
ਡੀ.ਏ.ਵੀ.ਕਾਲਜ ਜਲੰਧਰ ਦੇ ਐੱਨ.ਐੱਸ.ਐੱਸ ਯੂਨਿਟ ਵੱਲੋਂ, ਪ੍ਰਿੰਸੀਪਲ ਡਾ.ਰਾਜ਼ੇਸ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਲਜ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ। ਮੁੱਖ ਵਕਤਾ ਦੇ ਤੌਰ ‘ਤੇ ਅੰਗਰੇਜ਼ੀ ਵਿਭਾਗ ਤੋਂ ਡਾ. ਵਰੁਣ ਵਸ਼ਿਸ਼ਠ ਵਿਸ਼ੇਸ਼ ਤੌਰ ‘ਤੇ ਪਹੁੰਚੇ। ਉਹਨਾਂ ਨੇ ਭਾਰਤੀ ਸੰਵਿਧਾਨ ਦੇ ਇਤਿਹਾਸਿਕ ਪਰਿਪੇਖ ਬਾਰੇ ਬਹੁਤ ਗਹਿਰ ਗੰਭੀਰਤਾ ਨਾਲ਼ ਆਪਣੇ ਵਿਚਾਰ ਵਲੰਟੀਅਰਜ਼ ਨਾਲ ਸਾਂਝੇ ਕੀਤੇ ਅਤੇ ਇਸ ਸੰਬੰਧੀ ਮਹੱਤਵਪੂਰਨ ਜਾਣਕਾਰੀ ਵੀ ਪ੍ਰਦਾਨ ਕੀਤੀ। ਉਹਨਾਂ ਕਿਹਾ ਕਿ ਸੰਵਿਧਾਨ ਦਿਵਸ ਭਾਰਤ ਵਿੱਚ ਹਰ ਸਾਲ 26 ਨਵੰਬਰ ਨੂੰ ਮਨਾਇਆ ਜਾਂਦਾ ਹੈ। ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੂੰ ਭਾਰਤੀ ਸੰਵਿਧਾਨ ਦਾ ਪਿਤਾਮਾ ਮੰਨਿਆ ਜਾਂਦਾ ਹੈ। 29 ਅਗਸਤ 1947 ਨੂੰ, ਸੰਵਿਧਾਨ ਸਭਾ ਨੇ ਇੱਕ ਡਰਾਫਟਿੰਗ ਕਮੇਟੀ ਦੀ ਸਥਾਪਨਾ ਕੀਤੀ, ਜਿਸਦੀ ਅਗਵਾਈ ਬਾਬਾ ਸਾਹਿਬ ਅੰਬੇਡਕਰ ਜੀ ਨੇ ਕੀਤੀ। ਬਾਬਾ ਸਾਹਿਬ ਅੰਬੇਡਕਰ ਹੁਰਾਂ ਨੇ ਵਿਲੱਖਣ ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਵਿਭਿੰਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਦੇਸ਼ ਦੀ ਅਗਵਾਈ ਲਈ ਇੱਕ ਵਿਆਪਕ ਅਤੇ ਗਤੀਸ਼ੀਲ ਢਾਂਚਾ ਪ੍ਰਦਾਨ ਕੀਤਾ ਹੈ।
ਇਸ ਮੌਕੇ ਵਲੰਟੀਅਰਜ਼ ਨੇ ਵੀ ਸੰਵਿਧਾਨ ਦਿਵਸ ਮੌਕੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਐੱਨ.ਐੱਸ.ਐੱਸ ਕੁਆਰਡੀਨੇਟਰ ਡਾ.ਸਾਹਿਬ ਸਿੰਘ ਨੇ ਕਿਹਾ ਕਿ ਸਾਡਾ ਸਭ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਸੰਵਿਧਾਨ ਦੀ ਪਾਲਣਾ ਕਰਦੇ ਹੋਏ ਇਸਦੇ ਆਦਰਸ਼ਾਂ, ਸੰਸਥਾਵਾਂ, ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਸਨਮਾਨ ਕਰੀਏ। ਵਲੰਟੀਅਰ ਸਿਮਰਨਜੀਤ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਮਹਾਨ ਆਦਰਸ਼ਾਂ ਦੀ ਪਾਲਣਾ ਕਰਨ ਦੇ ਨਾਲ਼-ਨਾਲ਼ ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਲਈ ਆਪਣੇ ਫ਼ਰਜ਼ ਨਿਭਾਉਂਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਪ੍ਰੋਗਰਾਮ ਅਫ਼ਸਰ ਪ੍ਰੋ. ਵਿਵੇਕ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ।