ਬੀਤੀ ਸ਼ਾਮ ਕੱਲ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਚੁਣੀ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਦੇ ਪੈਰਾ-ਮਿਲਟਰੀ ਫੋਰਸ ਦੀ ਸੁਰੱਖਿਆ ਕਰਮਚਾਰੀ ਕੁੱਲਵਿੰਦਰ ਕੌਰ ਨੇ ਬਾ-ਵਰਦੀ ਚੈਕਿੰਗ ਸਮੇਂ ਥੱਪੜ ਜੜ ਦਿੱਤਾ। ਇਸ ਦਾ ਇੰਕਸ਼ਾਫ ਕੰਗਨਾ ਨੇ ਵੀ ਕੀਤਾ, ਕੁੱਲਵਿੰਦਰ ਕੌਰ ਨੇ ਵੀ ਤੇ ਇਹ ਦ੍ਰਿਸ਼ ਕੈਮਰਿਆਂ ਵਿੱਚ ਵੀ ਕੈਦ ਹੋ ਗਿਆ ਜੋ ਦੁਨੀਆ ਭਰ ਵਿੱਚ ਨਸ਼ਰ ਹੋਇਆ। ਪ੍ਰਸ਼ਨ ਇਹ ਹੈ ਅਜਿਹਾ ਕਿਉਂ ਵਾਪਰਿਆ ? ਕੰਗਨਾ ਜੀ ਦੀ ਜੁਬਾਨੀ ਸੁਰੱਖਿਆ ਕਰਮਚਾਰੀ ਨੇ ਅਜਿਹਾ ਇਸ ਲਈ ਕੀਤਾ ਕਿਉਂ ਕੇ ਕੰਗਨਾ ਜੀ ਨੇ ਕਿਸਾਨ ਅੰਦੋਲਨ ਵਕਤ ਇੱਕ ਬਿਆਨ ਦਿੱਤਾ ਸੀ ਕਿ ਟਿਕਰੀ ਤੇ ਸਿੰਘੂ ਬਾਰਡਰ ਤੇ ਜੋ ਔਰਤਾਂ ਕਿਸਾਨਾਂ ਦੀ ਹਿਮਾਇਤ ਵਿੱਚ ਬੈਠੀਆਂ ਸਨ 100-100 ਰੁਪਏ ਲੈ ਕੇ ਬੈਠੀਆਂ ਸਨ। ਭਾਵੇਂ ਕਿਸਾਨ ਅੰਦੋਲਨ ਕਾਰਣ ਆਮ ਜਨਤਾ ਨੂੰ ਅਕਿਹ ਤੇ ਅਸਿਹ ਪੀੜਾ ਝੱਲਣੀ ਪਈ , ਲੱਖਾਂ ਕਰੋੜਾਂ ਦਾ ਦੇਸ਼ ਵਾਸੀਆਂ ਨੂੰ ਨੁਕਸਾਨ ਹੋਇਆ , ਹਜ਼ਾਰਾਂ ਰੇਲ ਗੱਡੀਆਂ ਕੈਂਸਲ ਹੋਣ ਕਾਰਣ ਯਾਤਰੀਆਂ ਨੂੰ ਤਕਲੀਫ ਦੇ ਨਾਲ-ਨਾਲ ਅਨੇਕਾਂ ਹੋਰ ਕਸ਼ਟਾਂ ਦਾ ਸਾਹਮਣਾ ਕਰਨਾ ਪਿਆ ਪਰ ਅਸੀਂ ਕੰਗਨਾ ਜੀ ਦੇ ਉਸ ਬਿਆਨ (ਜੇਕਰ ਬਿਆਨ ਦਿੱਤਾ ਗਿਆ ਸੀ) ਨਾਲ ਸਹਿਮਤ ਨਹੀਂ ਹਾਂ ਜੋ ਕਿਸਾਨਾਂ ਅਤੇ ਉਹਨਾਂ ਦੀਆਂ ਇਸਤਰੀਆਂ ਦਾ ਪਰੋਟੈਸਟ ਕਰਨ ਦਾ ਜਮਹੂਰੀ ਹੱਕ ਸੀ। ਹੁਣ ਪ੍ਰਸ਼ਨ ਇਹ ਹੈ ਕਿ ਕੀ ਕੁੱਲਵਿੰਦਰ ਕੌਰ ਦੀ ਮਾਂ ਉਸ ਧਰਨੇ ਚ ਸੀ ? ਜੇ ਸੀ ਤਾਂ ਕੀ ਕੰਗਨਾ ਦੇ ਬਿਆਨ ਦਾ ਇਹ ਹੱਲ ਸੀ ਕਿ ਉਸ ਨੂੰ ਸਰੀਰਕ ਤੌਰ ਤੇ ਹਾਨੀ ਜਾਂ ਕਸ਼ਟ ਜਾਂ ਮਾਨਸਿਕ ਪੀੜਾ ਪੁੰਹਚਾਈ ਜਾਂਦੀ ? ਇਹ ਜਾਂਚ ਦਾ ਵਿਸ਼ਾ ਹੈ ਤੇ ਲੀਗਲ ਇਸ਼ੂ ਹੈ ਕਿ ਕਿਸੇ ਦੇ ਬਿਆਨ ਤੇ ਉਸ ਨੂੰ ਖਾਸ ਕਰ ਕੇ ਮੈਂਬਰ ਪਾਰਲੀਮੈਂਟ ਨੂੰ ਥੱਪੜ ਮਾਰਨਾ ਜਾਇਜ਼ ਹੈ ? ਅਜਿਹਾ ਹੈ ਤਾਂ ਹਰ ਰੋਜ਼ ਨੇਤਾ ਲੋਕ ਅਜਿਹੇ ਬਿਆਨ ਦਿੰਦੇ ਹਨ, ਅਜਿਹੇ ਵਾਅਦੇ ਕਰਦੇ ਹਨ ਜੋ ਕਦੀ ਪੂਰੇ ਨਹੀਂ ਕਰਦੇ ਤਾਂ ਕੀ ਉਹਨਾਂ ਨੂੰ ਥੱਪੜ ਜੜੇ ਜਾਣ ? ਕੀ ਗਗਨ ਅਨਮੋਲ ਨੇ ਐਨ ਐਸ਼ ਪੀ ਦਾ, ਭਗਵੰਤ ਮਾਨ ਨੇ 1000-1000 ਰੁਪਏ ਮਹਿਲਾਵਾਂ ਨੂੰ ਪ੍ਰਤੀ ਮਾਂਹ ਕੇਜਰੀਵਾਲ ਨੇ ਜਾਂ ਪਹਿਲਾਂ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਰੁਜ਼ਗਾਰ ਅਤੇ ਮੁਬਾਇਲ ਫੋਨ ਦੇਣ ਦਾ ਵਾਅਦਾ ਨਹੀਂ ਸੀ ਕੀਤਾ, ਕੀ ਉਹਨਾਂ ਨੂੰ ਕੋਈ ਸਜ਼ਾ ਜਾਂ ਥੱਪੜ ਮਾਰਿਆ ਕਿਸੇ?
ਥੱਪੜ ਪਿੱਛੇ ਕਾਰਣ ਕੁੱਝ ਹੋਰ ਹਨ। ਅੱਜ ਕਿਸਾਨ ਜਥੇਬੰਦੀਆਂ ਤੇ ਸ੍ਰੀ ਧਾਮੀ ਪ੍ਰਧਾਨ ਐਸ਼ ਜੀ ਪੀ ਸੀ ਵੱਲੋਂ ਕੁਲਵਿੰਦਰ ਕੌਰ ਦੇ ਹੱਕ ਵਿੱਚ ਬਿਆਨ ਦਾਗਣੇ, ਕਾਰੋਬਾਰੀਆਂ ਵੱਲੋਂ ਕੁਲਵਿੰਦਰ ਕੌਰ ਨੂੰ ਲੱਖਾਂ ਰੁਪਏ ਇਨਾਮਾਂ ਦੀ ਘੋਸ਼ਣਾ ਕੀ ਇਸ਼ਾਰਾ ਕਰਦੀ ਹੈ ?
