
ਕਰਤਾਰਪੁਰ,6 ਅਪ੍ਰੈਲ: , ਨੇੜਲੇ ਪਿੰਡ ਪੱਤੜ ਕਲ੍ਹਾਂ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਸੰਬੰਧੀ ਇਨਸਾਫ਼ ਲਈ ਵੱਖ ਵੱਖ ਜਥੇਬੰਦੀਆਂ ਵਲੋਂ ਥਾਣੇ ਸਾਹਮਣੇ ਮੋਰਚਾ ਅੱਜ 6 ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਧਰਨਾਕਾਰੀਆਂ ਨੇ ਸੱਤਾਧਾਰੀ ਧਿਰ, ਬੇਅਦਬੀ ਕਰਵਾਉਣ ਵਾਲਿਆਂ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਮੰਗ ਕਰ ਰਹੇ ਹਨ ਕਿ ਸਾਜ਼ਿਸ਼ ਤਹਿਤ ਭਗਵਾਨ ਵਾਲਮੀਕਿ ਜੀ ਦੇ ਨਿਸ਼ਾਨ ਸਾਹਿਬ ਦੀ ਬੇਅਬਦੀ ਕਰਵਾਉਣ ਵਾਲਿਆਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਇਨਸਾਫ਼ ਲੈਣ ਸੰਘਰਸ਼ ਨੂੰ ਪੂਰਾ ਹਫ਼ਤਾ ਹੋ ਗਿਆ,ਦਲਿਤ ਭਾਈਚਾਰਾ ਸੜਕਾਂ ਉੱਪਰ ਹੈ। ਵੋਟਾਂ ਬਟੋਰਨ ਖਾਤਰ ਦਲਿਤਾਂ ਦੇ ਜਜ਼ਬਾਤਾਂ ਨਾਲ ਖੇਡਣ ਅਤੇ ਦਲਿਤ ਦਲਿਤ ਦੀ ਦੁਹਾਈ ਪਾਉਣ ਵਾਲੇ ਸੱਤਾਧਾਰੀ ਧਿਰ ਦੇ ਹਲਕਾ ਵਿਧਾਇਕ ਸਮੇਤ ਵਿਧਾਇਕਾਂ, ਮੰਤਰੀਆਂ ਅਤੇ ਹੋਰ ਆਗੂਆਂ ਤੋਂ ਹਮਦਰਦੀ ਦੇ ਦੋ ਬੋਲ ਤੱਕ ਨਹੀਂ ਬੋਲ ਹੋਏ। ਉਨ੍ਹਾਂ ਕਿਹਾ ਕਿ ਦਲਿਤ ਰਿਜ਼ਰਵੇਸ਼ਨ ਦਾ ਸਹਾਰਾ ਲੈ ਕੇ ਵਿਧਾਨ ਸਭਾ ਦੀ ਦਹਿਲੀਜ਼ ਚ ਦਾਖ਼ਿਲ ਹੋਣ ਵਾਲੇ ਅਸਲ ਵਿੱਚ ਦਲਿਤਾਂ ਦੇ ਇਨਸਾਫ਼ ਵਿੱਚ ਰੋਕਾਂ ਲਾਈ ਬੈਠੇ ਹਨ। ਉਨ੍ਹਾਂ ਕਿਹਾ ਕਿ 100 ਦੇ ਕਰੀਬ ਐੱਸ ਸੀ ਪਰਿਵਾਰਾਂ ਨੂੰ ਅਲਾਟ ਪਲਾਟਾਂ, ਦਲਿਤਾਂ ਦੇ ਕਾਨੂੰਨੀ ਤੀਸਰੇ ਹਿੱਸੇ ਦੇ ਬਣਦੇ ਹੱਕ ਸਮੇਤ 30 ਏਕੜ ਪੰਚਾਇਤੀ ਜ਼ਮੀਨ ਹੜੱਪਣ ਲਈ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤਾਂ ਕਿ ਇਸ ਜ਼ਮੀਨ ਤੋਂ ਧਿਆਨ ਹਟਾਇਆ ਜਾ ਸਕੇ। ਜਿਸਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ।
ਉੱਧਰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਪੇਂਡੂ ਮਜ਼ਦੂਰਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਐਲਾਨ ਕੀਤਾ ਕਿ ਸਮੂਹ ਜਥੇਬੰਦੀਆਂ ਵਲੋਂ ਗੂੜ੍ਹੀ ਨੀਂਦ ਸੁੱਤੇ ਪੁਲਿਸ ਪ੍ਰਸ਼ਾਸਨ ਨੂੰ ਜਗਾਉਣ ਅਤੇ ਪਰਚਾ ਦਰਜ ਕਰਵਾਉਣ ਲਈ 8 ਅਪ੍ਰੈਲ ਨੂੰ ਕਰਤਾਰਪੁਰ ਵਿਖੇ ਕੀਤੇ ਜਾਣ ਵਾਲੇ ਹਾਈਵੇ ਜਾਮ ਵਿੱਚ ਵੱਡੀ ਗਿਣਤੀ ਪੇਂਡੂ ਮਜ਼ਦੂਰਾਂ ਦੀ ਸ਼ਮੂਲੀਅਤ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਨਿਸ਼ਾਨ ਸਾਹਿਬ ਦੀ ਬੇਅਬਦੀ ਸੰਬੰਧੀ ਪਰਚਾ ਦਰਜ ਕਰਵਾਉਣ, ਦਲਿਤ ਮਜ਼ਦੂਰਾਂ ਨੂੰ ਅਲਾਟ ਪਲਾਟਾਂ,ਪੰਚਾਇਤੀ ਜ਼ਮੀਨ ਚੋਂ ਬਣਦੇ ਤੀਸਰੇ ਹਿੱਸੇ ਦਾ ਕਾਨੂੰਨੀ ਹੱਕ ਦਿਵਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਯੂਨੀਅਨ ਹਰ ਪੱਖ ਤੋਂ ਸਹਿਯੋਗ ਕਰੇਗੀ। ਉਨ੍ਹਾਂ ਭਗਵੰਤ ਮਾਨ ਸਰਕਾਰ,ਹਲਕਾ ਵਿਧਾਇਕ ਅਤੇ ਵਿਰੋਧੀ ਧਿਰ ਦੇ ਆਗੂਆਂ ਦੀ ਸਾਜਿਸ਼ੀ ਚੁੱਪ ਉੱਪਰ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਹਾਕਮ ਜਮਾਤਾਂ ਦੇ ਇਹਨਾਂ ਆਗੂਆਂ ਦੀ ਇਹ ਚੁੱਪ ਦਲਿਤ ਭਾਈਚਾਰੇ ਦੇ ਵਿਰੋਧ ਵਿੱਚ ਖੜ੍ਹੇ ਹੋਣ ਦਾ ਸਬੂਤ ਹੈ। ਦਲਿਤ ਮਜ਼ਦੂਰਾਂ ਨੂੰ ਉਪਰੋਕਤ ਸਿਆਸੀ ਆਗੂਆਂ ਤੋਂ ਭਲੇ ਦੀ ਆਸ ਕਰਨ ਦੀ ਥਾਂ ਜਥੇਬੰਦਕ ਸੰਘਰਸ਼ਾਂ ਉੱਪਰ ਟੇਕ ਰੱਖਣੀ ਚਾਹੀਦੀ ਹੈ।ਪਿੰਡ ਘੁੱਗਸ਼ੋਰ ਵਿਖੇ ਰੈਲੀ ਕਰਕੇ ਹਾਈਵੇ ਜਾਮ ਕਰਨ ਚ ਸ਼ਾਮਲ ਹੋਣ ਦਾ ਪੇਂਡੂ ਮਜ਼ਦੂਰਾਂ ਨੇ ਐਲਾਨ ਕੀਤਾ।