Sliderपंजाब

ਡਿਪਟੀ ਕਮਿਸ਼ਨਰ ਨੇ ਐਸ.ਆਈ.ਆਰ. ਤਹਿਤ ਜਲੰਧਰ ’ਚ ਚੱਲ ਰਹੇ ਘਰ-ਘਰ ਸਰਵੇਖਣ ਦਾ ਲਿਆ ਜਾਇਜ਼ਾ, ਵੱਖ-ਵੱਖ ਇਲਾਕਿਆਂ ਦਾ ਕੀਤਾ ਦੌਰਾ*

ਜਲੰਧਰ, 25 ਜੂਨ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਨੇ ਅੱਜ ਵੋਟਰ ਸੂਚੀਆਂ ਦੀ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ.)-2026 ਤਹਿਤ ਸ਼ੁਰੂ ਹੋਏ ਇਕ ਮਹੀਨਾ ਚੱਲਣ ਵਾਲੇ ਘਰ-ਘਰ ਸਰਵੇਖਣ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਜਲੰਧਰ-1 ਸ਼ੁਭੀ ਆਂਗਰਾ ਵੀ ਮੌਜੂਦ ਸਨ।

ਆਪਣੇ ਦੌਰੇ ਦੌਰਾਨ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਵਾਲੀਆ ਨੇ ਉਨ੍ਹਾਂ ਨੂੰ ਐਸ.ਆਈ.ਆਰ. ਦੇ ਉਦੇਸ਼ ਅਤੇ ਪ੍ਰਕਿਰਿਆ ਤੋਂ ਜਾਣੂ ਕਰਵਾਇਆ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਐਸ.ਆਈ.ਆਰ. ਦਾ ਉਦੇਸ਼ ਵੋਟਰ ਸੂਚੀਆਂ ਨੂੰ ਸਹੀ, ਪਾਰਦਰਸ਼ੀ ਅਤੇ ਅੱਪਡੇਟ ਬਣਾਉਣਾ ਹੈ। ਉਨ੍ਹਾਂ ਵੋਟਰਾਂ ਨੂੰ ਦੱਸਿਆ ਕਿ ਬੀ.ਐਲ.ਓਜ਼. ਵੱਲੋਂ ਪਹਿਲਾਂ ਤੋਂ ਛਪੇ ਹੋਏ ਗਣਨਾ ਫਾਰਮ ਦਿੱਤੇ ਜਾਣਗੇ, ਜਿਨ੍ਹਾਂ ਨੂੰ ਭਰ ਕੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਜਮ੍ਹਾ ਕਰਵਾਉਣਾ ਹੋਵੇਗਾ।

ਉਨ੍ਹਾਂ ਕਿਹਾ ਕਿ ਫਾਰਮ ਦੀ ਦਸਤਖ਼ਤ ਕੀਤੀ ਇਕ ਕਾਪੀ ਬੀ.ਐਲ.ਓ. ਵੱਲੋਂ ਪ੍ਰਾਪਤ ਕੀਤੀ ਜਾਵੇਗੀ, ਜਦਕਿ ਦੂਜੀ ਕਾਪੀ ’ਤੇ ਬੀ.ਐਲ.ਓ. ਦੇ ਦਸਤਖ਼ਤ ਹੋਣਗੇ ਅਤੇ ਵੋਟਰ ਨੂੰ ਉਸਨੂੰ ਰਸੀਦ ਵਜੋਂ ਰੱਖ ਸਕਣਗੇ। ਫਾਰਮ ਨੂੰ ਵੋਟਰ ਜਾਂ ਘਰ ਦੇ ਕਿਸੇ ਵੀ ਬਾਲਗ ਮੈਂਬਰ ਵੱਲੋਂ ਭਰਿਆ ਅਤੇ ਜਮ੍ਹਾ ਕੀਤਾ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਘਰ ਨੂੰ ਤਾਲਾ ਲੱਗਿਆ ਹੋਵੇਗਾ ਜਾਂ ਵੋਟਰ ਘਰ ਉਪਲਬਧ ਨਹੀਂ ਹੋਣਗੇ ਤਾਂ ਬੀ.ਐਲ.ਓ. ਉਸ ਘਰ ਘੱਟੋ-ਘੱਟ ਤਿੰਨ ਵਾਰ ਦੌਰਾ ਕਰਨਗੇ।

ਡਿਪਟੀ ਕਮਿਸ਼ਨਰ ਨੇ ਸਰਵੇਖਣ ਵਿੱਚ ਲੱਗੇ ਬੀ.ਐਲ.ਓਜ਼ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਨੂੰ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਸ ਵਿਆਪਕ ਅਭਿਆਨ ਵਿੱਚ ਬੀ.ਐਲ.ਓਜ਼ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ ਕਿ ਕੋਈ ਵੀ ਯੋਗ ਵੋਟਰ ਇਸ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ।

ਉਨ੍ਹਾਂ ਦੱਸਿਆ ਕਿ ਘਰ-ਘਰ ਸਰਵੇਖਣ 25 ਜੂਨ ਤੋਂ 24 ਜੁਲਾਈ 2026 ਤੱਕ ਜਾਰੀ ਰਹੇਗਾ। ਜਿਨ੍ਹਾਂ ਵੋਟਰਾਂ ਦੇ ਗਣਨਾ ਫਾਰਮ ਪ੍ਰਾਪਤ ਹੋ ਜਾਣਗੇ, ਉਨ੍ਹਾਂ ਦੇ ਨਾਮ 3 ਅਗਸਤ 2026 ਨੂੰ ਪ੍ਰਕਾਸ਼ਿਤ ਹੋਣ ਵਾਲੀ ਡ੍ਰਾਫ਼ਟ ਵੋਟਰ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ। ਡ੍ਰਾਫ਼ਟ ਵੋਟਰ ਸੂਚੀ ’ਤੇ ਦਾਅਵੇ ਅਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ 2026 ਤੱਕ ਦਾਇਰ ਕੀਤੇ ਜਾ ਸਕਣਗੇ ਜਦਕਿ ਨੋਟਿਸ ਪੜਾਅ/ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ 28 ਸਤੰਬਰ 2026 ਤੱਕ ਕੀਤਾ ਜਾਵੇਗਾ। ਅੰਤਿਮ ਵੋਟਰ ਸੂਚੀ 1 ਅਕਤੂਬਰ, 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਆਪਣੇ ਵੇਰਵਿਆਂ ਦੀ ਤਸਦੀਕ ਕਰਨ, ਸਮੇਂ ਸਿਰ ਦਸਤਾਵੇਜ਼ ਮੁਹੱਈਆ ਕਰਵਾਉਣ ਅਤੇ ਗੁੰਮਰਾਹਕੁੰਨ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ। ਵਧੇਰੇ ਜਾਣਕਾਰੀ ਲਈ ਨਾਗਰਿਕ ਚੋਣ ਕਮਿਸ਼ਨ ਦੀ ਟੋਲ-ਫ੍ਰੀ ਹੈਲਪਲਾਈਨ 1950 ‘ਤੇ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਸੰਪਰਕ ਕਰ ਸਕਦੇ ਹਨ।

Related Articles

Back to top button