ਜਲੰਧਰ (11.12.2025) – ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ ਵੀਰਵਾਰ ਨੂੰ ਸੀ.ਐਚ.ਓਜ਼ ਲਈ ਇਕ ਵਿਸ਼ੇਸ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਹੈਪਾਟਾਈਟਿਸ-ਬੀ ਅਤੇ ਸੀ, ਐਚਆਈਵੀ–ਸਿਫ਼ਲਿਸ, ਅਨੀਮੀਆ, ਮਲੇਰੀਆ ਅਤੇ ਲੂਣ ਵਿੱਚ ਆਈਓਡੀਨ ਦੀ ਮਾਤਰਾ ਦੀ ਜਾਂਚ ਸਬੰਧੀ ਡਾਇਗਨੋਸਟਿਕ ਕਿੱਟਾਂ ਦੀ ਸਹੀ ਵਰਤੋਂ ਬਾਰੇ ਸਿਖਲਾਈ ਦਿੱਤੀ ਗਈ।

ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਟ੍ਰੇਨਿੰਗ ਸੈਸ਼ਨ ਦੀ ਸ਼ੁਰੂਆਤ ਕਰਦੇ ਹੋਏ ਆਧੁਨਿਕ ਸਕ੍ਰੀਨਿੰਗ ਤਰੀਕਿਆਂ, ਨਮੂਨਾ (ਸੈਂਪਲ) ਸੰਭਾਲ, ਡਾਇਗਨੋਸਟਿਕ ਕਿੱਟਾਂ ਦੀ ਵਰਤੋਂ ਬਾਰੇ ਅਤੇ ਟੈਸਟ ਕਰਨ ਦੀ ਸਟੈਂਡਰਡ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਮੇਂ ਸਿਰ ਬਿਮਾਰੀਆਂ ਦੀ ਪਛਾਣ ਕਰਨ ਨਾਲ ਇਲਾਜ ਦੀ ਸ਼ੁਰੂਆਤ ਜਲਦੀ ਹੋ ਸਕਦੀ ਹੈ, ਜਿਸ ਨਾਲ ਰੋਗਾਂ ਦੇ ਫੈਲਾਅ ‘ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਤੇ ਵਿਸ਼ਵਾਸਯੋਗ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੀ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਹੈ ਅਤੇ ਜਨ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਵੱਲ ਇਹ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਅਸੀਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਸਮਰਥਾ ਵਧਾਉਣ ਵਾਲੀਆਂ ਟ੍ਰੇਨਿੰਗਾਂ ਜਾਰੀ ਰੱਖਾਂਗੇ, ਤਾਂ ਜੋ ਲੋਕਾਂ ਨੂੰ ਬਿਹਤਰ ਤੇ ਵਿਸ਼ਵਾਸਯੋਗ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।

ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੱਲੋਂ ਡਾਇਗਨੋਸਟਿਕ ਕਿਟਾਂ ਦੀ ਸੰਭਾਲ ਅਤੇ ਬਾਇਓ–ਸੇਫ਼ਟੀ ਪ੍ਰੋਟੋਕੋਲ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਨਾਲ ਜਿਲ੍ਹੇ ਦੇ ਆਯੂਸ਼ਮਾਨ ਆਰੋਗਯ ਕੇਂਦਰਾਂ ਵਿਖੇ ਲੋਕਾਂ ਨੂੰ ਹੋਰ ਵੀ ਬਿਹਤਰ ਢੰਗ ਨਾਲ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੀ.ਐਚ.ਓਜ਼ ਦੀ ਸਮਰਥਾ ਵਿੱਚ ਵਾਧਾ ਹੋਵੇਗਾ ਅਤੇ ਲੋਕਾਂ ਨੂੰ ਜ਼ਮੀਨੀ ਪੱਧਰ ਤੇ ਹੀ ਬਿਹਤਰ ਸਿਹਤ ਸੇਵਾਵਾਂ ਮਿਲਣਾ ਯਕੀਨੀ ਬਣੇਗਾ। ਪੈਥੋਲੋਜਿਸਟ ਡਾ. ਵਿਵੇਕ ਅਤੇ ਆਰ.ਬੀ.ਐਸ.ਕੇ. ਕੋਆਰਡੀਨੇਟਰ ਪਰਮਵੀਰ ਝੱਮਟ ਵੱਲੋਂ ਵੀ ਸੀ.ਐਚ.ਓਜ਼ ਨਾਲ ਟ੍ਰੇਨਿੰਗ ਸੈਸ਼ਨ ਦੌਰਾਨ ਡਾਇਗਨੋਸਟਿਕ ਕਿੱਟਾ ਦੀ ਵਰਤੋਂ, ਸਾਂਭ-ਸੰਭਾਲ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝਾ ਕੀਤੀ ਗਈ। ਇਸ ਮੌਕੇ ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਅਰਬਨ ਕੋਆਰਡੀਨੇਟਰ ਡਾ. ਸੁਰਭੀ ਅਤੇ ਹੋਰ ਸਟਾਫ ਮੌਜੂਦ ਸੀ।