
ਜਲੰਧਰ (16 ਜਨਵਰੀ 2026): ਲਗਾਤਾਰ ਵਧ ਰਹੀ ਸਰਦੀ ਅਤੇ ਚੱਲ ਰਹੀ ਸ਼ੀਤ ਲਹਿਰ ਦੇ ਮੱਦੇਨਜ਼ਰ ਲੋਕਾਂ ਨੂੰ ਸੁਚੇਤ ਕਰਨ ਲਈ ਸਿਹਤ ਵਿਭਾਗ ਵੱਲੋਂ ਸਰਦ ਰੁੱਤ ਦੌਰਾਨ ਜਾਰੀ ਕੀਤੀ ਐਡਵਾਇਜ਼ਰੀ ਅਨੁਸਾਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਕਿਹਾ ਕਿ ਮੌਜੂਦਾ ਮੌਸਮੀ ਹਾਲਾਤਾਂ ਵਿੱਚ ਬੇਲੋੜੀ ਆਵਾਜਾਈ ਤੋਂ ਬਚਣਾ ਚਾਹੀਦਾ ਹੈ, ਖਾਸ ਕਰਕੇ ਸਵੇਰੇ ਅਤੇ ਦੇਰ ਸ਼ਾਮ ਦੇ ਸਮੇਂ। ਗਰਭਵਤੀ ਮਹਿਲਾਵਾਂ, ਬਜ਼ੁਰਗਾਂ, ਛੋਟੇ ਬੱਚਿਆਂ ਅਤੇ ਪਹਿਲਾਂ ਤੋਂ ਬਿਮਾਰ ਵਿਅਕਤੀਆਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਸ਼ੀਤ ਲਹਿਰ ਕਾਰਨ ਸਰੀਰ ਦਾ ਤਾਪਮਾਨ ਘਟਣਾ, ਕੰਬਣੀ, ਕਮਜ਼ੋਰੀ, ਯਾਦਦਾਸ਼ਤ ਵਿੱਚ ਕਮੀ ਅਤੇ ਕਈ ਵਾਰ ਬੇਹੋਸ਼ੀ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਠੰਡੀਆਂ ਹਵਾਵਾਂ ਅਤੇ ਧੁੰਦ ਨਾਲ ਵਾਇਰਲ ਇਨਫੈਕਸ਼ਨਾਂ ਦਾ ਖਤਰਾ ਵੀ ਵੱਧ ਜਾਂਦਾ ਹੈ। ਇਸ ਲਈ ਲੋਕ ਗਰਮ ਕੱਪੜੇ ਪਹਿਨਣ, ਦਸਤਾਨੇ, ਟੋਪੀ, ਮਫਲਰ ਅਤੇ ਮੋਟੀਆਂ ਜੁਰਾਬਾਂ/ਢੁੱਕਵੇਂ ਬੂਟ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਸਰਦੀਆਂ ਵਿੱਚ ਛੋਟੇ ਬੱਚਿਆਂ ਨੂੰ ਨਿਮੋਨੀਆ ਅਤੇ ਹੋਰ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ, ਜਦਕਿ ਦਮਾ, ਸਾਹ ਅਤੇ ਦਿਲ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਅਤੇ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਠੰਡ ਅਤੇ ਧੁੰਦ ਹੋਣ ‘ਤੇ ਸੈਰ ਕਰਨ ਜਾਂ ਘਰੋਂ ਬਾਹਰ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਖੁਰਾਕ ਸਬੰਧੀ ਸਲਾਹ ਦਿੰਦਿਆਂ ਡਾ. ਗਰਗ ਨੇ ਕਿਹਾ ਕਿ ਰੋਗ-ਪ੍ਰਤੀਰੋਧਕ ਤਾਕਤ ਵਧਾਉਣ ਲਈ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਲੈਣੀ ਜ਼ਰੂਰੀ ਹੈ। ਮੌਸਮੀ ਫਲ, ਵਿਟਾਮਿਨ ਸੀ ਨਾਲ ਭਰਪੂਰ ਹਰੀਆਂ ਸਬਜ਼ੀਆਂ ਖਾਣ, ਜੰਕ ਫੂਡ ਤੋਂ ਦੂਰ ਰਹਿਣ ਅਤੇ ਤਾਜ਼ਾ ਬਣਿਆ ਹੋਇਆ ਭੋਜਨ ਹੀ ਸੇਵਨ ਕਰਨ। ਗਰਮ ਪਾਣੀ, ਸੂਪ ਆਦਿ ਪੀਣ ਅਤੇ ਕੋਸਾ ਪਾਣੀ ਪੀ ਕੇ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ। ਉਨ੍ਹਾਂ ਨੇ ਜੋਰ ਦਿੰਦਿਆਂ ਕਿਹਾ ਕਿ ਠੰਡ ਤੋਂ ਬਚਣ ਲਈ ਬੰਦ ਕਮਰਿਆਂ ਵਿੱਚ ਅੰਗੀਠੀ, ਕੋਲਾ ਜਾਂ ਲੱਕੜ ਸਾੜਨਾ ਬਹੁਤ ਖਤਰਨਾਕ ਹੈ, ਕਿਉਂਕਿ ਇਸ ਨਾਲ ਨਿਕਲਣ ਵਾਲੀ ਕਾਰਬਨ ਮੋਨੋਕਸਾਈਡ ਗੈਸ ਜਾਨਲੇਵਾ ਸਾਬਤ ਹੋ ਸਕਦੀ ਹੈ।
ਸਿਵਲ ਸਰਜਨ ਨੇ ਅਪੀਲ ਕੀਤੀ ਕਿ ਜੇਕਰ ਸ਼ੀਤ ਲਹਿਰ ਦੌਰਾਨ ਜ਼ਿਆਦਾ ਕੰਬਣੀ, ਸਰੀਰ ਦਾ ਤਾਪਮਾਨ ਘਟਣਾ, ਬੇਹੋਸ਼ੀ ਜਾਂ ਫਲੂ, ਜ਼ੁਕਾਮ, ਖੰਘ ਵਰਗੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਜਾਂ ਡਾਕਟਰ ਨਾਲ ਸੰਪਰਕ ਕਰਕੇ ਡਾਕਟਰੀ ਮਦਦ ਲੈਣੀ ਚਾਹੀਦੀ ਹੈ।