
ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਦੇ 75 ਸਾਲ ਪੂਰੇ ਹੋਣ ‘ਤੇ 19-20 ਮਾਰਚ 2026 ਨੂੰ ਪਲੈਟੀਨਮ ਜੁਬਲੀ ਮਨਾਈ ਜਾ ਰਹੀ ਹੈ।

ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਦੇ 75 ਸਾਲ ਪੂਰੇ ਹੋਣ ‘ਤੇ 19-20 ਮਾਰਚ 2026 ਨੂੰ ਪਲੈਟੀਨਮ ਜੁਬਲੀ ਮਨਾਈ ਜਾ ਰਹੀ ਹੈ। ਇਸ ਵਿਚ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਇਸ ਤੋਂ ਇਲਾਵਾ ਵਿਰਾਸਤੀ ਪਿੰਡ ਅਤੇ ਪੁਸਤਕ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ 12 ਦੇ ਕਰੀਬ ਪਬਲਿਸ਼ਰਾਂ ਨੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਵਿਚ ਸੰਨ 1950 ਨੂੰ ਐਮ.ਏ. ਪੰਜਾਬੀ ਦੀ ਪ੍ਰਭਾਵੀ ਸ਼ੂਰੂਆਤ ਹੋਈ। ਇਸ ਵਿਭਾਗ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿਚ ਨਾਮਵਰ ਸ਼ਖ਼ਸੀਅਤਾਂ ਪੈਦਾ ਕੀਤੀਆਂ ਜਿਸ ਕਰਕੇ ਇਸ ਦਾ ਇਕ ਵਿਲੱਖਣ ਇਤਿਹਾਸ ਹੈ। ਪ੍ਰੋਗਰਾਮ ਦੇ ਪਹਿਲੇ ਦਿਨ ਅੰਤਰ-ਕਾਲਜ ਪ੍ਰਸ਼ਨੋਤਰੀ ਮੁਕਾਬਲੇ, ਪੋਸਟਰ ਮੇਕਿੰਗ, ਕਾਵਿ-ਮੁਕਾਬਲੇ ਕਰਾਉਣ ਦੇ ਨਾਲ-ਨਾਲ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵਿਸ਼ੇਸ਼ ਸਹਿਯੋਗ ਨਾਲ ਕਵੀ-ਦਰਬਾਰ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿਚ ਨਾਮਵਰ ਕਵੀ ਸ਼ਾਮਿਲ ਹੋਏ। ਪ੍ਰੋਗਰਾਮ ਵਿਚ ਪੰਜਾਬੀ ਦੇ ਉੱਘੇ ਕਵੀ, ਆਰਟਿਸਟ, ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਸਵਰਨਜੀਤ ਸਵੀ ਮੁੱਖ-ਮਹਿਮਾਨ ਵਜੋਂ ਅਤੇ ਪ੍ਰਸਿੱਧ ਕਹਾਣੀਕਾਰ ਡਾ. ਵਰਿਆਮ ਸੰਧੂ ਅਤੇ ਦਰਸ਼ਨ ਬੁੱਟਰ ਕਵੀ-ਦਰਬਾਰ ਦੀ ਪ੍ਰਧਾਨਗੀ ਮੰਡਲ ਲਈ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਪ੍ਰੋਗਰਾਮ ਦੇ ਆਗਾਜ਼ ਦੌਰਾਨ ਕਾਲਜ ਦੇ ਮਾਣਯੋਗ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਨਿੱਘੇ ਸ਼ਬਦਾਂ ਨਾਲ ਸਵਾਗਤ ਕੀਤਾ। ਓਹਨਾਂ ਬੋਲਦਿਆਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਦੇ ਇਸ ਪੰਜਾਬੀ ਵਿਭਾਗ ਨਾਲ ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਵਿਸ਼ਵ ਪਧਰ ‘ਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਖੇਤਰ ਵਿਚ ਆਪਣਾ ਨਾਮ ਕਮਾਇਆ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਵਿਭਾਗ ਪੰਜਾਬੀ ਦੇ ਵਿਕਾਸ ਲਈ ਹਰ ਤਰ੍ਹਾਂ ਨਾਲ ਕਾਰਜਸ਼ੀਲ ਰਹਿੰਦਾ ਹੈ ਅਤੇ ਅਸੀਂ ਇਸ ਮਾਣਮੱਤੇ ਵਿਭਾਗ ਦੀ 75ਵੀਂ ਵਰ੍ਹੇਗੰਢ ਮਨਾਉਣ ਦੀ ਖ਼ੁਸ਼ੀ ਲੈ ਰਹੇ ਹਾਂ। ਸਵਰਨਜੀਤ ਸਵੀ ਨੇ ਬੋਲਦਿਆਂ ਕਿਹਾ ਕਿ ਇਸ ਵਿਭਾਗ ਨੇ ਆਪਣੀਆਂ ਕਾਰਗੁਜ਼ਾਰੀਆਂ ਸਦਕਾ ਇਤਿਹਾਸ ਦਾ ਇਕ ਵੱਡਾ ਸਫ਼ਾ ਆਪਣੇ ਨਾਂ ਕੀਤਾ ਹੈ। ਆਪਣੀ ਪਲੈਟੀਨਮ ਜੁਬਲੀ ਮੌਕੇ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨਾਲ ਸੰਬੰਧਿਤ ਪ੍ਰੋਗਰਾਮ ਉਲੀਕਣੇ ਇਸ ਦੀ ਪੰਜਾਬੀ ਦੇ ਵਿਕਾਸ ਲਈ ਸੁਹਿਰਦ ਪਹੁੰਚ ਨੂੰ ਬਿਆਨ ਕਰਦਾ ਹੈ। ਡਾ. ਵਰਿਆਮ ਸੰਧੂ ਨੇ ਕਿਹਾ ਕਿ ਉਹ ਇਸ ਵਿਭਾਗ ਦਾ ਹਿੱਸਾ ਰਹੇ ਹਨ ਜਿਸ ‘ਤੇ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਸਾਹਿਤਕ ਅਤੇ ਕਲਾ ਦੇ ਖੇਤਰ ਵਿਚ ਮੁਹਾਰਤ ਹਾਸਲ ਕਰਨ ਲਈ ਉਤਸਾਹਿਤ ਕੀਤਾ। ਉਹਨਾਂ ਨੇ ਕਾਲਜ ਦੇ ਪ੍ਰਿੰਸੀਪਲ ਅਤੇ ਵਿਭਾਗ ਦੇ ਮੁਖੀ ਡਾ. ਹਰਜਿੰਦਰ ਸਿੰਘ ਸੇਖੋਂ ਨੂੰ ਇਸ ਸ਼ਲਾਘਾਯੋਗ ਕਾਰਜ ਲਈ ਵਧਾਈ ਦਿੱਤੀ। ਇਸ ਦੌਰਾਨ ਪੋਸਟਰ ਮੇਕਿੰਗ ਮੁਕਾਬਲਿਆਂ ਦਾ ਉਦਘਾਟਨ ਪ੍ਰਸਿੱਧ ਕਵਿਤਰੀ ਅਤੇ ਅਦਾਕਾਰਾ ਪਰਮਜੀਤ ਕੌਰ ਦਿਓਲ (ਬ੍ਰੈਂਪਟਨ) ਨੇ, ਕਾਵਿ-ਉਚਾਰਨ ਅਤੇ ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਮਾਣਯੋਗ ਪ੍ਰਿੰਸੀਪਲ ਡਾ. ਰਛਪਾਲ ਸਿੰਘ ਸੰਧੂ ਨੇ, ਪ੍ਰਸ਼ਨੋਤਰੀ ਮੁਕਾਬਲਿਆਂ ਦਾ ਉਦਘਾਟਨ ਡਾ. ਗੋਪਾਲ ਸਿੰਘ ਬੁੱਟਰ ਸਾਬਕਾ ਮੁਖੀ ਪੰਜਾਬੀ ਵਿਭਾਗ ਨੇ,ਵਿਰਾਸਤੀ ਪਿੰਡ ਦਾ ਉਦਘਾਟਨ ਪ੍ਰਸਿੱਧ ਪੰਜਾਬੀ ਕਵੀ ਡਾ. ਕੁਲਵੰਤ ਸਿੰਘ ਔਜਲਾ, ਅਤੇ ਕਵੀ-ਦਰਬਾਰ ਦਾ ਉਦਘਾਟਨ ਸਵਰਨਜੀਤ ਸਵੀ ਜੀ ਨੇ ਕੀਤਾ। ਇਸ ਮੌਕੇ ਵਿਭਾਗ ਦੇ ਵਿਸ਼ੇਸ਼ ਸੱਦੇ ‘ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪ੍ਰਸਿੱਧ ਲੇਖਕ ਸ. ਹਰਜਿੰਦਰ ਸਿੰਘ, ਪੰਜਾਬੀ ਕਵੀ ਬਲਵਿੰਦਰ ਸਿੰਘ ਸੰਧੂ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਗਏ ਕਵੀ-ਦਰਬਾਰ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਡਾ. ਵਰਿਆਮ ਸੰਧੂ ਨੇ ਕੀਤੀ ਜਿਸ ਵਿਚ 23 ਦੇ ਕਰੀਬ ਪ੍ਰਸਿੱਧ ਕਵੀਆਂ ਨੇ ਹਿੱਸਾ ਲਿਆ। ਇਹਨਾਂ ਵਿਚ ਦਰਸ਼ਨ ਬੁੱਟਰ, ਲਖਵਿੰਦਰ ਜੌਹਲ, ਤਰਲੋਚਨ ਲੋਚੀ, ਵਿਸ਼ਾਲ, ਦੀਪਕ ਚਨਾਰਧਨ, ਮੱਖਣ ਕੋਹਾੜ, ਜਗਵਿੰਦਰ ਯੋਧਾ, ਪਰਮਜੀਤ ਕੌਰ ਦਿਓਲ, ਸੁਸ਼ੀਲ ਦੁਸਾਂਝ, ਬਲਵਿੰਦਰ ਸੰਧੂ, ਮਨਜਿੰਦਰ ਧਨੋਆ, ਸੁਰਿੰਦਰ ਗਿੱਲ, ਜੈਪਾਲ, ਐਸ ਨਸੀਮ ਸ਼ਿਵਦੱਤ ਸ਼ਰਮਾ, ਰਾਜਵੰਤ ਕੌਰ ਸੰਧੂ, ਬਲਜੀਤ ਬੱਲ,ਅਤੇ ਹਰਜਿੰਦਰ ਕੰਗ ਸਮੇਤ ਹੋਰ ਵੀ ਬਹੁਤ ਸਾਰੇ ਨਾਮਵਰ ਕਵੀਆਂ ਨੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਨਾਲ ਹਾਜ਼ਰੀ ਲਵਾਈ। ਵੱਖ-ਵੱਖ ਮੁਕਾਬਲਿਆ ਵਿਚ ਪੋਸਟਰ-ਮੇਕਿੰਗ ਵਿਚੋਂ ਨੰਦਨੀ (ਲਾਇਲਪੁਰ ਖ਼ਾਲਸਾ ਕਾਲਜ (ਲੜਕੀਆਂ) ਨੇ ਪਹਿਲਾ, ਨਵਲੀਨ ਕੌਰ ਡੀ.ਏ.