
ਜਲੰਧਰ (08.01.2026): ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜਿਲ੍ਹਾ ਹਸਪਤਾਲ ਜਲੰਧਰ, ਐਸ.ਡੀ.ਐਚ. ਨਕੋਦਰ ਅਤੇ ਐਸ.ਡੀ.ਐਚ. ਫਿਲੌਰ ਲਈ ਮੈਡੀਕਲ ਸਪੈਸ਼ਲਿਸਟਾਂ ਦੀ ਆਸਾਮੀਆਂ ਲਈ ਇੰਟਰਵਿਊ ਸਿਵਲ ਸਰਜਨ ਦਫ਼ਤਰ ਜਲੰਧਰ ਵਿਖੇ ਹੋਈ। ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ ਹੋਈ ਇੰਟਰਵਿਊ ਪ੍ਰਕਿਰਿਆ ਪੂਰੇ ਪਾਰਦਰਸ਼ੀ ਢੰਗ ਨਾਲ ਹੋਈ ਅਤੇ ਇਸਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਰਕਾਰ ਵੱਲੋਂ ਜਿਲ੍ਹੇ ਵਿੱਚ ਸਿਵਲ ਹਸਪਤਾਲ ਜਲੰਧਰ, ਐਸ.ਡੀ.ਐਚ. ਨਕੋਦਰ ਅਤੇ ਐਸ.ਡੀ.ਐਚ. ਫਿਲੌਰ ਵਿਖੇ ਲੋਕ ਹਿੱਤ ਦੇ ਮੱਦੇਨਜਰ ਖਾਲੀ ਪਈਆਂ ਮੈਡੀਕਲ ਸਪੈਸ਼ਲਿਸਟਾਂ ਦੀ ਆਸਾਮੀਆਂ ਨੂੰ ਭਰਨ ਲਈ ਕਾਉਂਸਲਿੰਗ ਪ੍ਰਕਿਰਿਆ ਰੱਖੀ ਗਈ। ਉਨ੍ਹਾਂ ਦੱਸਿਆ ਕਿ ਮੈਡੀਕਲ ਸਪੈਸ਼ਲਿਸਟਾਂ ਦੀਆਂ ਆਸਾਮੀਆਂ ਲਈ 11 ਉਮੀਦਵਾਰ ਇੰਟਰਵਿਊ ਲਈ ਹਾਜਰ ਹੋਏ। ਇਸ ਦੌਰਾਨ ਉਮੀਦਵਾਰਾਂ ਦੇ ਅਸਲ ਦਸਤਾਵੇਜਾਂ ਦੀ ਨਿਰਪੱਖ ਤਰੀਕੇ ਨਾਲ ਜਾਂਚ ਕੀਤੀ ਗਈ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਪ੍ਰਧਾਨਗੀ ਹੇਠ ਇੰਟਰਵਿਊ ਲਈ ਬਣਾਈ ਗਈ ਕਮੇਟੀ ਵਿੱਚ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਵਾਈਸ ਚੇਅਰਮੈਨ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ ਮੈਂਬਰ ਸੈਕੇਟਰੀ, ਐਸ.ਐਮ.ਓ. ਡਾ. ਵਰਿੰਦਰ ਕੌਰ ਥਿੰਦ ਸਮੇਤ 12 ਮੈਂਬਰੀ ਕਮੇਟੀ ਵੱਲੋਂ ਆਪਣੇ-ਆਪਣੇ ਸਪੈਸ਼ਲਿਸਟ ਉਮੀਦਵਾਰਾਂ ਦੇ ਦਸਤਾਵੇਜਾਂ ਦੀ ਜਾਂਚ ਕੀਤੀ ਗਈ। ਸਿਵਲ ਸਰਜਨ ਨੇ ਦੱਸਿਆ ਕਿ 12 ਜਨਵਰੀ 2026 ਤੱਕ ਕਮੇਟੀ ਵੱਲੋਂ ਉਮੀਦਵਾਰਾਂ ਦੀ ਯੋਗਤਾ ਅਨੁਸਾਰ ਮੈਰਿਟ ਲਿਸਟ ਤਿਆਰ ਕੀਤੀ ਜਾਵੇਗੀ ਅਤੇ ਅਗਲੇਰੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।