
ਜਲੰਧਰ : ਵਾਰਡ ਨੰਬਰ 51 ਦੀ ਕੌਂਸਲਰ ਰਾਣੀ ਭਗਤ ਵੱਲੋਂ ਸਰਕਾਰੀ ਪੱਥਰਾਂ ‘ਤੇ ਹਾਰੇ ਹੋਏ ਉਮੀਦਵਾਰਾਂ ਦੇ ਨਾਂ ਲਿਖਵਾਉਣ ਦਾ ਮਾਮਲਾ ਹੁਣ ਸਿਆਸੀ ਭੂਚਾਲ ਬਣ ਗਿਆ ਹੈ। ਇਸ ਮਸਲੇ ਨੂੰ ਲੈ ਕੇ ਭਾਜਪਾ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਸੰਵਿਧਾਨ ਦੀ ਧੱਜੀਆਂ ਉਡਾਉਣ ਅਤੇ ਖੁੱਲ੍ਹੀ ਗੁੰਡਾਗਰਦੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।
ਵਾਰਡ ਨੰਬਰ 50 ਦੇ ਕੌਂਸਲਰ ਅਤੇ ਵਿਰੋਧੀ ਧਿਰ ਦੇ ਨੇਤਾ ਸ. ਮਨਜੀਤ ਸਿੰਘ ਟੀਟੂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਪੱਥਰਾਂ ‘ਤੇ ਹਾਰੇ ਉਮੀਦਵਾਰਾਂ ਦੇ ਨਾਂ ਲਿਖਣਾ ਲੋਕਤੰਤਰ ਦਾ ਮਜ਼ਾਕ ਉਡਾਉਣ ਦੇ ਬਰਾਬਰ ਹੈ। ਇਹ ਨਾ ਸਿਰਫ਼ ਨੈਤਿਕ ਤੌਰ ‘ਤੇ ਸ਼ਰਮਨਾਕ ਹੈ, ਸਗੋਂ ਸੰਵਿਧਾਨਕ ਪ੍ਰਣਾਲੀ ‘ਤੇ ਸਿੱਧਾ ਹਮਲਾ ਹੈ।
ਉਨ੍ਹਾਂ ਕਿਹਾ ਕਿ ਆਪ ਸਰਕਾਰ ਆਪਣੀ ਨਾਕਾਮੀ ਛੁਪਾਉਣ ਲਈ ਸੱਤਾ ਦਾ ਨੰਗਾ ਦੁਰਪਯੋਗ ਕਰ ਰਹੀ ਹੈ ਅਤੇ ਸਰਕਾਰੀ ਸੰਪਤੀ ਨੂੰ ਸਿਆਸੀ ਬਦਲੇ ਦੀ ਭੇਟ ਚੜ੍ਹਾਇਆ ਜਾ ਰਿਹਾ ਹੈ, ਜਿਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ. ਮਨਜੀਤ ਸਿੰਘ ਟੀਟੂ ਦੀ ਅਗਵਾਈ ਹੇਠ ਭਾਜਪਾ ਕੌਂਸਲਰਾਂ ਦੀ ਐਮਰਜੈਂਸੀ ਮੀਟਿੰਗ ਹੋਈ, ਜਿਸ ਵਿੱਚ ਪ੍ਰਸ਼ਾਸਨ ਨੂੰ ਸਾਫ਼ ਚੇਤਾਵਨੀ ਦਿੱਤੀ ਗਈ ਕਿ ਜੇਕਰ ਅਜਿਹੀ ਧੱਕੇਸ਼ਾਹੀ ਤੁਰੰਤ ਨਾ ਰੋਕੀ ਗਈ ਤਾਂ ਭਾਜਪਾ ਸੜਕਾਂ ‘ਤੇ ਉਤਰ ਕੇ ਤਿੱਖਾ ਅੰਦੋਲਨ ਕਰੇਗੀ।
ਮੀਟਿੰਗ ਦੌਰਾਨ ਕਿਹਾ ਗਿਆ ਕਿ ਲੋਕਤੰਤਰ ਵਿੱਚ ਜਿੱਤ-ਹਾਰ ਨੂੰ ਸਵੀਕਾਰ ਕਰਨਾ ਹੀ ਅਸਲ ਰਾਜਨੀਤੀ ਹੈ, ਪਰ ਆਪ ਸਰਕਾਰ ਦੀ ਇਹ ਕਾਰਵਾਈ ਲੋਕਤੰਤਰ ਦੀ ਆਤਮਾ ਨੂੰ ਕੁਚਲਣ ਦੀ ਕੋਸ਼ਿਸ਼ ਹੈ।
ਇਸ ਮੌਕੇ ਕੌਂਸਲਰ ਅਜੇ ਬੱਬਲ, ਐਡਵੋਕੇਟ ਅਮਿਤ ਸਿੰਘ ਸੰਧਾ, ਦਰਸ਼ਨ ਲਾਲ ਭਗਤ, ਜਯੋਤੀ, ਮਨਜੀਤ ਕੌਰ, ਮੀਨੂ ਢੰਡ, ਪ੍ਰੋ. ਕੰਵਰ ਸਰਤਾਜ, ਰਾਜੀਵ ਢੀਂਗਰਾ, ਰਿੰਪੀ ਤਰਵਿੰਦਰ ਕੁਮਾਰ, ਗੁਰਦੀਪ ਸਿੰਘ ਫੌਜੀ ਆਦਿ ਮੌਜੂਦ ਸਨ