ਵੀ ਕਾਲਜ ਹੁਸ਼ਿਆਰਪੁਰ ਨੇ ਦੂਜਾ ਅਤੇ ਮਹਿਮਾ, ਟ੍ਰਿਨਟੀ ਕਾਲਜ ਜਲੰਧਰ ਨੇ ਤੀਜਾ ਸਥਾਨ ਹਾਸਿਲ ਕੀਤਾ। ਕਾਵਿ-ਉਚਾਰਨ ਵਿਚੋਂ ਗੁਰਲੀਨ ਚਾਨਾ ਹੰਸ ਰਾਜ ਮਹਿਲਾ ਮਹਾਂ-ਵਿਦਿਆਲਿਆ ਜਲੰਧਰ ਨੇ ਪਹਿਲਾ ਸਥਾਨ, ਤੁਸ਼ਾਰ ਚੱਡਾ ਡੀ. ਏ. ਵੀ. ਕਾਲਜ ਜਲੰਧਰ ਨੇ ਦੂਜਾ ਸਥਾਨ ਅਤੇ ਕਮਲਜੀਤ ਕੌਰ, ਕਮਲਾ ਨਹਿਰੂ ਕਾਲਜ (ਲੜਕੀਆਂ) ਫਗਵਾੜਾ ਨੇ ਤੀਜਾ ਸਥਾਨ ਹਾਸਿਲ ਕੀਤਾ ਜਦਕਿ ਪ੍ਰਸ਼ਨੋਤਰੀ ਮੁਕਾਬਲੇ ‘ਚੋਂ ਲਾਇਲਪੁਰ ਖ਼ਾਲਸਾ ਕਾਲਜ ਦੀ ਟੀਮ (ਕ੍ਰਿਸ਼ ਡਡਵਾਲ, ਰੋਹਿਨ ਸ਼ਰਮਾ ਅਤੇ ਬਲਤੇਜ ਸਿੰਘ) ਨੇ ਪਹਿਲਾ, ਗੌਰਮਿੰਟ ਆਰਟਸ ਅਤੇ ਸਪੋਰਟਸ ਕਾਲਜ ਜਲੰਧਰ ਦੀ ਟੀਮ (ਨਸਰੀਨ, ਗੌਰਵ ਚੌਹਾਨ ਅਤੇ ਰਿੰਕੂ )ਨੇ ਦੂਜਾ ਅਤੇ ਲਾਇਲਪੁਰ ਖ਼ਾਲਸਾ ਕਾਲਜ (ਲੜਕੀਆਂ) ਆਫ਼ ਐਜੂਕੇਸ਼ਨ (ਨੇਹਾ, ਹਰਸਿਮਰਨ ਕੌਰ ਅਤੇ ਵਿਸ਼ਵਦੀਪ ਕੌਰ ) ਨੇ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਵਲੋਂ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਆਂ ਨੂੰ ਸਰਟੀਫ਼ਿਕੇਟ ਅਤੇ ਨਕਦ ਇਨਾਮ ਵੀ ਤਕਸੀਮ ਕੀਤੇ ਜਦਕਿ ਭਾਗ ਲੈਣ ਵਾਲੇ ਬਾਕੀ ਸਾਰੇ ਵਿਦਿਆਰਥੀਆਂ ਨੂੰ ਸਰਟੀਫ਼ਿਕੇਟ ਦਿੱਤੇ ਗਏ। ਇਹਨਾਂ ਮੁਕਾਬਲਿਆਂ ‘ਚ ਪੋਸਟਰ ਮੇਕਿੰਗ ਲਈ ਡਾ. ਰੁਪਾਲੀ ਰਾਜ਼ਦਾਨ, ਡਾ. ਅਜੀਤਪਾਲ ਸਿੰਘ ਅਤੇ ਪ੍ਰੋ. ਸੋਨੀਆ ਨੇ, ਕਾਵਿ-ਉਚਾਰਨ ਪ੍ਰਤੀਯੋਗਤਾ ਲਈ ਡਾ. ਗੁਰਬਚਨ ਕੌਰ ਦੁਆ, ਡਾ. ਭਾਵਨਾ ਅਤੇ ਪ੍ਰੋ. ਸੰਦੀਪ ਸਿੰਘ ਨੇ ਬਤੌਰ ਜੱਜ ਦੀ ਭੂਮਿਕਾ ਨਿਭਾਈ। ਅੰਤ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਹਰਜਿੰਦਰ ਸਿੰਘ ਸੇਖੋਂ ਨੇ ਆਏ ਹੋਏ ਸਮੂਹ ਮਹਿਮਾਨਾਂ, ਅਧਿਆਪਕਾਂ, ਮੀਡੀਆ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਤੇ ਮੁਖੀ ਡਾ. ਕੁਲਵੰਤ ਸਿੰਘ ਸੰਧੂ, ਪ੍ਰੋ. ਕੁਲਦੀਪ ਕੌਰ ਦੋਸਾਂਝ, ਕਾਲਜ ਦੇ ਸਮੂਹ ਵਿਭਾਗਾਂ ਦੇ ਮੁਖੀ, ਡੀਨ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਸ਼ਾਮਿਲ ਸਨ।



