

ਜਲੰਧਰ (18.07.2026) – ਬੱਚਿਆਂ ਨੂੰ ਘਾਤਕ ਬੀਮਾਰੀਆਂ ਤੋਂ ਸੁਰੱਖਿਅਤ ਰੱਖਣ ਅਤੇ ਜਿਲ੍ਹੇ ਨੂੰ ਖਸਰਾ-ਰੂਬੈਲਾ ਮੁਕਤ ਬਣਾਉਣ ਦੇ ਮਨੋਰਥ ਨਾਲ ਸਿਹਤ ਵਿਭਾਗ ਲਗਾਤਾਰ ਯਤਨਸ਼ੀਲ ਹੈ ਅਤੇ ਇਸਦੇ ਮੱਦੇਨਜਰ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਉਣ ਵਾਲੇ ਸੋਮਵਾਰ, 20 ਜੁਲਾਈ ਤੋਂ 25 ਜੁਲਾਈ 2026 ਤੱਕ ਪੂਰੇ ਜ਼ਿਲ੍ਹੇ ਵਿੱਚ ਵਿਸ਼ੇਸ਼ ‘ਮੀਜ਼ਲਜ਼-ਰੂਬੈਲਾ (MR) ਕੈਚ-ਅੱਪ ਰਾਊਂਡ’ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਬੱਚੇ ਨਿਯਮਤ ਟੀਕਾਕਰਨ ਦੌਰਾਨ ਮੀਜ਼ਲਜ਼-ਰੂਬੈਲਾ (MR) ਦੀ ਵੈਕਸੀਨ ਲੈਣ ਤੋਂ ਕਿਸੇ ਵੀ ਕਾਰਨ ਵਾਂਝੇ ਰਹਿ ਗਏ ਹਨ, ਉਹਨਾਂ ਬੱਚਿਆਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਇਹ ਛੇ-ਰੋਜ਼ਾ ਵਿਸ਼ੇਸ਼ ਮੁਹਿੰਮ ਉਲੀਕੀ ਗਈ ਹੈ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਬੀਮਾਰੀ ਦੀ ਗੰਭੀਰਤਾ ਉੱਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਮੀਜ਼ਲਜ਼ (ਖਸਰਾ) ਇੱਕ ਬਹੁਤ ਹੀ ਤੇਜ਼ੀ ਨਾਲ ਫੈਲਣ ਵਾਲੀ ਛੂਤ ਦੀ ਬੀਮਾਰੀ ਹੈ, ਜੋ ਬੱਚਿਆਂ ਵਿੱਚ ਅੰਨ੍ਹੇਪਣ, ਨਿਮੋਨੀਆ ਅਤੇ ਦਿਮਾਗੀ ਬੁਖਾਰ ਵਰਗੀਆਂ ਜਾਨਲੇਵਾ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਸੇ ਤਰ੍ਹਾਂ ਰੂਬੈਲਾ ਵੀ ਇੱਕ ਖ਼ਤਰਨਾਕ ਵਾਇਰਲ ਬੀਮਾਰੀ ਹੈ, ਜੋ ਨਵਜਨਮੇ ਬੱਚੇ ਵਿੱਚ ਜਮਾਂਦਰੂ ਨੁਕਸ (ਦਿਲ ਦੇ ਰੋਗ, ਬੋਲਾਪਣ ਅਤੇ ਅੰਨ੍ਹਾਪਣ) ਪੈਦਾ ਕਰ ਸਕਦੀ ਹੈ। ਇਨ੍ਹਾਂ ਦੋਵਾਂ ਨਾਮੁਰਾਦ ਬੀਮਾਰੀਆਂ ਤੋਂ ਬਚਾਅ ਦਾ ਇੱਕੋ-ਇੱਕ ਪ੍ਰਭਾਵਸ਼ਾਲੀ ਸਾਧਨ ਸਹੀ ਸਮੇਂ ‘ਤੇ ਐਮ.ਆਰ. (MR) ਦਾ ਟੀਕਾਕਰਨ ਕਰਵਾਉਣਾ ਹੈ।
ਸਿਵਲ ਸਰਜਨ ਨੇ ਸਪੱਸ਼ਟ ਕੀਤਾ ਕਿ ਸਰਕਾਰੀ ਟੀਕਾਕਰਨ ਸਾਰਣੀ ਅਨੁਸਾਰ ਇਸ ਵੈਕਸੀਨ ਦੀਆਂ ਦੋ ਖ਼ੁਰਾਕਾਂ ਦਿੱਤੀਆਂ ਜਾਂਦੀਆਂ ਹਨ, ਜਿਸ ਵਿੱਚ ਪਹਿਲੀ ਖ਼ੁਰਾਕ (MR-1) 9 ਤੋਂ 12 ਮਹੀਨੇ ਦੇ ਬੱਚੇ ਨੂੰ ਅਤੇ ਦੂਜੀ ਖ਼ੁਰਾਕ (MR-2) 16 ਤੋਂ 24 ਮਹੀਨੇ ਦੇ ਬੱਚੇ ਨੂੰ ਲਗਾਈ ਜਾਂਦੀ ਹੈ। ਉਨ੍ਹਾਂ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅਕਸਰ ਦੇਖਿਆ ਗਿਆ ਹੈ ਕਿ ਮਾਪੇ ਪਹਿਲਾ ਟੀਕਾ ਤਾਂ ਲਗਵਾ ਲੈਂਦੇ ਹਨ ਪਰ ਦੂਜੀ ਖ਼ੁਰਾਕ (MR-2) ਲਗਵਾਉਣੀ ਭੁੱਲ ਜਾਂਦੇ ਹਨ, ਜਿਸ ਕਾਰਨ ਬੱਚੇ ਬੀਮਾਰੀ ਦੇ ਜੋਖਮ ਹੇਠ ਹੀ ਰਹਿੰਦੇ ਹਨ। ਇਸ ਲਈ ਇਸ ਮੁਹਿੰਮ ਦੌਰਾਨ ਅਜਿਹੇ ਸਾਰੇ ਛੁੱਟ ਗਏ (dropout) ਬੱਚਿਆਂ ਨੂੰ ਕਵਰ ਕੀਤਾ ਜਾਵੇਗਾ।
ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਸਿਮਰਨਜੀਤ ਕੌਰ ਨੇ ਦੱਸਿਆ ਕਿ ‘ਮੀਜ਼ਲਜ਼-ਰੂਬੈਲਾ (MR) ਕੈਚ-ਅੱਪ ਰਾਊਂਡ’ ਮੁਹਿੰਮ ਨੂੰ ਸਫਲ ਬਣਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ (ANMs, ASHAs ਅਤੇ ਆਂਗਣਵਾੜੀ ਵਰਕਰਾਂ) ਵੱਲੋਂ ਘਰ-ਘਰ ਜਾ ਕੇ ਯੋਗ ਬੱਚਿਆਂ ਦੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ। ਵਿਸ਼ੇਸ਼ ਤੌਰ ‘ਤੇ ਉੱਚ ਜੋਖਮ ਵਾਲੇ ਖੇਤਰਾਂ (High-Risk Areas) ਜਿਵੇਂ ਕਿ ਸਰਹੱਦੀ ਪਿੰਡ, ਪ੍ਰਵਾਸੀ ਮਜ਼ਦੂਰਾਂ ਦੀਆਂ ਬਸਤੀਆਂ, ਇੱਟਾਂ ਦੇ ਭੱਠੇ, ਉਸਾਰੀ ਅਧੀਨ ਥਾਵਾਂ ਅਤੇ ਸ਼ਹਿਰੀ ਸਲੱਮ ਏਰੀਆ ‘ਤੇ ਵੱਧ ਫੋਕਸ ਰੱਖਿਆ ਜਾਵੇਗਾ ਤਾਂ ਜੋ ਕੋਈ ਵੀ ਝੁੱਗੀ-ਝੌਂਪੜੀ ਜਾਂ ਦੂਰ-ਦੁਰਾਡੇ ਖੇਤਰ ਦਾ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਸਮੂਹ ਜ਼ਿਲ੍ਹਾ ਨਿਵਾਸੀਆਂ, ਮਾਪਿਆਂ, ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ ਇਸ ਮੁਹਿੰਮ ਵਿੱਚ ਸਿਹਤ ਵਿਭਾਗ ਦਾ ਪੂਰਨ ਸਹਿਯੋਗ ਕਰਨ। ਉਨ੍ਹਾਂ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਬੱਚਿਆਂ ਦੇ ਟੀਕਾਕਰਨ ਕਾਰਡਾਂ ਦੀ ਜਾਂਚ ਕਰਨ ਅਤੇ ਜੇਕਰ 9 ਮਹੀਨੇ ਤੋਂ 2 ਸਾਲ ਤੱਕ ਦੇ ਕਿਸੇ ਵੀ ਬੱਚੇ ਦੀ ਮੀਜ਼ਲਜ਼-ਰੂਬੈਲਾ ਦੀ ਕੋਈ ਵੀ ਖ਼ੁਰਾਕ ਰਹਿੰਦੀ ਹੈ, ਤਾਂ 20 ਤੋਂ 25 ਜੁਲਾਈ ਦਰਮਿਆਨ ਆਪਣੇ ਨਜ਼ਦੀਕੀ ਸਿਹਤ ਕੇਂਦਰ ਜਾਂ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਵਿੱਚ ਜਾ ਕੇ ਇਹ ਟੀਕਾ ਜੋ ਕਿ ਬਿਲਕੁਲ ਮੁਫ਼ਤ ਲਗਾਇਆ ਜਾ ਰਿਹਾ ਹੈ ਜ਼ਰੂਰ ਲਗਵਾਉਣ, ਕਿਉਂਕਿ ਸਿਹਤਮੰਦ ਬੱਚੇ ਹੀ ਸਿਹਤਮੰਦ ਸਮਾਜ ਦੀ ਨੀਂਹ ਹਨ।