਈ ਸਮੂਹ ਸਟਾਫ਼ ਵੱਲੋਂ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਗਿਆ। ਇਸ ਮੌਕੇ ਡੀ ਈ ਵੀ ਇੰਜੀ. ਕਾਲਜ ਦੇ ਸਾਬਕਾ ਪ੍ਰਿੰਸੀਪਲ ਐਨ ਐਲ ਅਰੋੜਾ, ਅਲੁਮਨੀ ਮੈਂਬਰ ਪੀ ਐਲ ਸ਼ਰਮਾ, ਜੇ ਟੀ ਐਸ ਦੇ ਪ੍ਰਿੰਸੀਪਲ ਗੁਰਵਿੰਦਰ ਸਿੰਘ ਅਤੇ ਰਿਟਾਇਰਡ ਸਟਾਫ਼ ਮੈਂਬਰ ਵੀ ਹਾਜ਼ਿਰ ਸਨ।