Sliderपंजाब

ਸਿਹਤ ਵਿਭਾਗ ਨੇ ” ਡੀ ਐਸ ਐਸ ਡੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ “ਵਰਲਡ ਰੇਬੀਜ਼ ਡੇ”

ਜਲੰਧਰ (28-09-2026) : ਸਿਵਲ ਸਰਜਨ ਡਾ. ਰਾਜੇਸ਼ ਗਰਗ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਜਲੰਧਰ ਵੱਲੋਂ ਨੇਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਤਹਿਤ ਸੋਮਵਾਰ ਨੂੰ “ਵਰਲਡ ਰੈਬੀਜ਼ ਡੇ” ਮੌਕੇ ਡੀ ਐਸ ਐਸ ਡੀ (ਲੜਕੇ ) ਸੀਨੀਅਰ ਸੈਕੰਡਰੀ ਸਕੂਲ ਸੋਡਲ ਰੋਡ,ਜਲੰਧਰ ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਆਰ ਬੀ ਐਸ ਕੇ ਦੀ ਟੀਮ ਦੇ ਡਾ.ਦੇਵ ਵੱਲੋਂ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਹਲਕਾਅ ਦੀ ਬਿਮਾਰੀ ਤੋਂ ਬਚਾਅ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਹਰ ਸਾਲ 28 ਸਤੰਬਰ ਨੂੰ “ਵਿਸ਼ਵ ਹਲਕਾਅ ਦਿਵਸ” ਮਨਾਇਆ ਜਾਂਦਾ ਹੈ। ਇਸ ਸਾਲ ਇਹ ਦਿਵਸ “ਇਕੱਠੇ ਹੋ ਕੇ ਅਸੀਂ ਮਜ਼ਬੂਤ ਹਾਂ” ਥੀਮ ਦੇ ਤਹਿਤ ਵਿਸ਼ਵ ਪੱਧਰ ‘ਤੇ ਮਨਾਇਆ ਗਿਆ। ਉਨ੍ਹਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਰੇਬੀਜ਼ (ਹਲਕਾਅ) ਇਕ ਜਾਨਲੇਵਾ ਬਿਮਾਰੀ ਹੈ, ਜਿਸਦਾ ਬਚਾਅ ਪੂਰੀ ਤਰ੍ਹਾਂ ਸੰਭਵ ਹੈ। ਉਨ੍ਹਾਂ ਕਿਹਾ ਕਿ ਹਲਕਾਅ ਕੁੱਤੇ, ਬਿੱਲੀ, ਬਾਂਦਰ, ਖਰਗੋਸ਼, ਨਿਓਲਾ, ਗਿੱਦੜ ਆਦਿ ਵਰਗੇ ਜਾਨਵਰਾਂ ਦੇ ਕੱਟਣ ਜਾਂ ਖਰੋਚ ਦੇ ਕਾਰਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਲਕਾਅ ਦੀ ਬਿਮਾਰੀ ਤੋਂ ਬਚਾਅ ਲਈ ਜਾਨਵਰ ਦੇ ਵੱਢਣ ‘ਤੇ ਜਖ਼ਮ ਨੂੰ ਸਾਬਣ ਤੇ ਵੱਗਦੇ ਪਾਣੀ ਨਾਲ ਤੁਰੰਤ ਧੋਵੋ, ਜਖਮ ‘ਤੇ ਆਇਓਡੀਨ/ਸਪਿਰਿਟ ਜਾਂ ਹੋਰ ਉਪਲੱਬਧ ਐਂਟੀਸੈਪਟਿਕ ਲਗਾਓ ਅਤੇ ਸਮੇਂ ਸਿਰ ਡਾਕਟਰ ਦੀ ਸਲਾਹ ਲੈ ਕੇ ਇਲਾਜ ਕਰਵਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਾਨਵਰ ਦੇ ਵੱਢੇ ਜਾਂ ਖਰੋਚਾਂ ਨੂੰ ਅਣਦੇਖਾ ਨਹੀਂ ਕਰਨਾ ਚਾਹੀਦਾ ਹੈ, ਬਿਨਾਂ ਕਿਸੇ ਦੇਰੀ ਦੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਜਿਕਰਯੋਗ ਹੈ ਕਿ ਸਰਕਾਰੀ ਸਿਹਤ ਸੰਸਥਾਵਾਂ ਜਿਵੇਂ ਸਿਵਲ ਹਸਪਤਾਲ, ਸਬ ਡਿਵੀਜ਼ਨਲ ਹਸਪਤਾਲ, ਕਾਮਿਊਨਟੀ ਹੈਲਥ ਸੈਂਟਰ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਐਂਟੀ ਰੇਬੀਜ਼ ਦੇ ਟੀਕੇ ਮੁਫ਼ਤ ਲਗਾਏ ਜਾਂਦੇ ਹਨ ਅਤੇ ਇਨ੍ਹਾਂ ਸੰਸਥਾਵਾਂ ਵਿੱਚ ਜਾਨਵਰਾਂ ਦੇ ਵੱਢੇ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।
ਜਾਗਰੂਕਤਾ ਸੈਮੀਨਾਰ ਦੌਰਾਨ ਡਾ.ਮੋਨਿਕਾ ਵੱਲੋਂ ਰੇਬੀਜ਼ (ਹਲਕਾਅ) ਦੀ ਰੋਕਥਾਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਹਰ ਸਾਲ ਆਪਣੇ ਪਾਲਤੂ ਜਾਨਵਰਾਂ ਦਾ ਟੀਕਾਕਰਨ ਕਰਵਾਓ ਅਤੇ ਜਾਨਵਰਾਂ ਦੇ ਵੱਢਣ ‘ਤੇ ਜਖਮ ਤੇ ਮਿਰਚਾਂ, ਸਰੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਓ ਅਤੇ ਤੁਰੰਤ ਡਾਕਟਰੀ ਸਲਾਹ ਲਓ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਆਮ ਤੌਰ ਤੇ ਜਾਨਵਰ, ਆਪਣੇ ਬਚਾਅ ਅਤੇ ਉਤੇਜਿਤ ਕਰਨ ‘ਤੇ ਹੀ ਵੱਢਦੇ ਹਨ। ਜੇਕਰ ਕੋਈ ਜਾਨਵਰ ਵੱਢ ਲਵੇ ਤਾਂ ਤੁਰੰਤ ਮੁੱਢਲੀ ਸਹਾਇਤਾ ਲਈ ਨਜਦੀਕੀ ਸਿਹਤ ਕੇਂਦਰ ਜਾਓ। ਇਸ ਮੌਕੇ ਪ੍ਰਿੰਸੀਪਲ ਸੰਜੇ ਸ਼ਰਮਾ, ਟੀਚਰ ਅਰਵਿੰਦ ਨਾਗਪਾਲ, ਸੁਰਿੰਦਰਪਾਲ,ਵਿਵਨ ਸੋਪਤ ਅਤੇ ਵਿਦਿਆਰਥੀ ਹਾਜ਼ਰ ਸਨ ।

Related Articles

Back to top button