ਸੁਭਾਨਪੁਰ, ਭੁਲੱਥ, ਕਪੂਰਥਲਾ,17 ਮਾਰਚ,
ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਸਿਆਸੀ ਦਬਾਅ ਹੇਠ ਧਾਰਨ ਕੀਤੇ ਦਲਿਤ ਵਿਰੋਧੀ ਰਵੱਈਏ ਦੇ ਰੋਸ ਵਜੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਨੇ ਅੰਮ੍ਰਿਤਸਰ-ਜਲੰਧਰ ਮੁੱਖ ਸੜਕ ਨੂੰ ਜਾਮ ਕਰਕੇ ਪ੍ਰਦਰਸ਼ਨ ਕੀਤਾ। ਇਹ ਜਾਮ ਸ਼ਾਮ 4:30 ਵਜੇ ਲਗਾਇਆ ਅਤੇ 6:30 ਵਜੇ ਖ਼ਤਮ ਕੀਤਾ ਗਿਆ। ਮੌਕੇ ਉੱਤੇ ਐੱਸ ਐੱਸ ਪੀ ਤਰਫੋਂ ਕਪਤਾਨ ਪੁਲਿਸ ਸਥਾਨਕ ਗੁਰਪ੍ਰੀਤ ਸਿੰਘ ਗਿੱਲ ਤੇ ਕਪਤਾਨ ਪੁਲਿਸ (ਜਾਂਚ) ਹਰਿੰਦਰ ਸਿੰਘ ਗਿੱਲ ਨੇ ਯੂਨੀਅਨ ਆਗੂਆਂ ਤੇ ਪੀੜਤ ਪਰਿਵਾਰ ਨਾਲ ਮੀਟਿੰਗ ਕਰਨ ਉਪਰੰਤ ਧਰਨਾਕਾਰੀਆਂ ਵਿੱਚ ਆ ਕੇ ਤਿੰਨ ਦਿਨ ਤੱਕ ਰਵੀ ਕਤਲ ਕਾਂਡ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਐੱਸ ਸੀ ਐੱਸ ਟੀ ਐਕਟ ਤਹਿਤ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ। ਤਾਂ ਜਾ ਕੇ ਯੂਨੀਅਨ ਨੇ ਸੜਕ ਤੋਂ ਜਾਮ ਖ਼ਤਮ ਕੀਤਾ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਯੂਨੀਅਨ ਦੇ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ ਅਤੇ ਯੂਨੀਅਨ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ ਨੇ ਥਾਣਾ ਅੱਗੇ ਦਿਨ ਰਾਤ ਦਾ ਧਰਨਾ ਜਾਰੀ ਰੱਖਣ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਕੀਤੇ ਗਏ ਵਾਅਦੇ ਤੋਂ ਮੁਕਰਨ ‘ਤੇ ਸ਼ੁਕਰਵਾਰ ਤੋਂ ਬਾਅਦ ਹਾਈਵੇ ਜਾਮ ਕਰਨ ਦਾ ਐਲਾਨ ਕੀਤਾ। ਇਸ ਮੌਕੇ ਪੀੜਤ ਪਰਿਵਾਰ ਵਲੋਂ ਮੰਗਾਂ ਦੇ ਨਿਪਟਾਰੇ ਤੋਂ ਬਿਨ੍ਹਾਂ ਮ੍ਰਿਤਕ ਰਵੀ ਦਾ ਸੰਸਕਾਰ ਨਾ ਕਰਨ ਦਾ ਧਰਨਾਕਾਰੀਆਂ ਵਿੱਚ ਫ਼ੈਸਲਾ ਸੁਣਾਇਆ।
ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰਨ”ਯੁੱਧ ਨਸ਼ਿਆਂ ਵਿਰੁੱਧ” ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣੇ ਹੋਣ ਅਤੇ ਕਿਸੇ ਦੇ ਘਰ, ਕੰਧਾਂ ਢਾਹੁਣ ਲਈ ਬੁਲਡੋਜ਼ਰ ਚਲਾਉਣੇ ਹੋਣ ਦਾ ਐੱਸ ਐੱਸ ਪੀ ਕਪੂਰਥਲਾ ਮੌਕੇ ਉੱਤੇ ਪੁਲਿਸ ਬਲ ਸਮੇਤ ਪੁੱਜ ਜਾਂਦੇ ਅਤੇ ਪੁਲਿਸ ਫੋਰਸ ਦਾ ਪ੍ਰਬੰਧ ਵੀ ਹੋ ਜਾਂਦਾ। ਹਮਲਾਵਰਾਂ ਵਲੋਂ ਬੁਰ੍ਹੀ ਤਰ੍ਹਾਂ ਕੀਤੀ ਕੁੱਟਮਾਰ ਉਪਰੰਤ ਮ੍ਰਿਤਕ ਦਲਿਤ ਨੌਜਵਾਨ ਰਵੀ ਦੀ 4 ਮਾਰਚ ਦੀ ਮੌਤ ਹੋ ਗਈ।ਉਸ ਦਿਨ ਇਨਸਾਫ਼ ਲਈ ਪੀੜਤ ਪਰਿਵਾਰ ਰੁਲ਼ ਰਿਹਾ,13 ਮਾਰਚ ਤੋਂ ਥਾਣੇ ਅੱਗੇ ਦਿਨ ਰਾਤ ਦਾ ਧਰਨਾ ਲਾ ਕੇ ਬੈਠਾ ਪ੍ਰੰਤੂ ਸੁਭਾਨਪੁਰ ਤੋਂ 8 ਕਿਲੋਮੀਟਰ ਦੂਰ ਬੈਠੇ ਐੱਸ ਐੱਸ ਪੀ ਪਾਸ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਸਮਾਂ ਤੱਕ ਨਹੀਂ ਮਿਲਿਆ ਅਤੇ ਪੁਲਿਸ ਨਫ਼ਰੀ ਦੀ ਘਾਟ ਦੱਸ ਕੇ ਕੇਸ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਤੇ ਐੱਸ ਐੱਸ ਪੀ ਦੀ ਮਨੂੰਵਾਦੀ ਸੋਚ ਦੇ ਚਲਦਿਆਂ ਦਲਿਤ ਮਜ਼ਦੂਰਾਂ ਪ੍ਰਤੀ ਨਫ਼ਰਤ ਸਾਫ਼ ਝਲਕਦੀ ਹੈ। ਅਸਲ ਵਿੱਚ ਇਸ ਸੋਚ ਕਾਰਨ ਹੀ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਗੰਭੀਰਤਾ ਨਾਲ ਇਸ ਮਸਲੇ ਨੂੰ ਨਹੀਂ ਲੈ ਰਿਹਾ ਅਤੇ ਕੇਸ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਕੰਨੀਂ ਕਤਰਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਮਜ਼ਬੂਰ ਕੀਤਾ ਤਾਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ ਅਤੇ ਮ੍ਰਿਤਕ ਦੇਹ ਵੀ ਸੜਕ ਉੱਤੇ ਲਿਆਂਦੀ ਜਾਵੇਗੀ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਜਵਾਲਾਪੁਰ, ਤਹਿਸੀਲ ਪ੍ਰਧਾਨ ਅਮਰੀਕ ਸਿੰਘ ਬੂਲੇਵਾਲ,ਨਾਵਲ ਗਿੱਲ ਟਾਹਲੀ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਆਦਿ ਨੇ ਸੰਬੋਧਨ ਕੀਤਾ।