ਕੁੱਝ ਸਾਲ ਪਹਿਲਾਂ ਇੱਕ ਜਰਨੈਲ ਸਿੰਘ ਨੇ ਸ੍ਰੀ ਚਿਦੰਬਰਮ (ਸਾਬਕਾ ਖਜਾਨਾ ਮੰਤਰੀ ) ਦੇ ਥੱਪੜ ਮਾਰਿਆ ਸੀ ‘ਆਪ’ਨੇ ਉਸ ਨੂੰ ਐਮ ਐਲ ਏ ਬਣਾ ਦਿੱਤਾ। ਪੰਜਾਬ ਵਿੱਚ ਡਿਬਰੂਗੜ੍ਹ ਜੇਲ ਚ ਕੈਦ ਬੈਠੇ ਇੱਕ ਵਿਅਕਤੀ ਨੂੰ ਮੈਂਬਰ ਪਾਰਲੀਮੈਂਟ ਚੁਣ ਲਿਆ, ਇੰਦਰਾਂ ਗਾਂਧੀ ਪ੍ਰਧਾਨ ਮੰਤਰੀ ਦੇ ਕਾਤਲ ਦੇ ਪੁੱਤਰ ਨੂੰ ਮੈਂਬਰ ਪਾਰਲੀਮੈਂਟ ਚੁਣ ਲਿਆ। ਕੀ ਕੁਲਵਿਦਰ ਕੌਰ ਉਸੇ ਸੋਚ ਤੋਂ ਪ੍ਰਭਾਵਿਤ ਨਹੀ ? ਕੀ ਕੁਲਵਿੰਦਰ ਕੌਰ ਵੀ ਪੰਜਾਬ ਦੀ ਹੋਣ ਵਾਲੀ ਮੈਂਬਰ ਪਾਰਲੀਮੈਂਟ ਜਾਂ ਐਮ ਐਲ ਤਾਂ ਨਹੀ ? ਕੀ ਕਿਸਾਨ ਜਥੇਬੰਦੀਆਂ ਦਾ ਸਮਰਥਨ ਤੇ ਸ਼ਰੋਮਣੀ ਕਮੇਟੀ ਦਾ ਸਮਰਥਨ ਗਲਤ ਪ੍ਰਥਾ ਤਾਂ ਨਹੀ ਕਾਇਮ ਕਰ ਰਿਹਾ ? ਕੀ ਜਦੋਂ ਅਸੀਂ ਆਪਣੇ ਸੌੜੇ ਹਿਤਾਂ ਲਈ ਕਿਸੇ ਦੇ ਵਿਰੁੱਧ ਨਫ਼ਰਤ ਨੂੰ ਉਤਸ਼ਾਹਿਤ ਕਰਦੇ ਹਾਂ ਤਾਂ ਕੀ ਕਈ ਵਾਰ ਅਸੀਂ ਉਸੇ ਨਫ਼ਰਤ ਦਾ ਸ਼ਿਕਾਰ ਨਹੀ ਹੋ ਜਾਂਦੇ ? ਮੈਂ ਇੱਕ ਅਜਿਹੇ ਨੇਤਾ ਨੂੰ ਜਾਣਦਾ ਹਾਂ ਜਿਸ ਨੇ ਦੋ ਵਾਰੀ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਹਰਾਉਣ ਵਿੱਚ ਅਹਿਮ ਭੂਮਕਾ ਨਿਭਾਈ , ਫਿਰ ਜਦੋ ਉਸ ਦੀ ਆਪਣੀ ਵਾਰੀ ਆਈ ਤਾਂ ਉਸ ਨੂੰ ਵੀ ਹਾਰ ਦਾ ਮੂੰਹ ਵੇਖਣਾ ਪਿਆ। ਕਿਉਂ ਕੇ ਲੋੜ ਵੇਲੇ ਆਪਣੇ ਵੀ ਦੂਸਰਿਆਂ ਦੇ ਹੱਕ ਵਿੱਚ ਭੁਗਤ ਗਏ।
ਕੀ ਆਪਾਂ ਨਿੱਜੀ ਦੁਸ਼ਮਣੀ ਨੂੰ ਪ੍ਰਦੇਸ਼ ਹਿੱਤਾਂ ਤੋਂ ਉੱਪਰ ਤਾਂ ਨਹੀ ਸਮਝ ਰਹੇ ?
ਉਗਰਵਾਦ ਕੀ ਹੈ ? ਅਸਿਹਣਸ਼ੀਤਾ ਕੀ ਹੈ ? ਫਿਜੀਕਲ ਹੋਣਾ ਕੀ ਹੈ ? ਕੀ ਇਹ ਵਰਤਾਰਾ ਇੱਕ ਅਨੁਸ਼ਾਸਨ ਫੋਰਸ ਨੂੰ ਸ਼ੋਭਾ ਦਿੰਦਾ ਹੈ ? ਕੀ ਕੱਲ ਚੁਣੇ ਹੋਏ ਨੁਮਾਇੰਦੇ ਜਾਂ ਅਤਿ ਅਹਿਮ ਵਿਅਕਤੀ ਜਾਂ ਬਾਹਰਲੇ ਮੁਲਕਾਂ ਦੇ ਸਿਆਸਤਦਾਨ ਭਾਰਤੀ ਸੁੱਰਖਿਆ ਏਜੰਸੀਆਂ ਤੇ ਭਰੋਸਾ ਕਰਨਗੇ ? ਕੀ ਪੰਜਾਬੀ ਜਾਂ ਖਾਸ ਕਰ ਸਿੱਖਾਂ ਦੀ ਫੌਜ ਵਿੱਚ ਜਾਂ ਪੈਰਾ ਮਿਲਟਰੀ ਫੋਰਸ ਵਿੱਚ ਇਸ ਵਾਕਿਆ ਨਾਲ ਭਰਤੀ ਤੇ ਪ੍ਰਭਾਵ ਤਾਂ ਨਹੀ ਪਵੇਗਾ ? ਕੀ ਚੋਣ ਅਧਿਕਾਰੀ ਪੰਜਾਬੀਆਂ, ਸਿੱਖਾਂ ਜਾਂ ਪੰਜਾਬਣ ਮੁਟਿਆਰਾਂ ਨੂੰ ਦੇਖ ਕੇ ਭਰਤੀ ਵੇਲੇ ਦੁਚਿੱਤੀ ਚ ਤਾਂ ਨਹੀ ਪੈਣਗੇ ? ਕਿ ਇਹਨਾਂ ਨੂੰ ਭਰਤੀ ਕਰੀਏ ਕੇ ਨਾ ?
ਮੇਰੇ ਵਿਚਾਰ ਕਈ ਪੰਜਾਬੀਆਂ ਨੂੰ ਅੱਖਰਨਗੇ, ਮੈਨੂੰ ਪਤਾ ਹੈ , ਪਰ ਪੰਜਾਬੀਆਂ ਦੀ ਫੌਜ ਵਿੱਚ ਭਰਤੀ 25% ਤੋਂ ਘੱਟ ਕੇ 6% ਹੋ ਗਈ ਹੈ , ਸੂਬੇ ਦੀ ਅਬਾਦੀ ਮੁਤਾਬਕ ਫੌਜ ਵਿੱਚ ਭਰਤੀ ਦਾ ਰੂਲ ਲਾਗੂ ਹੋ ਚੁੱਕਾ ਹੈ। ਅਜਿਹੇ ਨੁਕਸਾਨ ਦਾ, ਬੇਰੁਜਗਾਰੀ ਦਾ ਜੁੰਮੇਵਾਰ ਕੌਣ ਹੈ ? ਫੌਜੀ ਜੋ ਪਿੰਡ ਦੀ ਸ਼ਾਨ ਹੋਇਆ ਕਰਦੇ ਸਨ, ਅੱਜ ਲੱਭਿਆਂ ਨਹੀ ਲੱਭਦੇ। ਕੀ ਪੰਜਾਬ ਦਾ ਨੌਜਵਾਨ ਲੱਖਾਂ ਵਿਦੇਸ਼ ਨਹੀ ਭੱਜ ਰਿਹਾ ? ਕੇਹਦੇ ਕੇਹਦੇ ਥੱਪੜ ਮਾਰੋਗੇ? ਪੰਜਾਬ ਨੂੰ ਅੱਜ ਬੁੱਧੀਜੀਵੀਆਂ ਦੀ ਲੋੜ ਹੈ , ਲਾਂਬੂ ਲਾਉਣ ਵਾਲੇ, ਗਾਣੇ ਲਿਖਣ ਤੇ ਗੌਣ ਵਾਲੇ, ਇਨਾਮ ਦੇਣ ਵਾਲੇ
ਨਾ ਪਹਿਲਾਂ ਘੱਟ ਸਨ ਨਾ ਹੁਣ।
ਸਹੀ ਨੂੰ ਸਹੀ ਕਹਿਣਾ ਚਾਹੀਦਾ ਹੈ , ਕੀ ਸੋਚਿਆ ਕਿ ਕੰਗਣਾ ਰਨੌਤ ਮੈਂਬਰ ਪਾਰਲੀਮੈਂਟ ਦੇ ਮਾਰਿਆ ਥੱਪੜ ਕਿੰਨਾ ਮਹਿੰਗਾ ਪੈ ਸਕਦਾ ਪੰਜਾਬੀਆਂ ਨੂੰ ?
“ਭੈਅ ਕਾਹੂੰ ਕੋ ਦੇਤਿ ਨਾਹੀ
ਨਾਹਿ ਭੈਅ ਮਾਨਤ ਆਨਿ। “- ਗੁਰੂ ਤੇਗ਼ ਬਹਾਦੁਰ ਜੀ।
ਸਾਡੇ ਕੋਲ ਬਹੁਤ ਉੱਚੀ , ਸੁੱਚੀ ਤੇ ਅਮੁੱਲ ਧਰੋਹਰ ਹੈ ਗੁਰੂ ਬਾਣੀ ਦੇ ਰੂਪ ਵਿੱਚ ਪਰ ਕੀ ਅਸੀਂ ਕੋਈ ਸੇਧ ਲੈ ਰਹੇ ਹਾਂ ?
ਸੋਚਣਾ ਜਰੂਰ ਕਿ ਅਸੀਂ ਕਿੱਥੇ ਸਹੀ ਹਾਂ ਤੇ ਕਿੱਥੇ ਗਲਤ , ਉੱਤਰ ਅੰਦਰੋਂ ਹੀ ਮਿਲ ਜਾਵੇਗਾ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।