
ਜਲੰਧਰ : ਬਹੁਜਨ ਸਮਾਜ ਪਾਰਟੀ ( ਬਸਪਾ) ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਅੱਜ ਇੱਥੇ ਪ੍ਰੈਸ ਕਲੱਬ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਸਪਾ ਵੱਲੋਂ ਸ਼ੁਰੂ ਕੀਤੀ ਗਈ ‘ਪੰਜਾਬ ਸੰਭਾਲੋ’ ਮੁਹਿੰਮ ਨੂੰ ਸੂਬੇ ਭਰ ਦੇ ਲੋਕਾਂ ਤੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ। ਬਸਪਾ ਨੂੰ ਸੱਤਾਧਾਰੀ ਧਿਰ ਆਪ ਦਾ ਇੱਕ ਚੰਗਾ ਤੇ ਮਜ਼ਬੂਤ ਬਦਲ ਦੇਖਦਿਆਂ ਅਲੱਗ-ਅਲੱਗ ਪਾਰਟੀਆਂ ਤੇ ਵਰਗਾਂ ਦੇ ਲੋਕ ਇਸ ਨਾਲ ਜੁੜ ਰਹੇ ਹਨ। ਇਸੇ ਲੜੀ ਤਹਿਤ ਹੀ ਆਪ ਦੇ ਵਿਧਾਨਸਭਾ ਹਲਕਾ ਆਦਮਪੁਰ ਤੋਂ ਹਲਕਾ ਕੋਆਰਡੀਨੇਟਰ ਰਹੇ ਤੇ ਬਲਾਕ ਪ੍ਰਧਾਨ ਬੂਟਾ ਸਿੰਘ ਪਤਾਰਾ ਨੇ ਸਾਥੀਆਂ ਸਮੇਤ ਆਪ ਨੂੰ ਛੱਡ ਕੇ ਬਸਪਾ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ ਹੈ। ਇਸ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਵੱਲੋਂ ਬੂਟਾ ਸਿੰਘ ਪਤਾਰਾ ਤੇ ਉਨ੍ਹਾਂ ਦੇ ਸਾਥੀਆਂ ਨੂੰ ਅੱਜ ਬਸਪਾ ਵਿੱਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਸ . ਬੂਟਾ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਬਸਪਾ ਵਿੱਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਕਿਸਾਨੀ ਖੇਤਰ ਨਾਲ ਸੰਬੰਧਤ ਬੂਟਾ ਸਿੰਘ ਪਤਾਰਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਆਪ ਨੂੰ ਸੱਤਾ ਵਿੱਚ ਲਿਆਉਣ ਲਈ ਬਹੁਤ ਸਖਤ ਮਿਹਨਤ ਕੀਤੀ ਹੈ, ਪਰ ਇਸਦੇ ਬਾਵਜੂਦ ਆਪ ਨੇ ਉਨ੍ਹਾਂ ਸਮੇਤ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਵਰਕਰਾਂ ਦੀ ਕੋਈ ਕਦਰ ਨਹੀਂ ਕੀਤੀ, ਜਦਕਿ ਬਸਪਾ ਸੂਬੇ ਵਿੱਚ ਆਪਣੇ ਮਜ਼ਬੂਤ ਕੇਡਰ ਰਾਹੀਂ ਪੰਜਾਬ ਦੇ ਸਰਬ ਸਮਾਜ ਦੀ ਬੇਹਤਰੀ ਲਈ ਕੰਮ ਕਰ ਰਹੀ ਹੈ। ਇਸ ਕਰਕੇ ਉਨ੍ਹਾਂ ਨੇ ਸਾਥੀਆਂ ਸਮੇਤ ਬਸਪਾ ਨਾਲ ਜੁੜਨ ਦਾ ਫੈਸਲਾ ਕੀਤਾ ਹੈ।
10 ਇਸ ਮੌਕੇ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਸਪਾ ਵੱਲੋਂ ਦੁਆਬਾ ਖੇਤਰ ਵਿੱਚ ਪਾਰਟੀ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਜਨਮ ਦਿਨ ‘ਤੇ 15 ਮਾਰਚ ਨੂੰ ਇੱਕ ਵਿਸ਼ਾਲ ਰੈਲੀ ਬਹਿਰਾਮ, ਹਲਕਾ ਬੰਗਾ ਵਿੱਚ ਕੀਤੀ ਗਈ ਸੀ ਤੇ ਹੁਣ ਮਾਲਵੇ ਵਿੱਚ ਰੈਲੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਬਸਪਾ ਵੱਲੋਂ ਮਾਲਵੇ ਵਿੱਚ 9 ਅਪ੍ਰੈਲ ਨੂੰ ਬੁਢਲਾਡਾ, ਅਪ੍ਰੈਲ ਨੂੰ ਫਰੀਦਕੋਟ ਦੇ ਨਿਹਾਲ ਸਿੰਘ ਵਾਲਾ ਵਿੱਚ, 11 ਨੂੰ ਫਿਰੋਜ਼ਪੁਰ ਤੇ 14 ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਦੇ ਹਲਕੇ ਧੂਰੀ ਦੇ ਵਿੱਚ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਇਸੇ ਦਿਨ ਹੀ ਤਲਵੰਡੀ ਸਾਬੋ ਵਿਖੇ ਵੀ ਰੈਲੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਸਪਾ ਨੂੰ ਪੰਜਾਬ ਦੇ ਲੋਕ ਬਦਲ ਦੇ ਰੂਪ ਵਿੱਚ ਦੇਖ ਰਹੇ ਹਨ ਤੇ ਬਸਪਾ 2027 ਵਿੱਚ ਲੋਕ ਵਿਰੋਧੀ ਆਪ ਬਦਲ ਕੇ ਪੰਜਾਬ ਦੇ ਲੋਕਾਂ ਨੂੰ ਲੋਕ ਪੱਖੀ ਇੱਕ ਚੰਗਾ ਪ੍ਰਬੰਧ ਦੇਵੇਗੀ। ਇਸ ਮੌਕੇ ‘ਤੇ ਬਸਪਾ ਦੇ ਜਲੰਧਰ ਜ਼ੋਨ ਇੰਚਾਰਜ ਤੀਰਥ ਰਾਜਪੁਰਾ, ਸੂਬਾ ਜਨਰਲ ਸਕੱਤਰ ਤੇ ਹਲਕਾ ਆਦਮਪੁਰ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ, ਸੂਬਾ ਦਫ਼ਤਰ ਸਕੱਤਰ ਜਸਵੰਤ ਰਾਏ ਤੇ ਹੋਰ ਆਗੂ ਵੀ ਹਾਜ਼ਰ ਸਨ।